ਔਰਤਾਂ ਦੇ ਵਧ ਰਹੇ ਦਿਨੋ ਦਿਨ ਸ਼ੋਸ਼ਣ ਦੀਆਂ ਘਟਨਾਵਾਂ ਅਸੀ ਅਕਸਰ ਰੋਜ਼ ਹੀ ਦੇਖਦੇ ਹਾਂ।ਕੋਈ ਸਮਾਂ ਸੀ ਜਦੋਂ ਪੰਜਾਬ ਵਿੱਚ ਔਰਤਾਂ ਦੀ ਸੁਰੱਖਿਆ ਪ੍ਰਸ਼ਾਸ਼ਣ ਨਹੀਂ ਸਗੋਂ ਸਾਡੇ ਪੰਜਾਬੀ ਸਮਾਜ ਦੁਆਰਾ ਪੰਜਾਬੀਅਤ ਦੀ ਇੱਜਤ ਨੂੰ ਸਮਝ ਕੇ ਕੀਤੀ ਜਾਂਦੀ ਸੀ।ਔਰਤ ਦੀ ਸਥਿਤੀ ਪੁਰਾਣੇ ਪੰਜਾਬ ਵਿੱਚ ਕਿਤੇ ਸੁਰੱਖਿਅਤ ਸੀ।ਮੰਨਦੇ ਹਾਂ ਹਿੰਸਾਂ ਦੰਗਿਆਂ ਵਿੱਚ ਔਰਤਾਂ ਨੂੰ ਬਲੀ ਦਾ ਬਕਰਾ ਬਣਾਇਆ ਗਿਆ ਪਰ ਇਹ ਦੇਣ ਸਰਾਰਤੀ ਤੇ ਹਿੰਸਾਵਾਦਕ ਧੜਿਆਂ ਵਲੋਂ ਕੀਤੀ ਜਾਂਦੀ ਰਹੀ।ਪਰ ਜਿਸ ਤਰਾ ਪੁਰਾਣੇ ਪੰਜਾਬ ਵਿੱਚ ਸ਼ਾਂਤੀ ਤੇ ਔਰਤ ਦੀ ਸ਼ਰਮ ਲੱਜਤ ਤੇ ਉਸ ਵੱਲ ਕੋਈ ਅੱਖ ਭਰਕੇ ਨਹੀਂ ਸੀ ਵੇਖਦਾ ਅੱਜ ਦੇ ਹਲਾਤ ਸਾਡੇ ਪੰਜਾਬ ਦੇ ਅਜਿਹੇ ਹੋ ਚੁੱਕੇ ਹਨ ਆਪਣੇ ਹੀ ਸਕੇ,ਸਕੇ ਨਹੀਂ ਰਹੇ।
ਪੰਜਾਬ ਵਿੱਚ ਪੜਨ ਵਾਲੀਆਂ ਲੜਕੀਆਂ ਦੀ ਦਸ਼ਾ ਤਾ ਹੋਰ ਵੀ ਖਰਾਬ ਹੋ ਚੁੱਕੀ ਹੈ।ਕੋਈ ਵੀ ਲੜਕੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀ ਕਰਦੀ।ਸਕੂਲ,ਕਾਲਜ਼ ਪੜਨ ਵਾਲੀਆਂ ਕੁੜੀਆਂ ਦਾ ਮੁੰਡਿਆਂ ਵੱਲੋ ਪਿੱਛਾ ਕੀਤਾ ਜਾਂਦਾ ਰੋਜ਼ ਰੋਜ਼ ਦੇ ਇਸ ਡਰ ਨੂੰ ਨਾ ਉਹ ਆਪਣੇ ਘਰ ਦੱਸਣ ਦੀ ਹਿੰਮਤ ਕਰਦੀਆਂ ਅਤੇ ਨਾ ਹੀ ਸਮਾਜ਼ ਵਿੱਚ ਇੱਜਤ ਦੇ ਡਰ ਤੋਂ ਉਹਨਾ ਸ਼ਰਾਰਤੀ ਅਨਸਰਾਂ ਦਾ ਵਿਰੋਧ ਕਰ ਪਾਉਂਦੀਆਂ।