ਜਲੰਧਰ (Jatinder Rawat)- : ਸੂਬੇ ‘ਚ ਨੌਜਵਾਨਾਂ ‘ਚ ਵਿਦੇਸ਼ ਜਾਣ ਦਾ ਕ੍ਰੇਜ਼ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਉਹ ਗਲਤ ਟਰੈਵਲ ਏਜੰਟਾਂ ਦੇ ਹੱਥ ਲੱਗ ਜਾਂਦੇ ਹਨ ਅਤੇ ਆਪਣੀ ਜਮ੍ਹਾ ਰਾਸ਼ੀ ਗੁਆ ਲੈਂਦੇ ਹਨ। ਖਾਸ ਕਰਕੇ ਦੁਆਬਾ ਖੇਤਰ ਵਿੱਚ ਬਹੁਤ ਸਾਰੇ ਟਰੈਵਲ ਏਜੰਟ ਹਨ, ਜਿਨ੍ਹਾਂ ਵਿੱਚੋਂ ਕੁਝ ਕੋਲ ਲਾਇਸੈਂਸ ਹਨ ਅਤੇ ਕੁਝ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰ ਰਹੇ ਹਨ। ਕਮਿਸ਼ਨਰੇਟ ਜਲੰਧਰ ‘ਚ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰਨ ਵਾਲੇ ਏਜੰਟਾਂ ‘ਤੇ ਸਖਤੀ ਦਿਖਾਈ ਜਾ ਰਹੀ ਹੈ । ਪੁਲਸ ਨੇਂ 5 ਟਰੈਵਲ ਏਜੰਸੀਆਂ ਦਾ ਖੁਲਾਸਾ ਕਰਦੇ ਹੋਏ ਇਸ ਰੈਕੇਟ ਦੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 536 ਪਾਸਪੋਰਟ, 49,000 ਰੁਪਏ ਨਕਦ, ਕੰਪਿਊਟਰ ਅਤੇ ਲੈਪਟਾਪ ਬਰਾਮਦ ਕੀਤਾ ਹੈ। ਫੜੇ ਗਏ ਚਾਰੇ ਮੁਲਜ਼ਮ ਲੁਧਿਆਣਾ ਦੇ ਵਸਨੀਕ ਹਨ, ਜਿਨ੍ਹਾਂ ਵਿੱਚ ਮਹਾਵੀਰ ਜੈਨ ਕਲੋਨੀ ਦਾ ਨਿਤਿਨ, ਨਿਊ ਕਰਮਾਰ ਕਲੋਨੀ ਦਾ ਅਮਿਤ ਸ਼ਰਮਾ, ਹੈਬੋਵਾਲ ਕਲਾਂ ਦਾ ਸਾਹਿਲ ਘਈ ਅਤੇ ਗੁਰੂ ਗੋਬਿੰਦ ਸਿੰਘ ਨਗਰ ਦਾ ਤੇਜਿੰਦਰ ਸਿੰਘ ਸ਼ਾਮਲ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਸ਼ਹਿਰ ‘ਚ ਫਰਜ਼ੀ ਏਜੰਟਾਂ ਦਾ ਰੈਕੇਟ ਚੱਲ ਰਿਹਾ ਹੈ, ਜੋ ਲੋਕਾਂ ਨੂੰ ਆਪਣੇ ਜਾਲ ‘ਚ ਫਸਾ ਕੇ ਲੁੱਟਦੇ ਹਨ। ਕਿਸੇ ਨੂੰ ਵਰਕ ਵੀਜ਼ਾ ਦਿਵਾਉਣ ਦੇ ਬਹਾਨੇ ਪੈਸੇ ਲੁੱਟੇ ਜਾਂਦੇ ਹਨ ਅਤੇ ਕਿਸੇ ਨੂੰ ਟੂਰਿਸਟ ਵੀਜ਼ਾ ਲਗਵਾਉਣ ਦਾ ਬਹਾਨਾ ਲਗਾ ਕੇ ਲੁੱਟਿਆ ਜਾਂਦਾ ਹੈ। ਇਨ੍ਹਾਂ ਵਿੱਚੋਂ ਕਿਸੇ ਕੋਲ ਵੀ ਲਾਇਸੈਂਸ ਨਹੀਂ ਹੈ।ਪੁਲਸ ਵਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।