ਚੰਡੀਗੜ (ਪ੍ਰੀਤਮ ਲੁਧਿਆਣਵੀ),- ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਜੁਲਾਈ ਮਹੀਨੇ ਦੀ ਇਕੱਤਰਤਾ ਬੀਤੇ ਦਿਨ ਕੋਸੋ ਹਾਲ ਵਿੱਚ ਸੁਰਿੰਦਰ ਗੀਤ, ਜਰਨੈਲ ਸਿੰਘ ਤੱਗੜ ਤੇ ਭਾਰਤ ਤੋਂ ਕੈਲਗਰੀ ਦੀ ਧਰਤ ’ਤੇ ਪੁੱਜੇ ਮਹਿਮਾਨ ਲਿਖਾਰੀ ਭੁਪਿੰਦਰ ਭਾਗੋਮਾਜਰਾ ਦੀ ਪ੍ਰਧਾਨਗੀ ਵਿੱਚ ਹੋਈ। ਜਿਸ ਵਿੱਚ ਭੁਪਿੰਦਰ ਭਾਗੋਮਾਜਰਾ ਹੋਰਾਂ ਦੀ ਕਾਵਿ-ਪੁਸਤਕ ‘ਨਾ ਵੇ ਸ਼ਾਸਕਾ’ ਬੜੇ ਧੂਮ-ਧੜੱਕੇ ਨਾਲ ਲੋਕ ਅਰਪਣ ਕੀਤੀ ਗਈ। ਜਗਦੇਵ ਸਿੱਧੂ ਹੋਰਾਂ ਨੇ ਇਸ ਪੁਸਤਕ ਸੰਬੰਧੀ ਪਰਚਾ ਪੜਦਿਆਂ ਕਿਹਾ ਕਿ ਭੁਪਿੰਦਰ ਭਾਗੋਮਾਜਰਾ ਲੋਕਾਂ ਦਾ ਕਵੀ ਹੈ ਅਤੇ ਲੋਕਾਂ ਦੀ ਗੱਲ ਕਰਦਾ ਹੈ। ਉਹ ਆਪਣੀ ਤਿੱਖੀ ਸੂਝ ਬੂਝ ਰਾਹੀਂ ਲੋਕਾਂ ਨੂੰ ਖਾਸ ਕਰਕੇ ਪੰਜਾਬ ਦੇ ਲੋਕਾਂ ਦੇ ਪੇਸ਼ ਆਉਂਦੀਆਂ ਮੁਸ਼ਕਿਲਾਂ ’ਤੇ ਉਂਗਲ ਧਰਦਾ ਹੈ। ਸਮੇਂ ਦੀਆਂ ਸਰਕਾਰਾਂ ਨੂੰ ਆਪਣੇ ਗੀਤਾਂ ਰਾਹੀਂ ਵੰਗਾਰਦਾ ਹੈ। ਉਸਦੇ ਗੀਤਾਂ ਤੋਂ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਉਸ ਦੇ ਅੰਦਰ ਇਕ ਅੱਗ ਹੈ ਜੋ ਹਰ ਤਰਾਂ ਦੀਆਂ ਸਮਾਜਿਕ, ਧਾਰਮਿਕ ਤੇ ਰਾਜਨੀਤਕ ਬੁਰਾਈਆਂ ਨੂੰ ਆਪਣੇ ਸੇਕ ਵਿੱਚ ਸਾੜਨਾ ਚਾਹੁੰਦੀ ਹੈ। ਉਸਦੇ ਗੀਤਾਂ ਦੇ ਬੋਲ ਇਸ ਗੱਲ ਦੀ ਹਾਮੀ ਭਰਦੇ ਹਨ ਕਿ ਉਹ ਜੇਕਰ ਇਸੇ ਤਰਾਂ ਹੀ ਸੋਚਦਾ ਵਿਚਾਰਦਾ ਰਿਹਾ ਤਾਂ ਲੋਕ ਕਵੀ ਸੰਤ ਰਾਮ ਉਦਾਸੀ ਵਰਗੇ ਗੀਤਾਂ ਦੀ ਸਿਰਜਣਾ ਕਰ ਸਕਦਾ ਹੈ। ਪੰਜਾਬੀ ਸਾਹਿਤ ਸਭਾ ਦੇ ਸਾਰੇ ਮੈਂਬਰਾਂ ਨੇ ਗੀਤਕਾਰ ਭਾਗੋਮਾਜਰਾ ਨੂੰ ਵਧਾਈ ਦਿੰਦਿਆਂ ਕਿਹਾ ਉਸਦੀ ਕਲਮ ਤੋਂ ਪੰਜਾਬੀ ਸਾਹਿਤ ਜਗਤ ਨੂੰ ਵਧੇਰੇ ਆਸਾਂ ਹਨ।
