ਨਵੀਂ ਦਿੱਲੀ : ਮਸ਼ਹੂਰ ਗਾਇਕ ਭੁਪਿੰਦਰ ਸਿੰਘ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਪੂਰੀ ਫ਼ਿਲਮ ਇੰਡਸਟਰੀ ’ਚ ਸੋਗ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਦੀ ਮੌਤ ਦੀ ਸੂਚਨਾ ਉਨ੍ਹਾਂ ਦੀ ਪਤਨੀ ਮਿਤਾਲੀ ਸਿੰਘ ਨੇ ਦਿੱਤੀ ਹੈ। ਉਨ੍ਹਾਂ ਦੀ ਪਤਨੀ ਨੇ ਕਿਹਾ, ਉਹ ਪਿਛਲੇ ਕੁਝ ਸਮੇਂ ਤੋਂ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਸਨ। ਭੁਪਿੰਦਰ ਸਿੰਘ ਨੂੰ ਦਸ ਦਿਨ ਪਹਿਲਾਂ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੇ ਪੇਟ ਵਿਚ ਇਨਫੈਕਸ਼ਨ ਸੀ। ਇਸੇ ਦੌਰਾਨ ਉਨ੍ਹਾਂ ਕੋਰੋਨਾ ਵੀ ਹੋ ਗਿਆ। ਸੋਮਵਾਰ ਸਵੇਰੇ ਉਨ੍ਹਾਂ ਦੀ ਹਾਲਤ ਵਿਗੜ ਗਈ। ਉਨ੍ਹਾਂ ਵੈਂਟੀਲੈਟਰ ’ਤੇ ਰੱਖਣਾ ਪਿਆ। ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਤੇ ਸ਼ਾਮ ਪੌਣੇ 8 ਵਜੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉੱਘੇ ਗਾਇਕ ਭੁਪਿੰਦਰ ਸਿੰਘ ਦਾ ਜਨਮ 6 ਫਰਵਰੀ 1940 ਨੂੰ ਅੰਮ੍ਰਿਤਸਰ, ਪੰਜਾਬ ਵਿਚ ਹੋਇਆ ਸੀ। ਉਸ ਨੇ ਗਾਇਕੀ ਦੀ ਸ਼ੁਰੂਆਤੀ ਸਿੱਖਿਆ ਆਪਣੇ ਪਿਤਾ ਨੱਥਾ ਸਿੰਘ ਤੋਂ ਪ੍ਰਾਪਤ ਕੀਤੀ।