ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸਰਕਾਰ ਖਿਲਾਫ ਵਿਰੋਧੀ ਧਿਰ ਵਲੋਂ ਲਿਆਂਦੇ ਗਏ ਬੇਭਰੋਸਗੀ ਮਤੇ ‘ਤੇ ਤਿੱਖਾ ਹਮਲਾ ਕਰਦੇ ਹੋਏ ਵੀਰਵਾਰ ਨੂੰ ਲੋਕ ਸਭਾ ਵਿਚ ਕਿਹਾ ਕਿ ਵਿਰੋਧੀ ਪਾਰਟੀਆਂ ਦਾ ਇਹ ਬੇਭਰੋਸਗੀ ਮਤਾ ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀ ਜਮਹੂਰੀ ਗਠਜੋੜ ਦੇ ਲਈ ਸ਼ੁਭ ਹੈ। ਸਦਨ ਵਿਚ ਬੇਭਰੋਸਗੀ ਮਤੇ ‘ਤੇ ਹੋਈ ਚਰਚਾ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਬੇਭਰੋਸਗੀ ਮਤੇ ਰਾਹੀਂ ਇਹ ਤੈਅ ਹੋ ਗਿਆ ਹੈ ਕਿ ਲੋਕ ਪਿਛਲੀਆਂ ਸਾਰੀਆਂ ਚੋਣਾਂ ਦਾ ਰਿਕਾਰਡ ਤੋੜਦੇ ਹੋਏ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਅਤੇ ਐਨ.ਡੀ.ਏ ਨੂੰ ਬਹੁਮਤ ਦੇਣਗੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਖ਼ੁਦ ਦੇ ਖਾਤੇ ਵਿਗੜੇ ਹਨ, ਉਹ ਸਾਡੇ ਕੋਲੋਂ ਹਿਸਾਬ ਮੰਗਦੇ ਹਨ। ਵਿਰੋਧੀ ਧਿਰ ਬਿਨ੍ਹਾਂ ਤਿਆਰੀ ਦੇ ਆ ਜਾਂਦੀ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਵਿਰੋਧੀ ਧਿਰ ਨੇ ਬਿੱਲਾਂ ‘ਤੇ ਚਰਚਾ ‘ਚ ਹਿੱਸਾ ਨਾ ਲੈ ਕੇ ਦੇਸ਼ ਦੇ ਲੋਕਾਂ ਨਾਲ ਧੋਖਾ ਕੀਤਾ ਹੈ।
ਵਿਰੋਧੀ ਧਿਰ ਦੇ ਪਿਛਲੇ ਅਵਿਸ਼ਵਾਸ ਪ੍ਰਸਤਾਵ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ ਕਿ 2018 ‘ਚ ਮੈਂ ਕਿਹਾ ਸੀ ਕਿ ਇਹ ਬੇਭਰੋਸਗੀ ਮਤਾ ਸਾਡੀ ਸਰਕਾਰ ਦਾ ਫਲੋਰ ਟੈਸਟ ਨਹੀਂ ਹੈ, ਸਗੋਂ ਉਨ੍ਹਾਂ (ਵਿਰੋਧੀ) ਦਾ ਇਮਤਿਹਾਨ ਹੈ। ਜਦੋਂ ਵੋਟਿੰਗ ਹੋਈ ਤਾਂ ਵਿਰੋਧੀ ਧਿਰ ਕੋਲ ਜਿੰਨੀਆਂ ਵੋਟਾਂ ਸਨ, ਉਹ ਓਨੀਆਂ ਵੋਟਾਂ ਵੀ ਇਕੱਠੀਆਂ ਨਹੀਂ ਕਰ ਸਕੀ। ਉਨ੍ਹਾਂ ਕਿਹਾ, “ਜਦੋਂ ਅਸੀਂ (2019 ਵਿੱਚ) ਜਨਤਾ ਵਿੱਚ ਗਏ, ਤਾਂ ਜਨਤਾ ਨੇ ਵੀ ਪੂਰੀ ਤਾਕਤ ਨਾਲ ਇਨ੍ਹਾਂ ਵਿੱਚ ਅਵਿਸ਼ਵਾਸ ਦਾ ਐਲਾਨ ਕੀਤਾ। ਐਨਡੀਏ ਨੂੰ ਵੀ ਜ਼ਿਆਦਾ ਸੀਟਾਂ ਮਿਲੀਆਂ ਅਤੇ ਭਾਜਪਾ ਨੂੰ ਵੀ ਜ਼ਿਆਦਾ ਸੀਟਾਂ ਮਿਲੀਆਂ।