ਕਿਸੇ ਸਿਆਣੇ ਬਜੁਰਗ ਨੂੰ ਪੁੱਛਿਆ ਕਿ ਬਾਪੂ ਇਹ ਬੰਦੂਕ ਕਿੱਥੋ ਤਕ ਮਾਰ ਕਰਦੀ ਆ ਤਾਂ ਬਜੁਰਗ ਦਾ ਬੜਾ ਸੋਹਣਾ ਜਵਾਬ ਸੀ ਕਿ ਅੱਗੇ ਨੂੰ ਇੱਕ ਕਿੱਲਾ ਤੇ ਪਿੱਛੇ ਨੂੰ ਦਸ ਕਿਲੇ ਮਾਰ ਕਰਦੀ ਆ,ਭਾਵ ਕਹਿਣ ਦਾ ਕਿ ਕਿਸੇ ਨੂੰ ਮਾਰਨ ਲਈ ਚੱਕਿਆ ਅਸਲਾ ਮਰਨ ਵਾਲੇ ਦਾ ਘਰ ਤੇ ਉਜੜਿਆ ਹੀ ਨਾਲ ਮਾਰਨ ਵਾਲੇ ਦਾ ਘਰ ਵੀ ਉੱਜੜਣਾ ਤਹਿ ਹੁੰਦਾ ਹੈ।ਆਪਣੇ ਜੀਵਣ ਦੀ ਕੀਤੀ ਕਮਾਈ ਫਿਰ ਕੋਟ ਕਚਿਹਰੀਆਂ ਵਿੱਚ ਸੁਆ ਵਾਂਗੂ ਉੱਡਦੀ ਹੈ।ਅਸਲਾ ਸਮੇ ਦੀ ਲੋੜ ਸੀ ।ਸਿੱਖ ਧਰਮ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਾਸ਼ਣ ਕਾਲ ਤੋਂ ਸਿੱਖਾਂ ਦਾ ਸ਼ਾਸ਼ਤਰ ਵਿੱਦਿਆ ਵਿੱਚ ਨਿੰਪੁੰਨ ਹੋਣਾ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਦੌਰਾਨ ਅਨੇਕਾਂ ਜੰਗਾ ਨੂੰ ਜਿੱਤਣਾ ਇਕ ਬਹੁਤ ਵੱਢੀ ਮਿਸਾਲ ਹੈ।ਹੋਰ ਵੀ ਸਾਡੇ ਸਿੱਖ ਧਰਮ ਵਿੱਚ ਬਹੁਤ ਅਜਿਹੇ ਯੋਧੇ ਹੋਏ ਜਿਨਾ ਵਿੱਚ ਹਰੀ ਸਿੰਘ ਨਲੂਆ,ਮਹਾਂਰਾਜਾ ਰਣਜੀਤ ਸਿੰਘ ਵਰਗੀਆਂ ਹੋਰ ਬਹੁਤ ਸਾਰੀਆਂ ਮਿਸਾਲਾਂ ਹਨ।ਹੁਣ ਅਸੀਂ ਸ਼ਾਸ਼ਤਰਾਂ,ਹਥਿਆਰਾਂ ਦੇ ਬਦਲਦੇ ਰੂਪਾਂ ਦੀ ਗੱਲ ਕਰਾਂਗੇ ਤੇ ਜਿਵੇ ਜਿਵੇਂ ਸਾਡੇ ਦੇਸ਼ ਦਾ ਵਿਕਾਸ ਹੋਣਾ ਸ਼ੁਰੂ ਹੋਇਆ ਸੰਵਿਧਾਨਿਕ ਕਨੂੰਨ ਬਣਨੇ ਸ਼ੁਰੂ ਹੋਏ ਤਾਂ ਦੇਸ਼ ਵਿੱਚ ਅਮਨ ਸ਼ਾਂਤੀ ਸਥਾਪਿਤ ਹੋਣੀ ਸ਼ੁਰੂ ਹੋ ਗਈ,ਮੁਗਲ ਰਾਜ ਦਾ ਅੰਤ ਹੋਇਆ ਤੇ ਬਾਅਦ ਵਿੱਚ ਅੰਗਰੇਜੀ ਸ਼ਾਸ਼ਨ ਕਾਲ ਨੇ ਆਪਣਾ ਪ੍ਰਭਾਵ ਪਾਇਆ ਅਤੇ ਅੰਤ ਜੰਗਾਂ ਯੁੱਧਾਂ ਤੋ ਬਾਅਦ ਹਰ ਦੇਸ਼ ਨੇ ਆਪਣੀ ਆਪਣੀ ਪ੍ਰਭੂਸੱਤਾ ਕਾਇਮ ਕੀਤੀ।