ਜਲੰਧਰ (Jatinder Rawat)- ਐਂਟੀ ਬੈਗਿੰਗ ਟਾਸਕ ਫੋਰਸ ਵੱਲੋਂ ਵੀਰਵਾਰ ਨੂੰ ਸ਼ਹਿਰ ਦੇ ਵੱਖ-ਵੱਖ ਟ੍ਰੈਫਿਕ ਲਾਈਟ ਪੁਆਇੰਟਾਂ ਤੋਂ ਛੇ ਲੜਕੀਆਂ ਅਤੇ ਚਾਰ ਲੜਕਿਆਂ ਸਮੇਤ 10 ਬੱਚਿਆਂ ਨੂੰ ਛੁਡਾਇਆ ਗਿਆ।
ਡੀ.ਸੀ.ਪੀ.ਓ. ਅਜੈ ਭਾਰਤੀ, ਡੀ.ਪੀ.ਓ. ਇੰਦਰਜੀਤ ਕੌਰ, ਥਾਣਾ ਮੁਖੀ ਰਵੇਲ ਸਿੰਘ, ਚਾਈਲਡਲਾਈਨ ਟੀਮ ਦੇ ਮੈਂਬਰਾਂ ਲਵਲੀ, ਹਿਮਾਂਸ਼ੂ ਅਤੇ ਜਸਲੀਨ ਕੌਰ ਦੀ ਅਗਵਾਈ ਵਿੱਚ ਅਧਿਕਾਰੀਆਂ ਦੀ ਟੀਮ ਵੱਲੋਂ ਗੁਰੂ ਨਾਨਕ ਮਿਸ਼ਨ ਚੌਕ, ਨਿੱਕੂ ਪਾਰਕ, ਚੁਨਮੁਨ ਚੌਕ ਅਤੇ ਬੱਸ ਸਟੈਂਡ ਤੋਂ ਬੱਚਿਆਂ ਨੂੰ ਛੁਡਵਾਇਆ ਗਿਆ, ਜੋ ਕਿ ਤਕਰੀਬਨ ਸੱਤ ਤੋਂ ਅਠਾਰਾਂ ਸਾਲ ਦੀ ਉਮਰ ਤੱਕ ਦੇ ਹਨ। ਉਪਰੰਤ ਇਨ੍ਹਾਂ ਨੂੰ ਡਾਕਟਰੀ ਜਾਂਚ ਲਈ ਸਿਵਲ ਹਸਪਤਾਲ ਲਿਜਾਇਆ ਗਿਆ।
ਇਸ ਤੋਂ ਬਾਅਦ ਇਨ੍ਹਾਂ ਨੂੰ ਬਾਲ ਭਲਾਈ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਸ ਵੱਲੋਂ ਛੇ ਲੜਕੀਆਂ ਨੂੰ ਗਾਂਧੀ ਵਨੀਤਾ ਆਸ਼ਰਮ ਅਤੇ ਚਾਰ ਲੜਕਿਆਂ ਨੂੰ ਹੁਸ਼ਿਆਰਪੁਰ ਦੇ ਚਿਲਡਰਨ ਹੋਮ ਫਾਰ ਬੁਆਏਜ਼ ਵਿਖੇ ਭੇਜ ਦਿੱਤਾ ਗਿਆ। ਬੱਚਿਆਂ ਨੂੰ ‘ਵਿੱਦਿਆ ਪ੍ਰਕਾਸ਼-ਸਕੂਲ ਵਾਪਸੀ ਦਾ ਆਗਾਜ਼’ ਪ੍ਰਾਜੈਕਟ ਤਹਿਤ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ ਅਤੇ ਹੋਮ ਵਿੱਚ ਰੱਖ ਕੇ ਪੜ੍ਹਾਈ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਵੇਗਾ। ਜੇਕਰ ਕੋਈ ਬੱਚਾ ਕਿਸੇ ਕਿੱਤੇ ਦਾ ਸ਼ੌਂਕ ਰੱਖਦਾ ਹੈ ਤਾਂ ਉਸ ਨੂੰ ਵੋਕੇਸ਼ਨਲ ਟ੍ਰੇਨਿੰਗ ਵੀ ਮੁਹੱਈਆ ਕਰਵਾਈ ਜਾਵੇਗੀ l