ਜੇਕਰ ਘਰ ਆਪਣੇ ਨਾਲ ਹੁੰਦੀਆਂ ਇਹਨਾ ਘਟਨਾਵਾਂ ਬਾਰੇ ਦਸਦੀਆਂ ਹਨ ਤਾਂ ਉਹਨਾ ਨੂੰ ਆਪਣੇ ਭਵਿੱਖ ਤੇ ਦੇਖੇ ਸੁਪਨਿਆਂ ਦੇ ਦਰਵਾਜੇ ਹਮੇਸ਼ਾ ਲਈ ਬੰਦ ਹੋ ਜਾਣਗੇ।
ਸਕੂਲ ਕਾਲਜ ਪੜਨ ਵਾਲੀਆਂ ਲੜਕੀਆਂ ਦੇ ਮਾਪੇ ਵੀ ਇਸ ਅਪਰਾਧ ਦੇ ਡਰੋਂ ਆਪਣੀਆਂ ਲੜਕੀਆਂ ਨੂੰ ਪੜਨ ਤੋ ਹਟਾ ਲੈਂਦੇ ਹਨ ਜਦ ਕਿ ਸਾਨੂੰ ਅਜਿਹੇ ਅਨਸਰਾਂ ਦਾ ਵਿਰੋਧ ਕਰਨਾ ਚਾਹੀਦਾ ਹੈ।ਪਰ ਅਸਲ ਵਿੱਚ ਸਮਾਜ ਵਿੱਚ ਇੱਜਤ ਦੀ ਖਾਤਿਰ ਇਕ ਪਰਿਵਾਰ ਆਪਣੀ ਬੇਕਸੂਰ ਲੜਕੀ ਨੂੰ ਉਸਦੇ ਸੁਪਨਿਆਂ ਤੋਂ ਵਾਂਝਾ ਰੱਖ ਦਿੰਦਾ ਹੈ।ਕਿਉਂ ਸਾਡੇ ਸਮਾਜ ਵਿੱਚ ਲੜਕੀਆਂ ਨੂੰ ਡਰ ਤੋਂ ਪੜਨ ਲਈ ਉਚੇਰੀ ਵਿੱਦਿਆ ਲਈ ਅੱਗੇ ਨਹੀ ਲਗਾਇਆ ਜਾਂਦਾ।ਮੈ ਅੱਜ ਵੀ ਅਜਿਹੇ ਬਹੁਤ ਪਰਿਵਾਰ ਦੇਖੇ ਹਨ ਜਿਹਨਾ ਵਿੱਚ ਸਕੂਲ ਦੀ ਪੜਾਈ ਬਾਦ ਕੁੜੀਆਂ ਨੂੰ ਇਹ ਕਹਿਕੇ ਅਗਲੇਰੀ ਪੜਾਈ ਲਈ ਸ਼ਹਿਰ ਦੇ ਕਾਲਜ਼ ਨਹੀਂ ਪੜਨ ਲਗਾਇਆ ਜਾਂਦਾ ਕਿਉਂ ਕਿ ਜਮਾਨਾ ਠੀਕ ਨਹੀਂ,ਕੁੜੀਆਂ ਸੁਰੱਖਿਅਤ ਨਹੀਂ,ਕਾਲਜਾਂ ਦੇ ਮਹੌਲ ਠੀਕ ਨਹੀਂ,ਕੁੜੀਆਂ ਆਪ ਮੁਹਾਰੀਆਂ ਹੋ ਜਾਂਦੀਆਂ।