ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਕੈਂਟੁਕੀ ਰਾਜ ਵਿਚ ਅਦਾਲਤ ਵੱਲੋਂ ਜਾਰੀ ਵਾਰੰਟਾਂ ਦੀ ਤਾਮੀਲ ਕਰਵਾਉਣ ਗਏ ਪੁਲਿਸ ਅਧਿਕਾਰੀਆਂ ‘ਤੇ ਸ਼ੱਕੀ ਦੋਸ਼ੀ ਨੇ ਰਾਈਫਲ ਨਾਲ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਸਿੱਟੇ ਵਜੋਂ 2 ਪੁਲਿਸ ਅਫਸਰਾਂ ਦੀ ਮੌਤ ਹੋ ਗਈ ਤੇ 6 ਹੋਰ ਜਖਮੀ ਹੋ ਗਏ। ਇਹ ਘਟਨਾ ਪੂਰਬੀ ਕੈਂਟੁਕੀ ਵਿਚ ਵਾਪਰੀ ਜਿਸ ਵਿਚ ਇਕ ਸੂਹੀਆ ਕੁੱਤਾ ਵੀ ਮਾਰਿਆ ਗਿਆ। ਜਖਮੀਆਂ ਵਿਚ 5 ਪੁਲਿਸ ਅਫਸਰ ਤੇ ਐਮਰਜੈਂਸੀ ਮੈਨਜਮੈਂਟ ਦਾ ਇਕ ਡਾਇਰੈਕਟਰ ਸ਼ਾਮਿਲ ਹਨ। ਅਲੈਨ ਵਾਸੀ ਸ਼ੱਕੀ ਦੋਸ਼ੀ 49 ਸਾਲਾ ਲਾਂਸ ਸਟੋਰਜ਼ ਵਿਰੁੱਧ ਕਤਲ ਕਰਨ, ਕਤਲ ਦੀ ਕੋਸ਼ਿਸ਼ ਕਰਨ ਤੇ ਸਰਵਿਸ ਐਨੀਮਲ ਉਪਰ ਫਸਟ ਡਿਗਰੀ ਹਮਲਾ ਕਰਨ ਦੇ ਦੋਸ਼ ਲਾਏ ਗਏ ਹਨ। ਦੋਸ਼ੀ ਨੂੰ ਮੌਕੇ ਉਪਰ ਕਾਬੂ ਕਰ ਲਿਆ ਗਿਆ ਤੇ ਉਸ ਨੂੰ ਫਲਾਇਡ ਜਿਲਾ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਇਕ ਕਰੋੜ ਡਾਲਰ ਦੇ ਬਾਂਡ ਉਪਰ ਹਿਰਾਸਤ ਵਿਚ ਰਖਣ ਦਾ ਆਦੇਸ਼ ਦਿੱਤਾ ਹੈ। ਫਲਾਇਡ ਕਾਊਂਟੀ ਦੇ ਸ਼ੈਰਿਫ ਜੌਹਨ ਹੰਟ ਨੇ ਕਿਹਾ ਹੈ ਕਿ ਵਾਰੰਟਾਂ ਦੀ ਤਾਮੀਲ ਕਰਵਾਉਣ ਗਏ ਪੁਲਿਸ ਅਫਸਰਾਂ ਨੂੰ ਆਪਣੇ ਬਚਾਅ ਦਾ ਕੋਈ ਮੌਕਾ ਨਹੀਂ ਮਿਲਿਆ ਤੇ ਸ਼ੱਕੀ ਦੋਸ਼ੀ ਨੇ ਉਨਾਂ ਉਪਰ ਬਿਨਾਂ ਕੋਈ ਦੇਰ ਕੀਤੇ ਗੋਲੀਆਂ ਚਲਾ ਦਿੱਤੀਆਂ। ਉਨਾਂ ਦਸਿਆ ਕਿ ਇਹ ਵਾਰੰਟ ਘਰੇਲੂ ਝਗੜੇ ਨਾਲ ਸਬੰਧਤ ਸਨ। ਕੈਂਟੁਕੀ ਸਟੇਟ ਪੁਲਿਸ ਨੇ ਜਾਰੀ ਬਿਆਨ ਵਿਚ ਕਿਹਾ ਹੈ ਕਿ ਘਟਨਾ ਦੀ ਕ੍ਰਿਟੀਕਲ ਇੰਸੀਡੈਂਟ ਰਿਸਪਾਂਸ ਟੀਮ ਜਾਂਚ ਕਰ ਰਹੀ ਹੈ।