ਨਿਊਯਾਰਕ (ਰਾਜ ਗੋਗਨਾ )—ਲੰਘੀ 25 ਜੂਨ ਨੂੰ ਨਿਊਯਾਰਕ ਵਿੱਚ ਦੱਖਣੀ ਓਜ਼ੋਨ ਪਾਰਕ ਖੇਤਰ ਵਿੱਚ ਇੱਕ ਸਿੱਖ ਨੋਜਵਾਨ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੀ ਮੰਦਭਾਗੀ ਸੂਚਨਾ ਸਾਹਮਣੇ ਆਈ ਹੈ।ਮ੍ਰਿਤਕ ਦੀ ਪਛਾਣ ਸਤਨਾਮ ਸਿੰਘ ਪੁੱਤਰ ਰਵੇਲ ਸਿੰਘ ਜਿਸ ਦਾ ਪਿਛੋਕੜ ਜਿਲ੍ਹਾ ਕਪੂਰਥਲਾ ਦੇ ਬੇਗੋਵਾਲ ਦੇ ਨੇੜੇ ਪਿੰਡ ਅਕਬਰਪੁਰ ਵਜੋਂ ਕੀਤੀ ਗਈ ਸੀ, ਇਹ ਮੰਦਭਾਗੀ ਘਟਨਾ ਲੰਘੇ ਸ਼ਨੀਵਾਰ ਨੂੰ ਵਾਪਰੀ ਜਦੋਂ ਦੁਪਹਿਰ ਨੂੰ ਉਸਦੇ ਘਰ ਦੇ ਕੋਲ ਇੱਕ ਜੀਪ ਵਿੱਚ ਉਹ ਬੈਠਾ ਹੋਇਆ ਸੀ ਤਾਂ ਉਸ ਨੂੰ ਗੋਲੀ ਮਾਰੀ ਗਈ ਸੀ।ਸਤਨਾਮ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਨਿਊਯਾਰਕ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਰਿਚਮੰਡ ਹਿੱਲ ਦੇ ਨੇੜੇ ਸਾਊਥ ਓਜ਼ੋਨ ਪਾਰਕ ਦੇ ਨੇੜੇ ਵਾਪਰੀ ਜਿੱਥੇ ਦੋ ਵੱਖ-ਵੱਖ ਘਟਨਾਵਾਂ ਵਿੱਚ ਤਿੰਨ ਹੋਰ ਸਿੱਖ ਵਿਅਕਤੀਆਂ ‘ਤੇ ਹਮਲਾ ਕੀਤਾ ਗਿਆ ਸੀ। ਜੋ ਲੰਘੇ ਅਪ੍ਰੈਲ ਦੇ ਮਹੀਨੇ ਵਿੱਚ ਹੋਇਆ ਸੀ। ਇਹ ਘਟਨਾ ਪਿਛਲੇ ਤਿੰਨ ਮਹੀਨਿਆਂ ਵਿੱਚ ਨਿਊਯਾਰਕ ਦੇ ਰਿਚਮੰਡ ਹਿੱਲ ਇਲਾਕੇ ਦੇ ਆਸ-ਪਾਸ ਵਾਪਰੀ ਸਿੱਖਾਂ ਵਿਰੁੱਧ ਜੁਰਮ ਦੀ ਚੌਥੀ ਘਟਨਾ ਹੈ। ਰਿਚਮੰਡ ਹਿੱਲ ਅਤੇ ਸਾਊਥ ਓਜ਼ੋਨ ਪਾਰਕ ਦੋਵਾਂ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਮੂਲ ਦੇ ਪੰਜਾਬੀ ਲੋਕ ਰਹਿੰਦੇ ਹਨ।
ਸਤਨਾਮ ਸਿੰਘ ਦੀ ਹੱਤਿਆ ਬਾਰੇ ਪੁਲਿਸ ਅਤੇ ਚਸ਼ਮਦੀਦ ਦੇ ਬਿਆਨਾਂ ਵਿੱਚ ਅੰਤਰ ਸੀ। ਨਿਊਯਾਰਕ ਪੁਲਿਸ ਦੇ ਅਨੁਸਾਰ, ਗੋਲੀਬਾਰੀ ਕਰਨ ਵਾਲੇ ਨੇ ਪੈਦਲ ਆ ਕੇ ਸਿੰਘ ਨੂੰ ਜੀਪ ਵਿੱਚ ਬੈਠਦਿਆਂ ਹੀ ਗੋਲੀ ਮਾਰ ਦਿੱਤੀ, ਪਰ ਇੱਕ ਗੁਆਂਢੀ ਨੇ ਦੱਸਿਆ ਕਿ ਹਮਲਾਵਰ ਨੇ ਇੱਕ ਕਾਰ ਵਿਚੋ ਗੋਲੀ ਚਲਾਈ ਸੀ। ਗੁਆਂਢੀ ਨੇ ਪੁਸ਼ਟੀ ਕੀਤੀ ਕਿ ਉਸਦੇ ਘਰ ਦੇ ਸੁਰੱਖਿਆ ਕੈਮਰੇ ਨੇ ਘਟਨਾ ਨੂੰ ਕੈਦ ਕਰ ਲਿਆ ਹੈ। ਪੁਲਿਸ ਨੇ ਐਤਵਾਰ ਸਵੇਰ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਸੀ। ਇਸ ਵਿਚ ਕਿਹਾ ਗਿਆ ਹੈ ਕਿ ਪੁਲਿਸ ਬਿਨਾਂ ਭੜਕਾਹਟ ਦੇ ਹਮਲੇ ਦੇ ਪਿੱਛੇ ਦੇ ਮਕਸਦ ਤੋਂ ਅਣਜਾਣ ਸੀ।ਪੁਲਿਸ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਸਤਨਾਮ ਸਿੰਘ ਨੇ ਆਪਣੇ ਇੱਕ ਦੋਸਤ ਤੋਂ ਜੀਪ ਉਧਾਰ ਲਈ ਸੀ ਅਤੇ ਅਧਿਕਾਰੀ ਇਹ ਨਿਰਧਾਰਤ ਕਰ ਰਹੇ ਹਨ ਕਿ ਕੀ ਉਹ ਸ਼ੂਟਰ ਦਾ ਨਿਸ਼ਾਨਾ ਸੀ ਜਾਂ ਗਲਤੀ ਨਾਲ ਕਿਸੇ ਅਜਿਹੇ ਵਿਅਕਤੀ ਦੁਆਰਾ ਮਾਰਿਆ ਗਿਆ ਸੀ ਜੋ ਅਸਲ ਵਿੱਚ ਕਾਰ ਦੇ ਮਾਲਕ ਨੂੰ ਨਿਸ਼ਾਨਾ ਬਣਾਉਣ ਦਾ ਇਰਾਦਾ ਰੱਖਦਾ ਸੀ।