ਇਕ ਕੁੜੀ ਤੇ ਕੀ ਬੀਤਦੀ ਹੈ ਜਿਸ ਦੀਆਂ ਸਾਰੀਆਂ ਸੱਧਰਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ।ਜੁਲਮ ਤੇ ਔਰਤ ਨਾਲ ਹੁੰਦੇ ਸ਼ੋਸ਼ਣ ਦੇ ਵਿਰੁੱਧ ਲੜਨ ਦੀ ਬਜਾਇ ਕਿਉਂ ਸਾਡਾ ਸਮਾਜ਼ ਕਾਇਰ ਬਣਦਾ ਜਾ ਰਿਹਾ।ਇਸ ਵਿੱਚ ਕੁੜੀਆਂ ਦਾ ਕੀ ਦੋਸ਼।ਅਸਲ ਵਿੱਚ ਸਾਡੇ ਸਮਾਜ ਵਿੱਚ ਪਹਿਲਾਂ ਵਾਲਾ ਏਕਾ ਨਹੀ ਰਿਹਾ।ਹਰ ਕੋਈ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਿਹਾ,ਆਪਣੇ ਫਾਇਦੇ ਲਈ ਉਹ ਚੰਗਾ ਮਾੜਾ ਨਹੀ ਸੋਚਦਾ।ਜਦੋ ਪੁਰਾਣੇ ਸਮੇ ਵਿੱਚ ਸਭ ਸਾਂਝੀਵਾਲਤਾ ਸੀ ਤਾਂ ਇਕ ਦੂਜੇ ਦਾ ਦੁਖ ਦਰਦ ਸਮਝਦੇ ਸਨ,ਅਪਰਾਧਾਂ ਦਾ ਨਿਪਟਾਰਾ ਪਿੰਡ ਦੀਆਂ ਸੱਥਾਂ ਚ ਹੋ ਜਾਂਦਾ ਸੀ ਪਰ ਅੱਜ ਪ੍ਰਸ਼ਾਸ਼ਨ ਦੇ ਹੁੰਦਿਆਂ ਵੀ ਕਚਹਿਰੀਆਂ ਵਿੱਚ ਸਾਲਾਂ ਲੱਗ ਜਾਂਦੇ ਇਨਸਾਫ ਲਈ।ਔਰਤ ਦੀ ਦਸ਼ਾ ਦਿਨੋ ਦਿਨ ਸੁਧਰਨ ਦੀ ਬਜਾਇ ਮੰਦਭਾਗੀ ਹੁੰਦੀ ਜਾ ਰਹੀ ਹੈ।ਬਲਾਤਕਾਰ ਦੇ ਕੇਸ,ਸਰੀਰਕ ਸ਼ੋਸ਼ਣ,ਮਾਨਸਿਕ ਸ਼ੋਸ਼ਣ ਤੇ ਹੋਰ ਕਿੰਨੇ ਹੀ ਅਪਰਾਧਾਂ ਦਾ ਸ਼ਿਕਾਰ ਇਕ ਔਰਤ ਹੁੰਦੀ ਜਾ ਰਹੀ ਹੈ।
ਅੱਜ ਸਾਨੂੰ ਲੋੜ ਹੈ ਇਕਜੁਟ ਹੋਣ ਦੀ ਆਪਣੀਆਂ ਧੀਆਂ ਦੇ ਮੋਢੇ ਨਾਲ ਮੋਢਾ ਲਗਾ ਕੇ ਉਹਨਾ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ।