ਡਿਪਟੀ ਕਮਿਸ਼ਨਰ ਨੇ ਕਿਹਾ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਰੋਜ਼ਾਨਾ ਕੀਤੀ ਜਾਵੇਗੀ ਮੀਟਿੰਗ
ਜਲੰਧਰ ’ਚ ਦਿੱਲੀ-ਕਟੜਾ ਐਕਸਪੈ੍ਰਸਵੇ ਪ੍ਰਾਜੈਕਟਾਂ ਤਹਿਤ ਹੁਣ ਤੱਕ 305.02 ਕਰੋੜ ਵੰਡੇ
ਜਲੰਧਰ, (Jatinder Rawat)- ਦਿੱਲੀ-ਕਟੜਾ ਐਕਸਪ੍ਰੈਸਵੇ ਅਤੇ ਹੋਰਨਾਂ ਹਾਈਵੇ ਪ੍ਰਾਜੈਕਟਾਂ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਮੰਤਵ ਨਾਲ ਮੁੱਖ ਸਕੱਤਰ, ਅਨਿਰੁੱਧ ਤਿਵਾੜੀ ਵਲੋਂ ਅੱਜ ਕੰਪੀਟੈਂਟ ਅਥਾਰਟੀ ਫਾਰ ਲੈਂਡ ਐਕਿਊਜੀਸ਼ਨ ਨੂੰ ਹਦਾਇਤ ਕੀਤੀ ਗਈ ਕਿ ਪ੍ਰਾਜੈਕਟ ਤਹਿਤ ਐਕੁਆਇਰ ਕੀਤੀ ਜਾਣ ਵਾਲੀ ਜ਼ਮੀਨ ਦਾ ਇਕ ਹਫ਼ਤੇ ਦੇ ਅੰਦਰ ਕਬਜ਼ਾ ਲਿਆ ਜਾਵੇ ਤਾਂ ਜੋ ਇਹ ਜ਼ਮੀਨ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਨੂੰ ਸਪੁਰਦ ਕਰਨ ਲਈ ਰਾਹ ਪੱਧਰਾ ਹੋ ਸਕੇ।
ਡਿਪਟੀ ਕਮਿਸ਼ਨਰਾਂ ਨਾਲ ਵੀਡੀਓ ਕਾਨਫਰੰਸ ਦੌਰਾਨ ਦੌਰਾਨ ਮੁੱਖ ਸਕੱਤਰ, ਅਨਿਰੁਧ ਤਿਵਾੜੀ ਨੇ ਕਿਹਾ ਕੰਪੀਟੈਂਟ ਅਥਾਰਟੀ ਫਾਰ ਲੈਂਡ ਐਕਿਊਜ਼ੀਸ਼ਨ ਨੂੰ ਇਸ ਸਬੰਧੀ ਸਾਰੀਆਂ ਅੜਚਨਾਂ ਨੂੰ ਦੂਰ ਕਰਕੇ ਅਗਲੇ ਸੱਤ ਦਿਨਾਂ ਦੇ ਵਿੱਚ-ਵਿੱਚ ਜ਼ਮੀਨ ਦੇ ਬਕਾਇਆ ਕਬਜ਼ੇ ਲੈਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਜਲੰਧਰ ਵਿੱਚ ਦਿੱਲੀ-ਕਟੜਾ ਐਕਸਪ੍ਰੈਸਵੇ ਅਧੀਨ ਆਵੇਗਾ ਕਰੀਬ 72.9 ਕਿਲੋਮੀਟਰ ਦਾ ਹਿੱਸਾ ਆਵੇਾ ਜਿਸ ਵਿੱਚ 29.06 ਕਿਲੋਮੀਟਰ ਜਲੰਧਰ-2, 19.25 ਕਿਲੋਮੀਟਰ ਫਿਲੌਰ, 13.64 ਕਿਲੋਮੀਟਰ (ਅੰਮ੍ਰਿਤਸਰ ਕੁਨੈਕਟੀਵਿਟੀ) ਅਤੇ 10.95 ਕਿਲੋਮੀਟਰ (ਮੇਨ ਅਲਾਈਨਮੈਂਟ) ਤਹਿਤ ਨਕੋਦਰ ਦਾ ਸ਼ਾਮਿਲ ਹੈ ਜਿਸ ਵਿਚੋਂ 43 ਕਿਲੋਮੀਟਰ ਦਾ ਕਬਜ਼ਾ ਪਹਿਲਾਂ ਹੀ ਲਿਆ ਜਾ ਚੁੱਕਾ ਹੈ।