ਭਾਰਤ ਦੀ ਗੱਲ ਕਰੀਏ ਤਾਂ ਜਿਵੇ ਕਨੂੰਨੀ ਵਿਵਸਥਾ ਬਣੀ ਤਾਂ ਹਥਿਆਰਾਂ ਨੂੰ ਪੁਰਾਣੇ ਸਮਿਆਂ ਵਾਂਗ ਆਮ ਤੌਰ ਤੇ ਰੱਖਣਾ ਕਨੂੰਨੀ ਅਪਰਾਧ ਅਧੀਨ ਆਉਣ ਲੱਗਾ,ਹਥਿਆਰ ਰੱਖਣ ਲਈ ਲਾਇਸਿੰਸ ਬਣਾਉਣੇ ਲਾਜਮੀ ਹੋਏ ਤੇ ਟੈਕਸ ਭਰਨਾ ਜਰੂਰੀ ਕੀਤਾ ਗਿਆ।ਜਿਵੇ ਜਿਵੇਂ ਦੇਸ਼ ਨੇ ਤਰੱਕੀ ਕੀਤੀ ਹਥਿਆਰਾਂ ਦੇ ਵੀ ਨਵੀਨੀ ਮੌਡਲ ਬਣਕੇ ਤਿਆਰ ਹੋਣੇ ਸ਼ੁਰੂ ਹੋ ਗਏ,ਬੰਦੂਕਾ,ਰਫਲਾਂ ਤੋ ਆਧੁਨਿਕ ਕਿਸਮ ਦੇ ਰਿਵਾਲਵਰ ਜਿਨਾ ਦੀ ਮਾਰ ਬੰਦੂਕ ਤੋ ਜਿਆਦਾ ਹੋਣ ਕਰਕੇ,ਆਮ ਨੌਜਵਾਨੀ ਦੀ ਜਿਆਦਾ ਪਸੰਦ ਬਣ ਗਏ।
84 ਵਿੱਚ ਪੰਜਾਬ ਦਾ ਮਹੌਲ ਖਰਾਬ ਹੋਇਆ ਸਾਡੇ ਹਰਿਮੰਦਰ ਸਾਹਿਬ ਉਤੇ ਸਰਕਾਰਾਂ ਨੇ ਹਮਲਾ ਕਰਵਾਇਆ ਜਿਸ ਵਿੱਚ ਅਨੇਕਾਂ ਸੰਗਤਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ,ਜਿਸ ਵਿੱਚ ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸ਼ਹੀਦ ਕਰਨ ਲਈ ਅਪ੍ਰੇਸ਼ਣ ਬਲੂ ਸਟਾਰ ਕੀਤਾ ਗਿਆ ਸੀ।ਸਰਕਾਰਾਂ ਦੀ ਅਣਗਹਿਲੀ ਤੇ ਮਨਮਾਨੀਆਂ ਨੇ ਪੰਜਾਬ ਉੱਤੇ ਜੁਲਮ ਕਰਨੇ ਸ਼ੁਰੂ ਕਰ ਦਿੱਤੇ ਸੀ,ਕਨੂੰਨ ਵਿਵਸਥਾ ਕਮਜੋਰ ਸੀ ਜਿਸ ਕਰਕੇ ਦੇਸ਼ ਵਿੱਚ ਅਮਨ ਸ਼ਾਂਤੀ ਭੰਗ ਹੋਈ ਤੇ ਪੰਜਾਬ ਨਾਲ ਵਿਤਕਰਾ ਕਰਨਾਂ ਤੇ ਅੱਤਿਆਚਾਰ ਕਰਨਾਂ ਸਰਕਾਰਾਂ ਨੇ ਸ਼ੁਰੂ ਕੀਤਾ।ਸਿੱਖਾਂ ਦੁਆਰਾ ਉਹਨਾਂ ਦੀਆਂ ਮੰਗਾਂ ਨਾ ਮੰਨਣ ਤੇ ਵੱਖਰੇ ਰ੍ਜ ਦੀ ਮੰਗ ਉੱਠੀ ਤੇ ਉਸਤੋਂ ਬਾਅਦ ਹੀ 84 ਵਿੱਚ ਜੋ ਕੁਝ ਹੋਇਆ ਉਹ ਪੂਰਾ ਸੰਸਾਰ ਭਰ ਜਾਣੂ ਹੈ।ਉੱਥੇ ਸੰਤਾਂ ਦੁਆਰਾ ਹਥਿਆਰਾਂ ਨੂੰ ਆਪਣੇ ਨਾਲ ਰੱਖਣ ਦੀ ਅਪੀਲ ਕੀਤੀ ਗਈ ਸੀ ਕਿਉਂ ਕਿ ਉਸ ਸਮੇਂ ਮਹੌਲ ਪੰਜਾਬ ਦਾ ਖਰਾਬ ਸੀ ਤੇ ਸਿੱਖਾਂ ਪ੍ਰਤੀ ਘ੍ਰਿਣਾ ਕੀਤੀ ਜਾਣ ਲੱਗੀ ਸੀ।ਪਰ ਜਿਵੇ ਜਿਵੇ ਕਨੂੰਨ ਵਿਵਸਥਾ ਦਾ ਢਾਂਚਾ ਸਹੀ ਹੋਣਾ ਸ਼ੁਰੂ ਹੋ ਗਿਆ ਤਾਂ ਦੇਸ਼ ਵਿੱਚ ਅਮਨ ਸ਼ਾਂਤੀ ਵੀ ਹੌਲੀ ਹੌਲੀ ਸਥਾਪਿਤ ਹੋਣੀ ਸ਼ੁਰੂ ਹੋ ਗਈ।