ਉਹਨਾ ਨੂੰ ਇਹ ਕਹਿਕੇ ਘਰੋ ਤੋਰਨਾ ਚਾਹੀਦਾ ਹੈ ਕਿ ਪੜਨ ਚੱਲੀ ਏਂ ਰਸਤੇ ਵਿੱਚ ਕੋਈ ਵੀ ਤੰਗ ਕਰੇ ਉਸੇ ਵੇਲੇ ਘਰ ਦੱਸਣ ਦਾ ਆਪਣਾ ਫਰਜ਼ ਸਮਝਣਾ ਹੈ।ਜਦੋ ਤਕ ਸਾਡਾ ਸਮਾਜਿਕ ਪਰਿਵਾਰ ਇਕ ਜੁਟ ਹੋਕੇ ਇਹਨਾ ਗਲਤ ਅਨਸਰਾਂ ਵਿਰੁੱਧ ਲੜਨ ਦੀ ਹਿੰਮਤ ਨਹੀਂ ਕਰੇਗਾ ਉਦੋ ਤਕ ਇਹਨਾ ਗਲਤ ਅਨਸਰਾਂ ਦਾ ਹੌਸਲਾ ਵਧਦਾ ਰਹੇਗਾ।ਸਾਨੂੰ ਲੋੜ ਹੈ ਸਾਡੀਆਂ ਧੀਆਂ ਨੂੰ ਹੌਸਲਾ ਦੇਣ ਦੀ।ਉਹਨਾ ਨੂੰ ਲੜਨ ਦੀ।ਜੇਕਰ ਉਹਨਾ ਨੂੰ ਆਪਣੇ ਪਰਿਵਾਰ ਵੱਲੋ ਇਹ ਸਿਖਾਇਆ ਗਿਆ ਹੋਵੇ ਕਿ ਕੋਈ ਵੀ ਗਲਤ ਕਰੇ ਤਾਂ ਉਸ ਦਾ ਡਟ ਕੇ ਵਿਰੋਧ ਕਰਨਾ ਹੈ ਤਾਂ ਮੈ ਸਮਝਦੀ ਹਾਂ ਔਰਤ ਨਿਡਰ ਹੋਕੇ ਇਹਨਾ ਗਲਤ ਅਨਸਰਾਂ ਨੂੰ ਮੂੰਹ ਤੋੜ ਜਵਾਬ ਦੇ ਸਕਦੀਆਂ ਹਨ।ਬਸ ਇਕ ਡਰ ਜੋ ਹਮੇਸ਼ਾ ਕੁੜੀਆਂ ਦੇ ਮਨਾਂ ਵਿੱਚ ਰਿਹਾ ਕਿ ਉਹਨਾ ਨੇ ਜੇਕਰ ਇਹਨਾ ਘਟਨਾਵਾਂ ਨੂੰ ਘਰ ਦੱਸਿਆ ਤਾ ਮਾਪਿਆਂ ਨੇ ਪੜਨੋ ਹਟਾ ਲੈਣਾ ਹੈ।ਇਸ ਲਈ ਉਹ ਪਹਿਲਾਂ ਤਾਂ ਇਹ ਸਭ ਸਹਿੰਦੀਆਂ ਰਹਿੰਦੀਆਂ ਹਨ ਪਰ ਜਦੋਂ ਜੁਲਮ ਦੀ ਹੱਦ ਵਧ ਜਾਂਦੀ ਹੈ ਤਾਂ ਫਿਰ ਲੜਕੀ ਨੂੰ ਗਲਤ ਸਮਝਿਆ ਜਾਂਦਾ ਕਿਉਂ ਕਿ ਉਹਨੇ ਕਦੇ ਪਹਿਲਾਂ ਜੇਕਰ ਗਲਤ ਹੁੰਦਾ ਸੀ ਤਾਂ ਘਰ ਕਿਉ ਨਾ ਦੱਸਿਆ।