ਸੁਰਿੰਦਰ ਗੀਤ ਤੇ ਗੁਰਦਿਆਲ ਸਿੰਘ ਖਹਿਰਾ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਗੋਮਾਜਰਾ ਨੇ ਏਸੇ ਕਿਤਾਬ ’ਚੋਂ ਕੁਝ ਗੀਤ ਬੜੀ ਉੱਚੀ, ਦਮਦਾਰ ਤੇ ਸੁਰੀਲੀ ਆਵਾਜ਼ ਅਤੇ ਆਪਣੇ ਵੱਖਰੇ ਅੰਦਾਜ਼ ਵਿੱਚ ਸੁਣਾਏ। ਇਸ ਕਿਤਾਬ ਬਾਰੇ ਖੁਲੇ ਵਿਚਾਰ ਵਿਟਾਦਰੇ ਤੋਂ ਇਲਾਵਾ ਰਚਨਾਵਾਂ ਦੇ ਦੌਰ ਵਿੱਚ ਜਗਜੀਤ ਸਿੰਘ ਰੈਂਹਸੀ ਨੇ ਉਰਦੂ ਪੰਜਾਬੀ ਦੇ ਚੋਣਵੇਂ ਸ਼ਿਅਰ, ਸਰਬਜੀਤ ਕੌਰ ਉੱਪਲ ਨੇ ਡਾ. ਦਵਿੰਦਰ ਸੈਫ਼ੀ ਦੀ ਲਿਖੀ ਕਵਿਤਾ, ਜਰਨੈਲ ਸਿੰਘ ਤੱਗੜ ਨੇ ਕਵਿਤਾ, ਸ਼ਿਵ ਕੁਮਾਰ ਸ਼ਰਮਾ ਨੇ ਕਵਿਤਾ ਰਾਹੀਂ ਹਾਜ਼ਰੀ ਲਗਵਾਈ। ਸੁਖਮਿੰਦਰ ਸਿੰਘ ਤੂਰ ਨੇ ਗੁਰਮੁਖ ਸਿੰਘ ਦੀ ਕਵੀਸ਼ਰੀ, ਮਨਮੋਹਨ ਸਿੰਘ ਬਾਠ ਨੇ ਸ਼ਿਵ ਕੁਮਾਰ ਬਟਾਲਵੀ ਦੀ ਪ੍ਰਸਿੱਧ ਰਚਨਾ ‘ਯਾਰੜਿਆ ਰੱਬ ਕਰਕੇ ਤੈਨੂੰ’ ਸ਼ਬਦ ਸੁਰਾਂ ਦੇ ਬੇਹਤਰੀਨ ਸੰਜੋਗ ਵਿੱਚ ਸੁਣਾਈ। ਜੋਗਾ ਸਿੰਘ ਸਿਹੋਤਾ ਨੇ ਸਵ: ਅਮਰੀਕ ਸਿੰਘ ਚੀਮਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਆਪਣੀ ਲਿਖੀ ਰਚਨਾ, ਜਸਵੀਰ ਸਿੰਘ ਸਿਹੋਤਾ ਨੇ ਆਪਣਾ ਲਿਖਿਆ ਗੀਤ ਸੁਣਾ ਕੇ ਵਾਹਵਾ ਖੱਟੀ। ਵਿਚਾਰ ਵਿਟਾਂਦਰੇ ਵਿੱਚ ਦਿਲਾਵਰ ਸਿੰਘ ਸਮਰਾ, ਸੁਰਿੰਦਰ ਸਿੰਘ ਢਿੱਲੋਂ ਅਤੇ ਗੁਰਦਿਆਲ ਸਿੰਘ ਖਹਿਰਾ ਨੇ ਹਿੱਸਾ ਲਿਆ। ਸੁਰਿੰਦਰ ਸਿੰਘ ਢਿੱਲੋਂ ਅਤੇ ਜਗਦੇਵ ਸਿੱਧੂ ਵੱਲੋਂ ਪਹਿਲੀ ਜੁਲਾਈ ਜਾਣੀ ‘ਕੈਨੇਡਾ ਡੇ’ ਬਾਰੇ ਦਿੱਤੀ ਮਹੱਤਵ ਪੂਰਣ ਜਾਣਕਾਰੀ ਬਹੁਤ ਪ੍ਰਭਾਵਸ਼ਾਲੀ ਰਹੀ। ਇਸ ਮੌਕੇ ਅਵਤਾਰ ਕੌਰ ਤੱਗੜ, ਮਨਜੀਤ ਕੌਰ ਖਹਿਰਾ, ਗੁਰਦੀਪ ਸਿੰਘ, ਹਰਬੰਸ ਸਿੰਘ, ਸੁਖਬੀਰ ਸਿੰਘ ਬੁੱਟਰ ਅਤੇ ਰਾਜਪ੍ਰੀਤ ਸਿੰਘ ਬੁੱਟਰ ਵੀ ਹਾਜ਼ਰ ਰਹੇ। ਅੰਤ ਵਿੱਚ ਸੁਰਿੰਦਰ ਗੀਤ (403) 605-3734 ਨੇ ਸਭਾ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਆਪਣੀ ਇਕ ਗ਼ਜ਼ਲ ਸੁਣਾਈ। ਮੰਚ ਸੰਚਾਲਨ ਦਾ ਕੰਮ ਗੁਰਦਿਆਲ ਸਿੰਘ ਖਹਿਰਾ (403) 968-2880 ਨੇ ਬੜੇ ਸੁਚੱਜੇ ਢੰਗ ਨਾਲ ਨਿਭਾਉਂਦਿਆਂ ਅਗਸਤ ਮਹੀਨੇ ਦੀ ਮੀਟਿੰਗ 14 ਅਗਸਤ ਬਾਦ ਦੁਪਹਿਰ ਕੋਸੋ ਹਾਲ ਵਿੱਚ ਹੋਣ ਬਾਰੇ ਜਾਣਕਾਰੀ ਦਿੱਤੀ।