ਕੱਲ੍ਹ 4 ਵਜੇ ਮੁੜ ਹੋਵੇਗੀ ਮੰਤਰੀ ਪੱਧਰ ਦੀ ਮੀਟਿੰਗ
ਦਲਜੀਤ ਕੌਰ ਭਵਾਨੀਗੜ੍ਹ
ਚੰਡੀਗੜ੍ਹ,- ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਅੱਜ ਮਜ਼ਦੂਰ ਜਥੇਬੰਦੀਆਂ ਦੀ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਹਾਂ-ਪੱਖੀ ਮਾਹੌਲ ‘ਚ ਹੋਈ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਤਰਸੇਮ ਪੀਟਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਸੰਜੀਵ ਮਿੰਟੂ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਅਤੇ ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਕੁਲਵੰਤ ਸਿੰਘ ਸੇਲਬਰਾਹ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਜ਼ਦੂਰ ਜਥੇਬੰਦੀਆਂ ਨੂੂੰ ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਜ਼ਮੀਨ ਸਸਤੇ ਭਾਅ ਪਟੇ ‘ਤੇ ਲੈਣ ਅਤੇ ਪੰਚਾਇਤੀ ਜ਼ਮੀਨਾਂ ਦੀਆਂ ਹੋਈਆਂ ਡੰਮੀ ਬੋਲੀਆਂ ਰੱਦ ਕਰਨ, ਡੰਮੀ ਬੋਲੀਆਂ ਦਾ ਤੁਰੰਤ ਰੀਵਿਊ ਕਰਨ, ਤਿੰਨ ਸਾਲ ਲਈ ਜ਼ਮੀਨ ਪਟੇ ‘ਤੇ ਦੇਣ ਸਬੰਧੀ ਰੱਦ ਕੀਤਾ ਨੋਟੀਫਿਕੇਸ਼ਨ ਮੁੜ ਬਹਾਲ ਕਰਨ ਬਾਰੇ ਹਾਂ ਪੱਖੀ ਕਦਮ ਚੁੱਕਣ ਅਤੇ ਸੁਸਾਇਟੀ ਬਣਾਕੇ ਜ਼ਮੀਨ ਪਟੇ ਦੇਣ ਬਾਰੇ ਜ਼ਰੂਰੀ ਕਾਨੂੰਨੀ ਰਾਇ ਮਸ਼ਵਰੇ ਤੋਂ ਬਾਅਦ ਜਥੇਬੰਦੀਆਂ ਦੀ ਤਸੱਲੀ ਮੁਤਾਬਕ ਕਾਨੂੰਨੀ ਪ੍ਰਬੰਧ ਕਰਨ ਦਾ ਭਰੋਸਾ ਦਿੱਤਾ ਗਿਆ।
ਆਗੂਆਂ ਨੇ ਦੱਸਿਆ ਕਿ ਮੁੱਖ਼ ਮੰਤਰੀ ਵੱਲੋਂ ਕਿਹਾ ਗਿਆ ਕਿ ਪੰਚਾਇਤੀ ਤੇ ਸਾਮਲਾਟ ਜ਼ਮੀਨਾਂ ‘ਤੇ ਮਜਬੂਰੀ ਵੱਸ ਕਾਬਜ਼ ਮਜ਼ਦੂਰਾਂ ਤੇ ਹੋਰ ਗਰੀਬ ਲੋਕਾਂ ਨੂੰ ਕਦਾਚਿੱਤ ਵੀ ਨਹੀਂ ਉਜਾੜਿਆ ਜਾਵੇਗਾ। ਇਸ ਸਮੇਂ ਮੁੱਖ ਮੰਤਰੀ ਵੱਲੋਂ ਮਜ਼ਦੂਰਾਂ ਦੀ ਉਜਰਤ ਵਧਾਉਣ ਦੀ ਮੰਗ ਨਾਲ਼ ਸਹਿਮਤੀ ਪ੍ਰਗਟਾਉਂਦਿਆਂ ਲੇਬਰ ਕਮਿਸ਼ਨਰ ਦੀ ਹਾਜ਼ਰੀ ‘ਚ ਢੁਕਵੇ ਕਦਮ ਚੁੱਕਣ ਦਾ ਭਰੋਸਾ ਦਿੱਤਾ ਗਿਆ। ਉਹਨਾਂ ਝੋਨਾ ਲਵਾਈ ਦੇ ਰੇਟਾਂ ਨੂੰ ਲੈਕੇ ਕੁਝ ਪਿੰਡਾਂ ‘ਚ ਮਜ਼ਦੂਰਾਂ ਦੇ ਸਮਾਜਿਕ ਬਾਈਕਾਟ ਕਰਨ ਦੇ ਐਲਾਨਾਂ ਨੂੰ ਮੰਦਭਾਗਾ ਕਰਾਰ ਦਿੰਦਿਆਂ ਇਹਨਾਂ ਨੂੰ ਤੁਰੰਤ ਰੋਕਣ ਦੀ ਹਾਮੀ ਭਰਦਿਆਂ ਡਿਪਟੀ ਕਮਿਸ਼ਨਰਾਂ ਰਾਹੀਂ ਇਸ ਵਰਤਾਰੇ ਨੂੰ ਰੋਕਣ ਲਈ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕਰਨ ਦੇ ਅਧਿਕਾਰੀਆਂ ਨੂੰ ਹੁਕਮ ਵੀ ਦਿੱਤੇ ਪਰ ਝੋਨਾ ਲਵਾਈ ਦਾ ਰੇਟ ਛੇ ਹਜ਼ਾਰ ਰੁਪਏ ਤੋਂ ਘੱਟ ਮਿਲਣ ‘ਤੇ ਇਸਦੀ ਭਰਪਾਈ ਸਰਕਾਰ ਵੱਲੋਂ ਕਰਨ ‘ਤੇ ਹਾਲੇ ਕੋਈ ਸਹਿਮਤੀ ਨਾ ਬਣੀ।