ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਚਰਚਿਤ ਜਾਰਜ ਫਲਾਇਡ ਹੱਤਿਆ ਮਾਮਲੇ ਵਿਚ ਮਿਨੇਆਪੋਲਿਸ ਦੇ ਦੋ ਸਾਬਕਾ ਪੁਲਿਸ ਅਫਸਰਾਂ ਵਿਰੁੱਧ ਰਾਜ ਦੁਆਰਾ ਕੀਤੇ ਮੁਕੱਦਮੇ ਦੀ ਅਗਲੀ ਸੁਣਵਾਈ ਅਗਲੇ ਸਾਲ ਜਨਵਰੀ ਵਿਚ ਹੋਵੇਗੀ। ਇਹ ਫੈਸਲਾ ਹੇਨੀਪਿਨ ਕਾਉਂਟੀ ਦੇ ਜੱਜ ਪੀਟਰ ਕਾਹਿਲ ਨੇ ਸੁਣਾਇਆ ਹੈ। ਟੋਊ ਥਾਓ ਤੇ ਜੇ ਅਲੈਗਜੈਂਡਰ ਕੁਏਂਗ ਨਾਮੀ ਦੋ ਸਾਬਕਾ ਪੁਲਿਸ ਅਫਸਰਾਂ ਵਿਰੁੱਧ ਗੈਰ ਇਰਾਦਾ ਕਤਲ ਤੇ ਕਤਲ ਵਿੱਚ ਸਹਾਇਤਾ ਕਰਨ ਦੇ ਦੋਸ਼ਾਂ ਤਹਿਤ ਸੁਣਵਾਈ ਲਈ ਜੱਜਾਂ ਦੀ ਚੋਣ ਅਗਲੇ ਹਫਤੇ ਸ਼ੁਰੂ ਹੋਵੇਗੀ। ਇਨਾਂ ਦੋਨਾਂ ਸਾਬਕਾ ਪੁਲਿਸ ਅਫਸਰਾਂ ਨੇ ਆਪਣੇ ਆਪ ਨੂੰ ਬੇਗੁਨਾਹ ਦੱਸਿਆ ਹੈ ਪਰੰਤੂ ਇਸਤਗਾਸਾ ਪੱਖ ਦੀ ਦਲੀਲ ਹੈ ਕਿ ਇਨਾਂ ਨੇ ਹੱਤਿਆ ਵਿਚ ਮੱਦਦ ਕੀਤੀ ਜੇਕਰ ਇਹ ਸਮੇ ਸਿਰ ਦਖਲ ਦੇ ਕੇ ਜਾਰਜ ਫਲਾਇਡ ਦੀ ਧੌਣ ਉਪਰ ਗੋਡਾ ਰਖ ਕੇ ਬੈਠੇ ਤਤਕਾਲ ਪੁਲਿਸ ਅਫਸਰ ਡੈਰਿਕ ਚੌਵਿਨ ਨੂੰ ਅਜਿਹਾ ਕਰਨ ਤੋਂ ਰੋਕ ਦਿੰਦੇ ਤਾਂ ਉਸ ਦੀ ਜਾਨ ਬੱਚ ਸਕਦੀ ਸੀ। ਪੀਟਰ ਕਾਹਿਲ ਨੇ ਆਪਣੇ ਫੈਸਲੇ ਵਿਚ ਲਿਖਿਆ ਹੈ ਕਿ ਉਸ ਵਾਸਤੇ ਦੋਨਾਂ ਪੁਲਿਸ ਅਫਸਰਾਂ ਨੂੰ ਨਿਰਦੋਸ਼ ਮੰਨ ਲੈਣਾ ਮੁਸ਼ਕਿਲ ਹੈ। ਥਾਓ ਤੇ ਕੁਏਂਗ ਨੂੰ ਇਕ ਸੰਘੀ ਅਦਾਲਤ ਪਹਿਲਾਂ ਹੀ ਫਲਾਇਡ ਦੀ ਹੱਤਿਆ ਮਾਮਲੇ ਵਿਚ ਦੋਸ਼ੀ ਕਰਾਰ ਦੇ ਚੁੱਕੀ ਹੈ। ਸੰਘੀ ਅਦਾਲਤ ਨੇ ਇਨਾਂ ਨੂੰ ਸਜ਼ਾ ਸੁਣਾਉਣ ਲਈ ਅਜੇ ਤਰੀਕ ਦਾ ਐਲਾਨ ਨਹੀਂ ਕੀਤਾ ਹੈ। ਇਸ ਮਾਮਲੇ ਵਿਚ ਪਿਛਲੇ ਮਹੀਨੇ ਤੀਸਰੇ ਪੁਲਿਸ ਅਫਸਰ ਥਾਮਸ ਲੇਨ ਨੇ ਹੱਤਿਆ ਵਿਚ ਸਹਾਇਤਾ ਕਰਨ ਦਾ ਦੋਸ਼ ਮੰਨ ਲਿਆ ਸੀ। ਉਸ ਨੂੰ ਸੰਤਬਰ 2022 ਵਿਚ ਸਜਾ ਸੁਣਾਈ ਜਾਵੇਗੀ। 25 ਮਈ 2020 ਨੂੰ ਡੈਰਕ ਚੌਵਿਨ ਨਾਮੀ ਪੁਲਿਸ ਅਫਸਰ ਨੇ ਜਾਰਜ ਫਲਾਇਡ ਨੂੰ ਪੁੱਠਾ ਲਿਟਾ ਕੇ ਉਸ ਦੀ ਧੌਣ ਉਪਰ ਆਪਣੀ ਪੂਰੀ ਤਾਕਤ ਨਾਲ 9 ਮਿੰਟ ਤੋਂ ਵਧ ਸਮਾਂ ਗੋਡਾ ਰਖੀ ਰਖਿਆ ਸੀ ਜਿਸ ਕਾਰਨ ਸਾਹ ਬੰਦ ਹੋਣ ਕਾਰਨ ਫਲਾਇਡ ਦੀ ਮੌਤ ਹੋ ਗਈ ਸੀ। ਉਸ ਸਮੇ ਫਲਾਇਡ ਦੇ ਦੋਨੋਂ ਹੱਥ ਵੀ ਬੰਨੇ ਹੋਏ ਸਨ। ਚੌਵਿਨ ਨੇ ਆਪਣੇ ਉਪਰ ਲੱਗੇ ਦੋਸ਼ ਮੰਨ ਲਏ ਸਨ। ਉਸ ਨੂੰ 22 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ ਜੋ ਇਸ ਸਮੇ ਜੇਲ ਵਿਚ ਹੈ।