ਵਿਸ਼ਾ ਇਥੇ ਹਥਿਆਰਾਂ ਦਾ ਦਿਨੋ ਦਿਨ ਲੋਕਾਂ ਵਿੱਚ ਜਿਆਦਾ ਕਰੇਜ਼ ਵਧਣ ਤੋਂ ਹੈ,ਇਸਦਾ ਕਾਰਨ ਸ਼ੋਸ਼ਲ ਮੀਡੀਆ,ਗਾਣਿਆਂ ਤੇ ਫਿਲਮਾਂ ਵਿੱਚ ਹਥਿਆਰਾਂ ਨੂੰ ਆਮ ਤੌਰ ਤੇ ਅਸੀਂ ਪ੍ਰਮੋਟ ਹੁੰਦਿਆਂ ਦੇਖਦੇ ਹਾਂ।ਸਾਡੇ ਪੰਜਾਬ ਵਿੱਚ 80 ਫੀਸਦੀ ਗਾਣਿਆਂ ਵਿੱਚ ਹਥਿਆਰਾਂ ਦਾ ਜਿਕਰ ਹੁੰਦਾ ਹੈ ਤੇ ਭੜਕਾਊ ਵੀ ਹੁੰਦੇ ਹਨ।ਅਜ ਦੀ ਨੌਜਵਾਨੀ ਵਿੱਚ ਹਥਿਆਰਾਂ ਨੂੰ ਲੈਕੇ ਕਰੇਜ਼ ਜਿਆਦਾ ਹੈ।ਰੋਜ ਕੋਈ ਨਾ ਕੋਈ ਵਾਰਦਾਤ ਹੁੰਦੀ ਜਿਸ ਵਿੱਚ ਕਿਸੇ ਨਾ ਕਿਸੇ ਦਾ ਕਤਲ ਹੁੰਦਾ ਹੈ।ਜੋ ਕਿ ਸਾਡੇ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ।ਛੋਟੇ ਛੋਟੇ ਬੱਚਿਆਂ ਦੀਆਂ ਵੀਡੀਓ ਅਸੀ ਆਮ ਹਥਿਆਰਾਂ ਨਾਲ ਸ਼ੋਸ਼ਲ ਮੀਡੀਆ ਤੇ ਦੇਖਦੇ ਹਾਂ,ਕੀ ਇਹ ਸਾਡੇ ਭਵਿੱਖ ਲਈ ਸਹੀ ਹੈ,ਗੀਤਾ ਤੇ ਫਿਲਮਾਂ ਵਿੱਚ ਹਥਿਆਰਾਂ ਨੂੰ ਸ਼ਰੇਆਮ ਦਿਖਾਇਆ ਜਾਂਦਾ ਜਿਸ ਨਾਲ ਨਾਬਾਲਿਗ ਬੱਚਿਆਂ ਤੇ ਇਸਦਾ ਬਹੁਤ ਡੂੰਘਾ ਪ੍ਰਭਾਵ ਪੈਂਦਾ ਹੈ। ਕਾਲਜਾਂ,ਯੂਨੀਵਰਸਿਟੀਆਂ ਦੀਆਂ ਪ੍ਰਧਾਨਗੀਆਂ ਲਈ ਗਰੁੱਪ ਬਣਗੇ ਤੇ ਗਰੁੱਪਾਂ ਵਿੱਚੋ ਹੀ ਧੜੇਬਾਜੀਆਂ ਬਣਕੇ ਗੈਂਗ ਗਰੁੱਪ ਬਣਨੇ ਸ਼ੁਰੂ ਹੋ ਗਏ।ਸਾਡੀ ਨੌਜਵਾਨ ਪੀੜੀ ਨੂੰ ਸਾਡੇ ਦੇਸ਼ ਪੰਜਾਬ ਦੀ ਤਰੱਕੀ ਲਈ ਸਾਰਥਕ ਹੋਣਾ ਬਹੁਤ ਜਰੂਰੀ ਹੈ।ਅੱਜ ਸਮਾਂ ਕਲਮ ਦਾ ਹੈ ਨਾ ਕਿ ਹਥਿਆਰਾਂ ਦਾ,ਜਿਹੜੇ ਮਸਲੇ ਅਸੀ ਕਲਮਾਂ ਤੇ ਆਪਣੇ ਤੇਜ ਦਿਮਾਗ ਨਾਲ ਹੱਲ ਕਰ ਸਕਦੇ ਹਾਂ ਉਹ ਕਦੇ ਵੀ ਹਥਿਆਰਾਂ ਨਾਲ ਨਹੀਂ ਸੁਲਝਣਗੇ।