ਅਜਕਲ ਤਾਂ ਇਟ ਪੁੱਟੋ ਤਾ ਹਜਾਰਾਂ ਨਿਊਜ ਚੈਨਲ ਨਿਕਲ ਆਉਂਦੇ ਹਨ ਤੇ ਸਹੀ ਖਬਰ ਦਾ ਪ੍ਰਚਾਰ ਘੱਟ ਤੇ ਗਲਤ ਦਾ ਮਸਾਲੇ ਲਗਾਕੇ ਹੱਦੋਂ ਵੱਧ ਕੀਤਾ ਜਾਂਦਾ ਹੈ।ਫੇਸਬੁਕ ਬੁੱਧੀਜੀਵੀ ਵੀ ਆਪਣਾ ਪੱਖ ਨਿਡਰ ਤੇ ਨਿਰਪੱਖ ਹੋਕੇ ਰੱਖਦੇ ਹਨ ਜੇਕਰ ਕਿਸੇ ਲੜਕੀ ਨਾਲ ਬਲਾਤਕਾਰ ਹੁੰਦਾ ਹੈ ਤਾਂ ਵਿੱਚੋ ਬਹੁਤੇ ਕੁਮਿੰਟ ਇਸ ਤਰਾਂ ਦੇ ਹੁੰਦੇ ਕਿ ਕੁੜੀ ਦੀ ਸਹਿਮਤੀ ਹੋਵੇਗੀ,ਕੁੜੀ ਗਲਤ ਹੋਵੇਗੀ ਕਈ ਤਾਂ ਹੇਠਲੇ ਪੱਧਰ ਤੇ ਨੀਚ ਦਰਜੇ ਦੇ ਵੀ ਕੁਮਿੰਟ ਕਰਦੇ ਹਨ।ਕਿਉਂ ਕਿ ਸਾਨੂੰ ਅਜਾਦੀ ਹੈ ਸਾਨੂੰ ਸ਼ੋਸ਼ਲ ਮੀਡੀਆ ਨੇ ਸਾਨੂੰ ਪੱਖ ਰੱਖਣ ਦਾ ਅਧਿਕਾਰ ਦਿੱਤਾ ਹੋਇਆ ਹੈ।ਅਸੀ ਕਿਸੇ ਨੂੰ ਵੀ ਚੰਗਾ ਮੰਦਾ ਬੋਲ ਸਕਦੇ ਹਾਂ ਇਹ ਸਾਡਾ ਅਧਿਕਾਰ ਹੈ।ਕਿਸੇ ਵੀ ਮਾਮਲੇ ਤੇ ਅਸੀਂ ਜੱਜ ਬਣ ਜਾਂਦੇ ਹਾਂ ਕਦੇ ਇਹ ਨਹੀਂ ਦੇਖਿਆ ਕਿ ਕੋਈ ਸਹੀ ਹੋਕੇ ਗਲਤ ਹੋ ਸਕਦਾ ਤੇ ਕੋਈ ਗਲਤ ਹੋਕੇ ਵੀ ਸਹੀ ਹੋ ਸਕਦਾ,ਜਿਵੇ ਕਿ ਨਿਊਜ਼ ਚੈਨਲਾਂ ਵਾਲੇ ਅਧੂਰੇ ਤੱਥਾਂ ਨੂੰ ਪੇਸ਼ ਕਰਕੇ ਗਲਤ ਪ੍ਰਚਾਰ ਕਰਨ ਲੱਗ ਜਾਂਦੇ ਹਨ।ਸੋ ਪੰਜਾਬ ਸਾਡਾ ਅਮਨ ਸ਼ਾਂਤੀ ਦਾ ਪ੍ਰਤੀਕ ਰਿਹਾ ਸੀ।ਜਿੱਥੇ ਇਕ ਔਰਤ ਨੇ ਆਪਣੀ ਇੱਜਤ ਨੂੰ ਹਮੇਸ਼ਾ ਮਹਿਫੂਜ਼ ਰੱਖਿਆ ਸੀ।ਅਤੇ ਸਾਡੇ ਪੰਜਾਬੀ ਖੂਨ ਵਿੱਚ ਔਰਤ ਦੀ ਇੱਜਤ ਨੂੰ ਹਮੇਸ਼ਾ ਉੱਚਾ ਦਰਜਾ ਦਿੱਤਾ ਸੀ।