ਪੰਜਾਬ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਅਤੇ ਪੈਪਸੂ ਦੀਆਂ ਕੁਝ ਬੱਸਾਂ ਤੋਂ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਹੋਰ ਸਮਰਥਕਾਂ ਦੀਆਂ ਤਸਵੀਰਾਂ ਨਹੀਂ ਹਟਾਈਆਂ ਜਾਣਗੀਆਂ। ਹਾਲ ਹੀ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਰੋਡਵੇਜ਼ ਦੀਆਂ ਵੱਖ-ਵੱਖ ਯੂਨੀਅਨਾਂ ਨੇ ਸਰਕਾਰ ਦੇ ਇਸ ਫੈਸਲੇ ‘ਤੇ ਇਤਰਾਜ਼ ਜਤਾਇਆ ਸੀ, ਜਿਸ ਤੋਂ ਬਾਅਦ ਸਰਕਾਰ ਨੇ ਤਸਵੀਰਾਂ ਹਟਾਉਣ ਦੇ ਹੁਕਮ ਵਾਪਸ ਲੈ ਲਏ ਹਨ।
ਮਿਲੀ ਜਾਣਕਾਰੀ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਪ੍ਰੋਫੈਸਰ ਮਹਿੰਦਰਪਾਲ ਸਿੰਘ ਨੇ ਇਸ ਸਬੰਧੀ ਪੈਪਸੂ ਦੀ ਐਮਡੀ ਪੂਨਮਦੀਪ ਕੌਰ ਨਾਲ ਮੀਟਿੰਗ ਕੀਤੀ, ਜਿਸ ਤੋਂ ਬਾਅਦ ਪੈਪਸੂ ਨੇ ਵਾਪਸੀ ਦਾ ਪੱਤਰ ਜਾਰੀ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਪੰਜਾਬ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਅਤੇ ਪੈਪਸੂ ਦੀਆਂ ਕੁਝ ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਵੱਲੋਂ ਉਨ੍ਹਾਂ ਦੀਆਂ ਬੱਸਾਂ ‘ਤੇ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਸਮਰਥਕਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਸਨ, ਜਿਸ ‘ਤੇ ਪੰਜਾਬ ਪੁਲਿਸ ਨੇ ਇਤਰਾਜ਼ ਕਰਦਿਆਂ ਬੱਸਾਂ ਤੋਂ ਤਸਵੀਰਾਂ ਹਟਾਉਣ ਲਈ ਆਰਡਰ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਦੇ ਆਧਾਰ ’ਤੇ ਪੈਪਸੂ ਨੇ ਵੀ ਪੱਤਰ ਜਾਰੀ ਕਰਕੇ ਇਨ੍ਹਾਂ ਨੂੰ ਹਟਾਉਣ ਲਈ ਕਿਹਾ ਸੀ।