੍ਹ ਸੂਬੇ ’ਚ 177 ਫ਼ਰਦ ਕੇਂਦਰ ਸਥਾਪਿਤ, ਪਟਵਾਰੀਆਂ ਤੇ ਕਾਨੂੰਨਗੋਆਂ ਨੂੰ ਸਾਫ਼ਟਵੇਅਰ ਬਾਰੇ ਦਿੱਤੀ ਟਰੇਨਿੰਗ
੍ਹ ਰਿਕਾਰਡ ਦੀ ਅਪਡੇਸ਼ਨ ਲਈ ਪਟਵਾਰੀਆਂ ਨੂੰ ਨਹੀਂ ਜਾਣਾ ਪਵੇਗਾ ਫ਼ਰਦ ਕੇਂਦਰ
੍ਹ ਫ਼ਸਲਾਂ ਦੀ ਗਿਰਦਾਵਰੀ ਲਈ ਪਟਵਾਰੀਆਂ ਨੂੰ ਮੁਹੱਈਆ ਕਰਵਾਈ ਈ-ਗਿਰਦਾਵਰੀ ਮੋਬਾਇਲ ਐਪ
ਜਲੰਧਰ (Jatinder Rawat)- ਲੋਕਾਂ ਦੀ ਸਹੂਲਤ ਲਈ ਮਾਲ ਵਿਭਾਗ ਦੇ ਕੰਮ-ਕਾਜ ਨੂੰ ਹੋਰ ਪਾਰਦਰਸ਼ੀ ਕਰਦਿਆਂ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਦੀ ਤਕਨੀਕੀ ਟੀਮ ਵਲੋਂ ਮਾਲ ਵਿਭਾਗ ਦੇ ਸਾਫ਼ਟਵੇਅਰ ਨੂੰ ਹੋਰ ਵੀ ਬਿਹਤਰ ਬਣਾਇਆ ਗਿਆ ਹੈ ਜਿਸ ਨਾਲ ਲੋਕਾਂ ਨੂੰ ਵੱਖ-ਵੱਖ ਸੇਵਾਵਾਂ ਹੋਰ ਵੀ ਸੁਖਾਲੇ ਢੰਗ ਨਾਲ ਦਿੱਤੀਆਂ ਜਾ ਸਕਣਗੀਆਂ।
ਪਹਿਲਾਂ ਮਾਲਕ ਆਪਣੀ ਜ਼ਮੀਨ ਦੀ ਨਕਲ ਆਪਣੇ ਸਬੰਧਿਤ ਫ਼ਰਦ ਕੇਂਦਰ ਵਿਚੋਂ ਹੀ ਪ੍ਰਾਪਤ ਕਰ ਸਕਦਾ ਸੀ ਜਦਕਿ ਹੁਣ ਕੋਈ ਵੀ ਸ਼ਹਿਰੀ ਪੰਜਾਬ ਰਾਜ ਦੇ ਕਿਸੇ ਵੀ ਫ਼ਰਦ ਕੇਂਦਰ ਤੋਂ ਆਪਣੀ ਜ਼ਮੀਨ ਦੀ ਨਕਲ ਪ੍ਰਾਪਤ ਕਰ ਸਕੇਗਾ ਜਿਸ ਉਪਰ ਜਾਰੀਕਰਤਾ ਫ਼ਰਦ ਕੇਂਦਰ ਦੇ ਨਾਂਅ ਦੀ ਸੂਚਨਾ ਵੀ ਦਰਜ ਹੋਵੇਗੀ।
ਪੰਜਾਬ ਦੇ ਡਾਇਰੈਕਟਰ, ਭੌਂ ਰਿਕਾਰਡਜ਼ ਕੈਪਟਨ ਕਰਨੈਲ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿੱਤ ਕਮਿਸ਼ਨਰ ( ਰੈਵਿਨਿਊ) ਅਨੁਰਾਗ ਅਗਰਵਾਲ ਦੀ ਅਗਵਾਈ ਹੇਠ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਜਲੰਧਰ ਵਲੋਂ ਮਾਲ ਵਿਭਾਗ ਦੀ ਪਾਰਦਰਸ਼ਤਾ ਲਈ ਕਈ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਕੁੱਲ 