ਨਿਊਯਾਰਕ (ਰਾਜ ਗੋਗਨਾ )— ਪੰਜਾਬ ਸਰਕਾਰ ਦੀ ਵੈੱਬ-ਸਾਈਟ ਸੰਬੰਧੀ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਇਕ ਲਿਖਤੀ ਪ੍ਰੈੱਸ ਨੋਟ ਜਾਰੀ ਕਰਦਿਆਂ ਆਪਣੇ ਬਿਆਨ ਚ’ ਕਿਹਾ ਹੈ ਕਿ ਉਹਨਾਂ ਵੱਲੋ ਮਿਣਤੀ 30 ਜੂਨ ਨੂੰ ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨੂੰ ਇਕ ਈ-ਮੇਲ ਭੇਜੀ ਸੀ ਜਿਸ ਵਿੱਚ ਉਹਨਾ ਦਾ ਧਿਆਨ ਪੰਜਾਬ ਸਰਕਾਰ ਦੀ ਵੈਬਸਾਈਟ ਵੱਲ ਦਿਵਾਇਆ ਗਿਆ ਸੀ ਕਿ ਇਸ ਉਪਰ ਕਈ ਵਿਧਾਇਕਾਂ ਦੇ ਫੋਨ ਨੰਬਰ ਗਲਤ ਦਿੱਤੇ ਗਏ ਹਨ ਅਤੇ ਕਈਆਂ ਦੇ ਨਹੀਂ ਦਿੱਤੇ। ਬਹੁਤੇ ਵਿਧਾਇਕਾਂ ਦੀ ਈ-ਮੇਲ ਦਿੱਤੀ ਹੀ ਨਹੀਂ ਗਈ, ਜਿਨ੍ਹਾਂ ਥੋੜੇ ਬਹੁਤੇ ਵਿਧਾਇਕਾਂ ਦੀਆਂ ਈ-ਮੇਲ ਦਿੱਤੀਆਂ ਗਈਆਂ ਹਨ ਉਹ ਵੀ ਵਾਪਿਸ ਆ ਜਾਂਦੀਆਂ ਹਨ। ਭਾਵ ਕੰਮ ਹੀ ਨਹੀਂ ਕਰਦੀਆਂ। ਇਸ ਪੱਤਰ ਦਾ ਅਜੇ ਤੱਕ ਉਹਨਾਂ ਨੂੰ ਕੋਈ ਜੁਆਬ ਵੀ ਨਹੀਂ ਆਇਆ। ਅੱਜ ਜਦ ਉਨ੍ਹਾਂ ਨੇ ਪੰਜਾਬ ਦੇ ਮੰਤਰੀਆਂ ਦੇ ਫੋਨ ਨੰਬਰ ਨੋਟ ਕਰਨੇ ਚਾਹੇ ਤਾਂ ਵੇਖਿਆ ਕਿ ਵੈਬ ਸਾਈਟ ਵਿੱਚ ਕੋਈ ਤਬਦੀਲੀ ਨਹੀਂ। ਉਸੇ ਤਰ੍ਹਾਂ ਵੈਬਸਾਈਟ ਗਲਤੀਆਂ ਦੇ ਨਾਲ ਭਰਪੂਰ ਹੈ ਅਤੇ ਵੈਬਸਾਈਟ ਉਪਰ ਪੁਰਾਣੇ ਪੰਜ ਮੰਤਰੀਆਂ ਦੇ ਨਾਂ ਹੀ ਦਿੱਤੇ ਹੋਏ ਹਨ। ਮੰਚ ਆਗੂ ਨੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਤੇ ਸਥਾਨਕ ਸਰਕਾਰ ਦੇ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੂੰ ਇੱਕ ਈ-ਮੇਲ ਰਾਹੀਂ ਬੇਨਤੀ ਕੀਤੀ ਹੈ ਕਿ ਨਵੇਂ ਬਣੇ ਮੰਤਰੀਆਂ ਅਤੇ ਸਾਰੇ ਵਿਧਾਇਕਾਂ ਦੇ ਫੋਨ ਨੰਬਰ ਤੇ ਈ-ਮੇਲਾਂ ਠੀਕ ਦਰਜ ਕੀਤੀਆਂ ਜਾਣ।