ਲੁਧਿਆਣਾ- ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਅੱਜ ਸਵੇਰੇ ਵੱਟਸਐਪ ਕਾਲ ਜ਼ਰੀਏ ਵਿਦੇਸ਼ਾਂ ਤੋਂ ਧਮਕੀ ਆਈ ਹੈ, ਜਿਸ ਬਾਰੇ ਉਨ੍ਹਾਂ ਨੇ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਨੂੰ ਸ਼ਿਕਾਇਤ ਭੇਜ ਦਿੱਤੀ ਹੈ। ਫੋਨ ਕਾਲ ਵਿੱਚ ਧਮਕੀ ਦੇਣ ਵਾਲਿਆਂ ਨੇ ਕਿਹਾ ਹੈ ਕਿ ਅਗਲਾ ਨੰਬਰ ਉਸ ਦਾ ਲੱਗਣ ਵਾਲਾ ਹੈ। ਇਸ ਸਬੰਧੀ ਫੋਨ ’ਤੇ ਜਾਣਕਾਰੀ ਦਿੰਦੇ ਹੋਏ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟ ਦੇ ਪੀਏ ਨੇ ਦੱਸਿਆ ਕਿ ਐੱਮਪੀ ਨੂੰ ਇਹ ਧਮਕੀ ਅੱਜ ਸਵੇਰੇ ਸਾਢੇ 9 ਵਜੇ ਦੇ ਕਰੀਬ ਮਿਲੀ ਹੈ। ਪਹਿਲਾਂ ਉਨ੍ਹਾਂ ਨੂੰ ਵਿਦੇਸ਼ੀ ਨੰਬਰ ਤੋਂ ਵੱਟਸਐਪ ਕਾਲ ਆਈ ਤੇ ਫਿਰ ਗਰੁੱਪ ਕਾਲ ਆਈ, ਉਸ ਵਿੱਚ ਉਨ੍ਹਾਂ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਉਨ੍ਹਾਂ ਦੇ ਪੀਏ ਨੇ ਦੱਸਿਆ ਕਿ ਲੋਕ ਸਭਾ ਮੈਂਬਰ ਨੇ ਇਸ ਸਬੰਧੀ ਪੁਲੀਸ ਕਮਿਸ਼ਨਰ ਨੂੰ ਸ਼ਿਕਾਇਤ ਭੇਜ ਦਿੱਤੀ ਹੈ।