ਪਰ ਜਿਵੇ ਜਿਵੇ ਸਮਾਜ ਵਿੱਚ ਤਰੱਕੀ ਹੋਈ ਔਰਤ ਦੀ ਅਜਾਦੀ ਦਾ ਢੰਡੋਰਾ ਪਿੱਟਿਆ ਗਿਆ ਤਿਵੇ ਤਿਵੇਂ ਇਹ ਜੰਗਲੀ ਭੇੜੀਆਂ ਨੇ ਜਨਮ ਲੈਣਾ ਸ਼ੁਰੂ ਕਰ ਦਿੱਤਾ।ਅੱਜ ਸਾਨੂੰ ਲੋੜ ਹੈ ਪੂਰੇ ਪੰਜਾਬ ਵਿੱਚ ਇਕ ਦੂਜੇ ਦੀ ਲੋੜ,ਭਾਈਚਾਰਕ ਸਾਂਝ ਨੂੰ ਵਧਾਉਣਾ,ਇਕ ਦੂਜੇ ਦੀ ਧੀ ਨੂੰ ਆਪਣੀ ਧੀ ਸਮਝਣਾ ਤੇ ਸਭ ਤੋ ਵੱਢਾ ਫਰਜ ਸਾਨੂੰ ਸਕੂਲ ਕਾਲਜ ਪੜਨ ਜਾਂਦੀਆਂ ਲੜਕੀਆਂ ਨਾਲ ਜਿਥੇ ਵੀ ਕੋਈ ਸ਼ਰਾਰਤੀ ਅਨਸਰ ਤੰਗ ਕਰਦਾ ਦਿਖੇ ਤਾਂ ਉਸਦਾ ਉਥੇ ਹੀ ਚੰਗੀ ਤਰਾਂ ਸੋਧਾ ਲਗਾ ਦੇਣਾ ਚਾਹੀਦਾ ਹੈ ਤਾਂ ਜੋ ਕੋਈ ਕਾਲਜਾਂ ਸਕੂਲਾਂ ਦੇ ਗੇਟਾਂ ਮੂਹਰੇ ਅਜਿਹੇ ਗਲਤ ਅਨਸਰਾਂ ਦੇ ਟੋਲੇ ਇਕੱਠੇ ਨਾ ਹੋ ਸਕਣ।ਅਖੀਰ ਮੈਂ ਸਾਡੇ ਪੰਜਾਬੀ ਹੋਣ ਤੇ ਆਪਣੀ ਪੰਜਾਬੀ ਜਮੀਰ ਨੂੰ ਜਿਊਂਦੇ ਰੱਖਣ ਲਈ ਸਾਰੇ ਪੰਜਾਬੀਆਂ ਨੂੰ ਇਸ ਮਸਲੇ ਤੇ ਗੰਭੀਰਤਾ ਨਾਲ ਸੋਚਣ ਤੇ ਆਪਣਾ ਫਰਜ਼ ਸਮਝਕੇ ਔਰਤ ਨਾਲ ਹੁੰਦੇ ਸ਼ੋਸ਼ਣ ਦਾ ਡਟ ਕੇ ਵਿਰੋਧ ਕਰਨ ਲਈ ਬੇਨਤੀ ਕਰਦੀ ਹਾਂ ਤਾਂ ਜੋ ਸਾਡਾ ਪੰਜਾਬ ਇਕ ਖੁਸ਼ਹਾਲ ਤੇ ਸ਼ਾਂਤੀ ਦਾ ਪ੍ਰਤੀਕ ਬਣਿਆ ਰਹੇ।
ਰਵਨਜੋਤ ਕੌਰ ਸਿੱਧੂ “ਰਾਵੀ”
ਪਿੰਡ ਜੱਬੋਵਾਲ, ਜ਼ਿਲਾਂ ਸ਼ਹੀਦ ਭਗਤ ਸਿੰਘ ਨਗਰ
ਫੋਨ ਨੰਬਰ 8283066125