ਹਥਿਆਰ ਹਮੇਸ਼ਾਂ ਵਿਨਾਸ਼ ਹੀ ਕਰਦੇ ਹਨ।ਸਾਡੇ ਉਸਾਰੂ ਸਮਾਜ ਦੀ ਸਿਰਜਨਾ ਲਈ ਸਾਡੀ ਨੌਜਵਾਨ ਪੀੜੀ ਨੂੰ ਤਰਕਵਾਦੀ ਦਲੀਲਮਈ ਬਣਨ ਦੀ ਜਰੂਰਤ ਹੈ।ਔਖਾਂ ਸੌਖਾਂ ਦੇ ਚਲਦਿਆਂ ਆਪਣੇ ਹੱਕਾਂ ਲਈ ਇਕਜੁਟ ਹੋਣਾ ਜਰੁਰੀ ਹੈ।ਕਿਸੇ ਵੀ ਮਸਲੇ ਦਾ ਹੱਲ ਇਕੱਲੇ ਨਹੀਂ ਹੋ ਸਕਦਾ ਸਾਨੂੰ ਸਭ ਨੂੰ ਇਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਸਾਨੂੰ ਹਥਿਆਰਾਂ ਦੀ ਨਹੀ ਬਲਕਿ ਏਕਤਾ ਨੂੰ ਅਪਣਾਉਣਾ ਚਾਹੀਦਾ ਹੈ।ਆਪਣੇ ਅਧਿਕਾਰਾਂ ਤੇ ਕਨੂੰਨਾ ਪ੍ਰਤੀ ਜਾਗਰੂਕ ਹੋਣਾ ਸਾਡੇ ਲਈ ਬਹੁਤ ਜਰੂਰੀ ਹੈ।ਸੋ ਆਓ ਸਾਰੇ ਇਕਜੁਟ ਹੋਕੇ ਸਾਂਝੇ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਈਏ।ਕਲਮਾਂ ਤੇ ਪੜਾਈ ਦੇ ਗਿਆਨ ਨਾਲ ਅਸੀ ਆਪਣੇ ਮਸਲਿਆਂ ਨੂੰ ਹੱਲ ਕਰੀਏ ਤੇ ਲੋੜ ਪੈਣ ਤੇ ਆਪਣੇ ਹੱਕਾਂ ਲਈ ਸਾਰੇ ਇਕੱਠੇ ਹੋਕੇ ਅਵਾਜ਼ ਉਠਾਈਏ।ਪੰਜਾਬ ਦੀ ਅਮਨ ਸ਼ਾਂਤੀ ਨੂੰ ਬਣਾਈ ਰੱਖਣ ਲਈ ਸਾਰੇ ਰਲ ਮਿਲ ਸਹਿਯੋਗ ਪਾਈਏ,ਕਮਜੋਦ ਦਾ ਸਾਥ ਦੇਈਏ,ਜੁਲਮ ਅੱਤਿਆਚਾਰ,ਔਰਤਾਂ ਦੀ ਸੁਰੱਖਿਆ ਨੂੰ ਅਸੀ ਆਪਣਾ ਫਰਜ਼ ਸਮਝਕੇ ਸਮਾਜਿਕ ਰੂਪ ਵਿੱਚ ਕੰਮ ਕਰੀਏ ਤਾਂ ਜੋ ਸਾਡੇ ਸੋਹਣੇ ਪੰਜਾਬ ਦੀ ਸ਼ਾਨ ਹਮੇਸ਼ਾ ਬਣੀ ਰਹੇ।ਅਸੀਂ ਹਥਿਆਰਾਂ ਦੀ ਜਗਾ ਕਲਮਾਂ ਨੂੰ ਹਥਿਆਰ ਬਣਾਈਏ ਤਾਂ ਜੋ ਆਉਣ ਵਾਲੀਆਂ ਨਸਲਾਂ ਲਈ ਅਸੀ ਸੋਹਣਾ ਭਵਿੱਖ ਸਿਰਜ ਸਕੀਏ।
ਰਵਨਜੋਤ ਕੌਰ ਸਿੱਧੂ “ਰਾਵੀ”
ਪਿੰਡ ਜੱਬੋਵਾਲ, ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ
8283066125