ਸੰਗਰੂਰ, (ਦਲਜੀਤ ਕੌਰ ਭਵਾਨੀਗੜ੍ਹ)-ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਦੇ ਉਮੀਦਵਾਰ ਸ੍ਰ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਅੱਜ ਉਨ੍ਹਾਂ ਦੇ ਠਾਠਾਂ ਮਾਰਦੇ ਵੋਟਰਾਂ ਦੇ ਇਕੱਠ ਵੱਲੋਂ ਵਿਸ਼ਾਲ ਰੋਡ ਸ਼ੋਅ ਕੀਤਾ ਗਿਆ। ਵਿਸ਼ਾਲ ਕਾਫਲੇ ਦੇ ਰੂਪ ਵਿੱਚ ਇਹ ਰੋਡ ਸ਼ੋਅ ਹਲਕੇ ਅਧੀਨ ਆਉਂਦੇ ਕਸਬਾ ਚੰਨੋ ਤੋਂ ਸ਼ੁਰੂ ਹੋ ਕੇ ਭਵਾਨੀਗੜ੍ਹ, ਝਨੇੜੀ, ਘਰਾਚੋਂ, ਬਲਵਾੜ, ਮੰਗਵਾਲ, ਸ਼ਹਿਰ ਸੰਗਰੂਰ, ਲੱਡਾ, ਧੂਰੀ, ਭਸੌੜ ਹੁੰਦਾ ਹੋਇਆ ਮਾਲੇਰਕੋਟਲਾ ਸ਼ਹਿਰ ਪਹੁੰਚ ਕੇ ਸੰਪੰਨ ਹੋਇਆ। ਰੋਡ ਸ਼ੋਅ ਦੌਰਾਨ ਸ੍ਰ. ਮਾਨ ਇੱਕ ਓਪਨ ਜੀਪ ਵਿੱਚ ਸਵਾਰ ਸਨ ਅਤੇ ਉਨ੍ਹਾਂ ਦੇ ਪਿੱਛੇ ਸੈਂਕੜੇ ਮੋਟਰਸਾਈਕਲ, ਕਾਰਾਂ ਅਤੇ ਹੋਰ ਵਾਹਨਾਂ ਦਾ ਕਾਫਲਾ ਚੱਲ ਰਿਹਾ ਸੀ। ਸ੍ਰ. ਮਾਨ ਨੂੰ ਵੱਖ-ਵੱਖ ਥਾਈਂ ਹਿੰਦੂ, ਮੁਸਲਿਮ, ਸਿੱਖ ਸਮੇਤ ਸਮੂਹ ਭਾਈਚਾਰਿਆਂ ਦੀਆਂ ਜਥੇਬੰਦੀਆਂ ਅਤੇ ਸੰਸਥਾਵਾਂ ਵੱਲੋਂ ਸਿਰੋਪਾਓ ਪਾ ਕੇ ਸਨਮਾਨਿਤ ਵੀ ਕੀਤਾ ਜਾ ਰਿਹਾ ਸੀ। ਰੋਡ ਸ਼ੋਅ ਵਿੱਚ ਸ਼ਾਮਲ ਸ੍ਰ. ਮਾਨ ਦੇ ਸਪੋਟਰ ਨੌਜਵਾਨਾਂ ਵਿੱਚ ਉਤਸ਼ਾਹ ਵੇਖਣਯੋਗ ਸੀ। ਲੋਕਾਂ ਵੱਲੋਂ ਵੱਖ-ਵੱਖ ਥਾਈਂ ਰੋਡ ਸ਼ੋਅ ਦਾ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਰੋਡ ਸ਼ੋਅ ਦੇ ਸਵਾਗਤ ਵਿੱਚ ਥਾਂ-ਥਾਂ ਠੰਡੇ-ਮਿੱਠੇ ਪਾਣੀ ਦੀਆਂ ਛਬੀਲਾਂ ਅਤੇ ਹੋਰ ਸਟਾਲਾਂ ਲਗਾਈਆਂ ਗਈਆਂ।
ਇਸ ਮੌਕੇ ਲੋਕਾਂ ਦੇ ਭਰਵੇਂ ਇਕੱਠ ਅਤੇ ਮਿਲ ਰਹੇ ਪਿਆਰ ਤੋਂ ਖੁਸ਼ ਹੁੰਦਿਆਂ ਸ੍ਰ. ਮਾਨ ਨੇ ਕਿਹਾ ਕਿ ਹਰ ਵਰਗ ਦੇ ਲੋਕਾਂ ਵੱਲੋਂ ਬਹੁਤ ਪਿਆਰ ਮਿਲ ਰਿਹਾ ਹੈ। ਕਿਸਾਨਾਂ, ਮਜਦੂਰਾਂ, ਵਪਾਰੀਆਂ, ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਦੁਕਾਨਦਾਰਾਂ ਸਮੇਤ ਹਰ ਵਰਗ ਦੇ ਲੋਕਾਂ ਵੱਲੋਂ ਪੂਰਨ ਸਮਰੱਥਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀ ਅਮਨ-ਸ਼ਾਂਤੀ, ਖੁਸ਼ਹਾਲੀ ਤੇ ਤਰੱਕੀ ਨੂੰ ਮੁੱਖ ਰੱਖ ਕੇ ਭਾਈਚਾਰਕ ਸਾਂਝੀਵਾਲਤਾ ਦਾ ਸੁਨੇਹੇ ਲੈ ਕੇ ਚੱਲੇ ਹਨ। ਉਨ੍ਹਾਂ ਦਾ ਉਦੇਸ਼ ਪੰਜਾਬ ਦੇ ਹਰ ਵਰਗ ਦੇ ਲੋਕਾਂ ਦੀ ਖੁਸ਼ਹਾਲੀ ਹੈ ਅਤੇ ਲੋਕ ਇਸ ਗੱਲ ਨੂੰ ਸਮਝ ਰਹੇ ਹਨ ਅਤੇ ਪੂਰਾ ਸਾਥ ਦੇ ਰਹੇ ਹਨ। ਉਨ੍ਹਾਂ ਲੋਕਾਂ ਵੱਲੋਂ ਦਿਖਾਏ ਗਏ ਅਪਣੇਪਣ ਅਤੇ ਦਿੱਤੇ ਭਰੋਸੇ ਲਈ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਆਪਣੇ ਆਖਰੀ ਸਾਹਾਂ ਤੱਕ ਲੋਕਾਂ ਦੇ ਹੱਕਾਂ ਲਈ ਲੜਦਾ ਰਹਾਂਗਾ। ਕਿਸੇ ਵੀ ਜਾਤ-ਪਾਤ, ਧਰਮ ਅਤੇ ਅਮੀਰੀ-ਗਰੀਬੀ ਦੇ ਫਰਕ ‘ਤੇ ਕਿਸੇ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਪੰਜਾਬ ਦੀ ਨੌਜਵਾਨੀ ਲਈ ਰੁਜਗਾਰ ਦੇ ਵਸੀਲੇ ਪੈਦਾ ਕਰਕੇ ਉਨ੍ਹਾਂ ਦੇ ਜੀਵਨ ਨੂੰ ਸੁਨਹਿਰੀ ਬਣਾਉਣਾ ਹੀ ਸਾਡਾ ਮੁੱਖ ਟੀਚਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਸੇਵਕ ਸਿੰਘ ਜਵਾਹਰਕੇ, ਬੀਬੀ ਹਰਪਾਲ ਕੌਰ, ਬੀਬੀ ਪ੍ਰਕਾਸ਼ ਕੌਰ, ਐਡਵੋਕੇਟ ਮਨਦੀਪ ਕੌਰ, ਹਰਦੀਪ ਸਿੰਘ, ਗੁਰਬੀਰ ਸਿੰਘ ਚੰਨੋ, ਮਨਦੀਪ ਸਿੰਘ, ਬਲਵਿੰਦਰ ਸਿੰਘ ਘਰਾਚੋਂ, ਲਾਡੀ ਮੰਗਵਾਲ, ਮੀਤਾ ਮੰਗਵਾਲ, ਸੁਖਵਿੰਦਰ ਸਿੰਘ ਮੰਗਵਾਲ, ਮੁਸਲਿਮ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਵਜੀਰ ਖਾਨ, ਵਪਾਰੀ ਆਗੂ ਵਿਪਿਨ ਮਿੱਤਲ, ਕੁਲਵੰਤ ਲੱਡੀ , ਗੁਰਕ੍ਰਿਪਾਲ ਸਿੰਘ ਥਲੇਸਾ ਸਮੇਤ ਵੱਡੀ ਗਿਣਤੀ ਵਿੱਚ ਆਗੂ, ਪਾਰਟੀ ਵਰਕਰ, ਸਪੋਟਰਜ਼ ਹਾਜਰ ਸਨ।