ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਬੀਤੇ ਦਿਨ ਇਕ ਅਚਨਚੇਤ ਵਾਪਰੀ ਘਟਨਾ ਵਿਚ ਲੂਇਸਵਿਲੇ (ਕੈਂਟੂਕੀ) ਦੇ ਮੇਅਰ ਦੇ ਅਣਪਛਾਤੇ ਹਮਲਾਵਰ ਨੇ ਮੁੱਕਾ ਜੜ ਦਿੱਤਾ। ਇਹ ਘਟਨਾ ਲੂਇਸਵਿਲੇ ਦੇ ਪ੍ਰਸਿੱਧ ਡਾਊਨ ਟਾਊਨ ਈਵੈਂਟ ਕੰਪਲੈਕਸ ਵਿਚ ਵਾਪਰੀ। ਲੂਇਸਵਿਲੇ ਮੈਟਰੋ ਪੁਲਿਸ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਵੇਲੇ ਆਸ ਪਾਸ ਦੇ ਲੋਕ ਹੱਕੇਬੱਕੇ ਰਹਿ ਗਏ ਜਦੋਂ ਮੇਅਰ ਗਰੇਗ ਫਿਸ਼ਰ ਦੇ ਇਕ ਵਿਅਕਤੀ ਵੱਲੋਂ ਮੁੱਕਾ ਮਾਰ ਦਿੱਤਾ ਗਿਆ ਤੇ ਉਹ ਘਟਨਾ ਸਥਾਨ ਤੋਂ ਰਫੂਚੱਕਰ ਹੋ ਗਿਆ। ਪੁਲਿਸ ਨੇ ਕਿਹਾ ਹੈ ਕਿ ਮੇਅਰ ਠੀਕ ਠਾਕ ਹੈ ਤੇ ਉਹ ਸ਼ੱਕੀ ਹਮਲਾਵਰ ਦੀ ਤੇਜੀ ਨਾਲ ਭਾਲ ਕਰ ਰਹੀ ਹੈ। ਪੁਲਿਸ ਨੇ ਸ਼ੱਕੀ ਦੀਆਂ ਤਸਵੀਰਾਂ ਤੇ ਵੀਡੀਓ ਵੀ ਜਾਰੀ ਕੀਤੀਆਂ ਹਨ। ਪੁਲਿਸ ਅਨੁਸਾਰ ਉਹ ਘਟਨਾ ਦੀ ਜਾਂਚ ਕਰ ਰਹੀ ਹੈ ਤੇ ਜਦੋਂ ਵੀ ਇਸ ਮਾਮਲੇ ਵਿਚ ਹੋਰ ਜਾਣਕਾਰੀ ਮਿਲੀ ਉਹ ਪ੍ਰੈਸ ਨਾਲ ਸਾਂਝੀ ਕਰੇਗੀ। ਡੈਮੋਕਰੈਟਿਕ ਆਗੂ ਗਰੇਗ ਫਿਸ਼ਰ ਕੈਂਟੂਕੀ ਦੇ ਵੱਡੇ ਸ਼ਹਿਰ ਲੂਇਸਵਿਲੇ ਦੇ ਤੀਸਰੀ ਵਾਰ ਮੇਅਰ ਚੁਣੇ ਗਏ ਸਨ । ਕਾਨੂੰਨ ਅਨੁਸਾਰ ਉਹ ਚੌਥੀ ਵਾਰ ਮੇਅਰ ਦੀ ਚੋਣ ਨਹੀਂ ਲੜ ਸਕਦੇ। ਅਗਲੇ ਨਾਮਜ਼ਦ ਡੈਮੋਕਰੈਟਿਕ ਮੇਅਰ ਕਰੈਗ ਗਰੀਨਬਰਗ ਨੇ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਅਸੀਂ ਹਿੰਸਾ ਨਾਲ ਆਪਣੇ ਮੱਤਭੇਦਾਂ ਨੂੰ ਹੱਲ ਨਹੀਂ ਕਰ ਸਕਦੇ। ਉਨਾਂ ਨੇ ਗਰੇਗ ਫਿਸ਼ਰ ਲਈ ਸ਼ੁੱਭ ਕਾਮਨਾਵਾਂ ਵੀ ਭੇਜੀਆਂ ਹਨ।