ਉਨ੍ਹਾਂ ਸਬੰਧਿਤ ਅਥਾਰਟੀਆਂ ਨੂੰ ਕਿਹਾ ਕਿ ਇਸ ਪ੍ਰਕਿਰਿਆ ਨੁੂੰ ਜਲਦ ਤੋਂ ਜਲਦ ਮੁਕੰਮਲ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਹੋਰ ਤੇਜ਼ੀ ਲਿਆਦੀ ਜਾਵੇ ਕਿਉਂਕਿ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਇਸ ਅਹਿਮ ਤੇ ਵੱਕਾਰੀ ਪ੍ਰਾਜੈਕਟ ਦੀ ਪ੍ਰਗਤੀ ਦੀ ਨਿਗਰਾਨੀ ਕੀਤੀ ਜਾ ਰਹੀ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਦਿੱਲੀ-ਕਟੜਾ ਐਕਸਪ੍ਰੈਸਵੇ ਪ੍ਰੋਜੈਕਟ ਤਹਿਤ ਜ਼ਮੀਨ ਮਾਲਕਾਂ ਵਿੱਚ ਪਹਿਲਾਂ ਹੀ 305.02 ਕਰੋੜ ਰੁਪਏ ਦੀ ਰਾਸ਼ੀ ਵੰਡੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਐਕਵਾਇਰ ਕਰਨ ਸਬੰਧੀ ਮਸਲਿਆਂ ਦੇ ਹੱਲ ਲਈ ਕਿਸਾਨ ਜਥੇਬੰਦੀਆਂ ਨਾਲ ਮੀਟਿੰਗਾਂ ਕੀਤੀਆਂ ਜਾਣ।
ਥੋਰੀ ਨੇ ਦੱਸਿਆ ਕਿ ਦਿੱਲੀ-ਕਟੜਾ ਐਕਸਪ੍ਰੈਸਵੇ ਸਬੰਧੀ ਜਾਇਜ਼ਾ ਲੈਣ ਲਈ ਮੀਟਿੰਗ ਰੋਜ਼ਾਨਾ ਕੀਤੀ ਜਾਵੇਗੀ ਤਾਂ ਜੋ ਸਾਰੀਆਂ ਕਾਰਵਾਈਆਂ ਸਮੇਂ ਸਿਰ ਮੁਕੰਮਲ ਕੀਤੀਆਂ ਜਾ ਸਕਣ।
ਉਨ੍ਹਾਂ ਵਲੋਂ ਇਸ ਮੌਕੇ ਨੈਸ਼ਨਲ ਹਾਈਵੇਅ ਪ੍ਰਾਜੈਕਟ ਜਿਸ ਵਿੱਚ ਜਲੰਧਰ ਬਾਈਪਾਸ, ਅੰਮ੍ਰਿਤਸਰ-ਬਠਿੰਡਾ ਗ੍ਰੀਨਫੀਲਡ ਬਾਈਪਾਸ ਅਤੇ ਐਨ.ਐਚ.-70 ਨੂੰ ਚੌੜਾ ਕਰਨਾ ਸ਼ਾਮਿਲ ਹੈ ਦਾ ਜਾਇਜ਼ਾ ਲਿਆ ਗਿਆ।
ਇਸ ਮੋਕੇ ਹੋਰਨਾਂ ਤੋਂ ਇਲਾਵਾ ਉਪ ਮੰਡਲ ਮੈਜਿਸਟ੍ਰੇਟ ਬਲਬੀਰ ਰਾਜ ਸਿੰਘ, ਰਣਦੀਪ ਸਿੰਘ ਹੀਰ, ਜ਼ਿਲ੍ਹਾ ਮਾਲ ਅਫ਼ਸਰ ਜਸਨਜੀਤ ਸਿੰਘ ਆਦਿ ਮੌਜੂਦ ਸਨ।
————
ਕੈਪਸ਼ਨ : –
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ, ਮੁੱਖ ਸਕੱਤਰ ਨਾਲ ਵਰਚੂਅਲ ਮੀਟਿੰਗ ’ਚ ਸ਼ਿਰਕਤ ਕਰਦੇ ਹੋਏ।