ਸਿੱਖ ਭਾਈਚਾਰੇ ਵਲੋ ਮਾਨਵਤਾ ਦੀ ਸੇਵਾ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ
ਕਨੈਡਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)- ਸਰੀ ਵਿਚ ਪੁੱਜੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਜਿਥੇ ਪ੍ਰਦਰਸ਼ਨਕਾਰੀਆਂ ਦੇ ਹੁੱਲੜ ਵਿਵਹਾਰ ਕਾਰਣ ਇਕ ਫੰਡਰੇਜਿੰਗ ਡਿਨਰ ਰੱਦ ਕਰਨਾ ਪਿਆ, ਉਥੇ ਉਹਨਾਂ ਵਲੋ ਗੁਰੂ ਨਾਨਕ ਫੂਡ ਬੈਂਕ ਵਿਖੇ ਪੁੱਜਕੇ ਸੇਵਾ ਦੇ ਮਹਾਨ ਕਾਰਜ ਵਿਚ ਲੱਗੀ ਸੰਸਥਾ ਅਤੇ ਪ੍ਰਬੰਧਕਾਂ ਦੇ ਉਦਮ ਦੀ ਸ਼ਲਾਘਾ ਕੀਤੀ। ਉਹਨਾਂ ਫੂਡ ਬੈਂਕ ਦੇ ਪ੍ਰਬੰਧਕਾਂ ਤੇ ਵਲੰਟੀਅਰਾਂ ਵਲੋ ਕੋਵਿਡ ਅਤੇ ਬੀ ਸੀ ਹੜਾਂ ਦੌਰਾਨ ਦਲੇਰਾਨਾ ਢੰਗ ਨਾਲ ਲੋਕਾਂ ਤੱਕ ਪਹੁੰਚਾਈ ਸਹਾਇਤਾ ਸਮੱਗਰੀ ਤੇ ਸੇਵਾ ਕਾਰਜਾਂ ਨੂੰ ਕੈਨੇਡੀਅਨ ਇਤਿਹਾਸ ਵਿਚ ਇਕ ਨਿਵੇਕਲੀ ਮਿਸਾਲ ਦੱਸਿਆ।
ਕੈਨੇਡਾ ਵਿਚ ਸਰੀ ਵਿਖੇ ਸਿੱਖ ਭਾਈਚਾਰੇ ਦੇ ਪਹਿਲੇ ਗੁਰੂ ਨਾਨਕ ਫੂਡ ਬੈਂਕ ਵਿਖੇ ਪੁੱਜਕੇ ਪ੍ਰਧਾਨ ਮੰਤਰੀ ਨੇ ਫੂਡ ਬੈਂਕ ਦਾ ਦੌਰਾ ਕਰਦਿਆਂ ਉਥੇ ਮੌਜੂਦ ਵੱਖ ਵੱਖ ਵਸਤਾਂ ਦੇ ਭੰਡਾਰ ਵੇਖੇ ਅਤੇ ਪ੍ਰਬੰਧਕਾਂ ਦੇ ਉਦਮ ਅਤੇ ਲੋੜਵੰਦਾਂ ਦੀ ਦਿੱਤੀ ਜਾ ਰਹੀ ਸਹਾਇਤਾ ਨੂੰ ਸੰਸਥਾ ਦਾ ਕੈਨੇਡੀਅਨ ਸੁਸਾਇਟੀ ਲਈ ਵੱਡਾ ਯੋਗਦਾਨ ਦੱਸਿਆ। ਉਹਨਾਂ ਗੁਰੂ ਨਾਨਕ ਫੂਡ ਬੈਂਕ ਨੂੰ ਕੈਨੇਡਾ ਸਰਕਾਰ ਵਲੋ ਹਰ ਤਰਾਂ ਦੇ ਸਹਿਯੋਗ ਦਾ ਵਿਸ਼ਵਾਸ ਦਿੱਤਾ।ਉਹਨਾਂ ਪ੍ਰਬੰਧਕਾਂ ਨਾਲ ਗੱਲਬਾਤ ਦੌਰਾਨ ਆਪਣੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਜਾਣ ਦੀ ਯਾਦ ਸਾਂਝੀ ਕੀਤੀ ਤੇ ਦੱਸਿਆ ਕਿ ਉਹ ਸਿੱਖ ਭਾਈਚਾਰੇ ਵਲੋ ਮਾਨਵਤਾ ਦੀ ਸੇਵਾ ਲਈ ਕੀਤੇ ਜਾ ਰਹੇ ਕਾਰਜਾਂ ਤੋ ਬਹੁਤ ਪ੍ਰਭਾਵਿਤ ਹਨ।
ਇਸ ਮੌਕੇ ਗੁਰੂ ਨਾਨਕ ਫੂਡ ਬੈਂਕ ਦੇ ਡਾਇਰੈਕਟਰ ਜਤਿੰਦਰ ਜੇ ਮਿਨਹਾਸ ਤੇ ਸੈਕਟਰੀ ਨੀਰਜ ਵਾਲੀਆ ਨੇ ਉਹਨਾਂ ਨੂੰ ਸੰਸਥਾ ਵਲੋ ਦਿੱਤੀਆਂ ਜਾ ਰਹੀਆਂ ਸੇਵਾਵਾਂ ਤੇ ਸਹਾਇਤਾ ਯਤਨਾਂ ਦੀ ਵਿਸਥਾਰਤ ਜਾਣਕਾਰੀ ਦਿੱਤੀ।
ਇਸ ਮੌਕੇ ਗੁਰੂ ਨਾਨਕ ਫੂਡ ਬੈਂਕ ਦੇ ਚੇਅਰਮੈਨ ਗਿਆਨੀ ਨਰਿੰਦਰ ਸਿੰਘ ਵਾਲੀਆ, ਡਾਇਰੈਕਟਰ ਜਤਿੰਦਰ ਜੇ ਮਿਨਹਾਸ, ਅਨੂਪ ਸਿੰਘ ਲੁਡੂ, ਬਿੱਲ ਸੰਧੂ ਤੇ ਸੁਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਯਾਦਗਾਰੀ ਚਿੰਨ ਦੇਕੇ ਸਨਮਾਨਿਤ ਕੀਤਾ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਵਲੋ ਅੱਜ ਸਰੀ ਵਿਚ ਇਕ ਸਮਾਗਮ ਦੌਰਾਨ ਗੁਰੂ ਨਾਨਕ ਫੂਡ ਬੈਂਕ ਦੇ ਪ੍ਰਬੰਧਕਾਂ ਨੂੰ ਸਨਮਾਨਿਤ ਕਰਨਾ ਸੀ ਪਰ ਇਹ ਪ੍ਰੋਗਰਾਮ ਰੱਦ ਹੋਣ ਕਾਰਣ ਉਹ ਖੁਦ ਗੁਰੂ ਨਾਨਕ ਫੂਡ ਬੈਂਕ ਵਿਖੇ ਪੁੱਜੇ ਤੇ ਸੰਸਥਾ ਵਲੋ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।