ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਵਰਜੀਨੀਆ ਵਿਚ ਹੋਪਵੈਲ ਵਿਖੇ ਇਕ ਸੰਘੀ ਜੇਲ ਕੈਂਪ ਵਿਚੋਂ 4 ਕੈਦੀ ਚਕਮਾ ਦੇ ਕੇ ਫਰਾਰ ਹੋ ਗਏ। ਇਹ ਜਾਣਕਾਰੀ ਫੈਡਰਲ ਬਿਊਰੋ ਆਫ ਪ੍ਰਿਜਨਜ ( ਬੀ ਓ ਪੀ) ਨੇ ਜਾਰੀ ਪ੍ਰੈਸ ਰਲੀਜ ਵਿਚ ਦਿੱਤੀ ਹੈ। ਇਨਾਂ ਕੈਦੀਆਂ ਵਿਚ ਕੋਰੇ ਬ੍ਰਾਂਚ, ਟਵਾਰੇਸ ਲਾਜੂਏਨ ਗ੍ਰਾਹਮ, ਲਮੋਨਟ ਰਸ਼ਵਾਨ ਵਿਲਜ ਤੇ ਕਰੀਮ ਅਲੇਨ ਸ਼ਾਅ ਸ਼ਾਮਿਲ ਹਨ। ਜਾਰੀ ਪ੍ਰੈਸ ਰਲੀਜ ਵਿਚ ਕੈਦੀਆਂ ਦੇ ਫਰਾਰ ਹੋਣ ਦਾ ਵੇਰਵਾ ਨਹੀਂ ਦਿੱਤਾ ਗਿਆ ਹੈ ਤੇ ਕੇਵਲ ਏਨੇ ਕਿਹਾ ਗਿਆ ਹੈ ਕਿ ਇਹ ਕੈਦੀ ਫੈਡਰਲ ਕੋਰੈਕਸ਼ਨਲ ਕੰਪਲੈਕਸ ਪੀਟਰਸਬਰਗ ਦੇ ਸੇਟਲਾਈਟ ਜੇਲ ਕੈਂਪ ਵਿਚੋਂ ਤੜਕਸਾਰ 1.45 ਵਜੇ ਫਰਾਰ ਹੋਏ ਹਨ। ਯੂ ਐਸ ਮਾਰਸ਼ਲ ਸਰਵਿਸ, ਐਫ ਬੀ ਆਈ ਤੇ ਹੋਰ ਲਾਅ ਇਨਫੋਰਸਮੈਂਟ ਏਜੰਸੀਆਂ ਫਰਾਰ ਹੋਏ ਕੈਦੀਆਂ ਦੀ ਭਾਲ ਵਿਚ ਮੱਦਦ ਕਰ ਰਹੀਆਂ ਹਨ। ਇਹ ਕੈਦੀ ਵੱਖ ਵੱਖ ਅਪਰਾਧਾਂ ਤਹਿਤ 120 ਮਹੀਨੇ ਤੋਂ 216 ਮਹੀਨਿਆਂ ਦੀ ਸਜ਼ਾ ਭੁੱਗਤ ਰਹੇ ਸਨ।