177 ਫ਼ਰਦ ਕੇਂਦਰ, ਤਹਿਸੀਲ/ਸਬ ਤਹਿਸੀਲ ਪੱਧਰ ’ਤੇ ਸਥਾਪਿਤ ਕੀਤੇ ਜਾਣ ਦੇ ਨਾਲ-ਨਾਲ ਸੂਬੇ ਦੇ ਸਮੂਹ ਪਟਵਾਰੀਆਂ ਅਤੇ ਕਾਨੁੂੰਨਗੋਆਂ ਨੂੰ ਪੰਜਾਬ ਸਰਕਾਰ ਵਲੋਂ ਲੈਪਟਾਪ ਮੁਹੱਈਆ ਕਰਵਾਏ ਗਏ ਹਨ ਜਿਨਾਂ ਰਾਹੀਂ ਰੈਵਿਨਿਊ ਸਾਫ਼ਟਵੇਅਰ ਸਬੰਧੀ ਲੋੜੀਂਦੀ ਟਰੇਨਿੰਗ ਦੇ ਕੇ ਇਸ ਅਮਲੇ ਨੂੰ ਪੂਰੀ ਤਰ੍ਹਾਂ ਸਮਰੱਥ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਪਟਵਾਰੀ ਨੂੰ ਸਾਫ਼ਟਵੇਅਰ ਤੇ ਮਾਲ ਰਿਕਾਰਡ ਦੀ ਅਪਡੇਸ਼ਨ ਲਈ ਫ਼ਰਦ ਕੇਂਦਰ ਜਾਣ ਦੀ ਲੋੜ ਨਹੀਂ ਪਵੇਗੀ ਉਹ ਕਿਸੇ ਵੀ ਜਗ੍ਹਾ ਤੋਂ ਆਪਣਾ ਕੰਮ ਕਰ ਸਕੇਗਾ।
ਡਾਇਰੈਕਟਰ, ਭੌਂ ਰਿਕਾਰਡਜ਼ ਨੇ ਦੱਸਿਆ ਕਿ ਸਾਫ਼ਟਵੇਅਰ ਨੂੰ ਵੀ ਤਕਨੀਕੀ ਪਖੋਂ ਹੋਰ ਸੁਰੱਖਿਅਤ ਅਤੇ ਸੁਚਾਰੂ ਬਣਾਇਆ ਗਿਆ ਹੈ ਜਿਸ ਰਾਹੀਂ ਹੁਣ ਪਟਵਾਰੀ ਸਿਰਫ਼ ਸਰਕਾਰ ਵਲੋਂ ਮੁਹੱਈਆ ਕਰਵਾਏ ਗਏ ਲੈਪਟਾਪ ’ਤੇ ਹੀ ਵਿਭਾਗ ਨਾਲ ਸਬੰਧਿਤ ਕੰਮ ਕਰ ਸਕੇਗਾ। ਉਨ੍ਹਾਂ ਦੱਸਿਆ ਕਿ ਫ਼ਸਲਾਂ ਦੀ ਗਿਰਦਾਵਰੀ ਕਰਨ ਲਈ ਹੁਣ ਪਟਵਾਰੀਆਂ ਨੁੂੰ ਈ-ਗਿਰਦਾਵਰੀ ਮੋਬਾਇਲ ਐਪਲੀਕੇਸ਼ਨ ਮੁਹੱਈਆ ਕਰਵਾ ਦਿੱਤੀ ਗਈ ਹੈ ਜਿਸ ਰਾਹੀਂ ਸਬੰਧਿਤ ਪਟਵਾਰੀ ਮੌਕੇ ’ਤੇ ਜਾ ਕੇ ਉਕਤ ਮੋਬਾਇਲ ਐਪ ਰਾਹੀਂ ਗਿਰਦਾਵਰੀ ਦਰਜ ਕਰ ਸਕੇਗਾ।
ਕੈਪਟਨ ਕਰਨੈਲ ਸਿੰਘ ਨੇ ਦੱਸਿਆ ਕਿ ਮਾਲ ਵਿਭਾਗ ਵਲੋਂ ਚੁੱਕੇ ਜਾ ਰਹੇ ਇਨ੍ਹਾਂ ਕਦਮਾਂ ਨਾਲ ਜਿਥੇ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਕੰਮ ਹੋਰ ਸੁਚੱਜੇ ਢੰਗ ਨਾਲ ਮੁਕੰਮਲ ਕਰਨ ਦੇ ਨਾਲ-ਨਾਲ ਵਿਭਾਗ ਦੇ ਰਿਕਾਰਡ ਨੂੰ ਹੋਰ ਵੀ ਪਾਰਦਰਸ਼ੀ ਬਣਾਇਆ ਜਾਵੇਗਾ।