ਦਿੱਲੀ ਵਿੱਚ ਮੰਤਰੀਆਂ, ਵਿਧਾਇਕਾਂ, ਚੀਫ਼ ਵ੍ਹਿਪ, ਸਪੀਕਰ/ਡਿਪਟੀ ਸਪੀਕਰ ਅਤੇ ਵਿਰੋਧੀ ਧਿਰ ਦੇ ਨੇਤਾ ਦੀਆਂ ਤਨਖਾਹਾਂ ਵਧਣਗੀਆਂ। ਸੋਮਵਾਰ ਨੂੰ ਦਿੱਲੀ ਵਿਧਾਨ ਸਭਾ ਸੈਸ਼ਨ ‘ਚ ਤਨਖਾਹ ਸੋਧ ਬਿੱਲ ਪਾਸ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 2015 ਵਿੱਚ ਵਿਧਾਇਕਾਂ ਦੀ ਤਨਖਾਹ ਵਧਾਉਣ ਦਾ ਪ੍ਰਸਤਾਵ ਰੱਖਿਆ ਗਿਆ ਸੀ, ਜਿਸ ਨੂੰ ਕੇਂਦਰ ਸਰਕਾਰ ਨੇ ਠੁਕਰਾ ਦਿੱਤਾ ਸੀ। ਹੁਣ ਨਵਾਂ ਬਿੱਲ ਪਾਸ ਹੋਣ ਤੋਂ ਬਾਅਦ ਦਿੱਲੀ ਦੇ ਵਿਧਾਇਕਾਂ-ਮੰਤਰੀਆਂ ਦੀ ਤਨਖਾਹ ਵਧੇਗੀ। ਇਹ 54 ਹਜ਼ਾਰ ਤੋਂ ਵਧ ਕੇ 90 ਹਜ਼ਾਰ ਰੁਪਏ ਹੋ ਜਾਵੇਗੀ।
ਜਾਣਕਾਰੀ ਮੁਤਾਬਕ ਦਿੱਲੀ ਸਰਕਾਰ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਮੰਤਰੀ ਕੈਲਾਸ਼ ਗਹਿਲੋਤ ਨੇ ਵਿਧਾਇਕਾਂ, ਮੰਤਰੀਆਂ, ਚੀਫ ਵ੍ਹਿਪ, ਸਪੀਕਰ, ਡਿਪਟੀ ਸਪੀਕਰ ਅਤੇ ਸਦਨ ‘ਚ ਵਿਰੋਧੀ ਧਿਰ ਦੇ ਨੇਤਾਵਾਂ ਦੀਆਂ ਤਨਖਾਹਾਂ ਅਤੇ ਭੱਤਿਆਂ ਵਾਲਾ ਬਿੱਲ ਪੇਸ਼ ਕੀਤਾ, ਜਿਸ ਨੂੰ ਪਾਸ ਕਰ ਲਿਆ ਗਿਆ।
ਤਨਖ਼ਾਹ ਅਤੇ ਭੱਤਿਆਂ ਨੂੰ ਸ਼ਾਮਲ ਕਰਨ ਨਾਲ ਹੁਣ ਦਿੱਲੀ ਦੇ ਵਿਧਾਇਕਾਂ ਦੀ ਤਨਖ਼ਾਹ 90 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੋ ਜਾਵੇਗੀ। ਪਿਛਲੀ ਵਾਰ ਦਿੱਲੀ ਸਰਕਾਰ ਦੇ ਵਿਧਾਇਕਾਂ ਦੀ ਤਨਖਾਹ ਸਾਲ 2011 ਵਿੱਚ ਵਧਾਈ ਗਈ ਸੀ। ਦਿੱਲੀ ਵਿਧਾਨ ਸਭਾ ਦੇ ਮੈਂਬਰ (ਵਿਧਾਇਕ) ਨੂੰ ਮੌਜੂਦਾ ਸਮੇਂ ਵਿੱਚ ਤਨਖਾਹ ਅਤੇ ਭੱਤਿਆਂ ਵਜੋਂ ਪ੍ਰਤੀ ਮਹੀਨਾ 54,000 ਰੁਪਏ ਦੀ ਰਕਮ ਮਿਲਦੀ ਹੈ ਜੋ ਵਾਧੇ ਤੋਂ ਬਾਅਦ 90,000 ਰੁਪਏ ਹੋ ਜਾਵੇਗੀ।