ਕੌਂਸਲ ਵੱਲੋਂ ਪੁਲਸ ਕਮਿਸ਼ਨਰ ਲੁਧਿਆਣਾ ਨੂੰ ਸੌਂਪਿਆ ਜਾਵੇਗਾ ਮੰਗ ਪੱਤਰ-ਤਲਵੰਡੀ,ਸਿਡਾਨਾ
ਲੁਧਿਆਣਾ (ਰਛਪਾਲ ਸਹੋਤਾ)-ਸਮਾਰਟ ਸਿਟੀ ਕਹਾਉਣ ਵਾਲਾ ਲੁਧਿਆਣਾ ਸ਼ਹਿਰ ਵਿੱਚ ਕਰਾਈਮ ਰੇਟ ਵਧਣ ਨਾਲ ਅੱਜ ਹਰੇਕ ਸ਼ਹਿਰ ਵਾਸੀ ਦਹਿਸ਼ਤ ਵਿੱਚ ਜੀਵਨ ਬਸਰ ਕਰ ਰਿਹਾ ਹੈ। ਇੱਕ ਕਰਾਈਮ ਉਹ ਹੁੰਦਾ ਹੈ ਜੋ ਪੁਲਸ ਪ੍ਰਸ਼ਾਸ਼ਨ ਨੂੰ ਕ੍ਰਾਈਮ ਹੋਣ ਤੋਂ ਬਾਅਦ ਪਤਾ ਚੱਲਦਾ ਹੈ ਪਰ ਕਈ ਕ੍ਰਾਈਮ ਐਸੇ ਹਨ ਜੋ ਪ੍ਰਸ਼ਾਸਨ ਦੀ ਨਜ਼ਰ ਦੇ ਸਾਹਮਣੇ ਹੁੰਦੇ ਹਨ,ਜਿਸ ਨੂੰ ਪੁਲਸ ਪ੍ਰਸ਼ਾਸਨ ਜਾਣ ਬੁੱਝ ਕੇ ਨਜ਼ਰ ਅੰਦਾਜ਼ ਕਰ ਰਿਹਾ ਹੈ।ਇਹ ਵਿਚਾਰ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੇ ਕੌਮੀ ਪ੍ਰਧਾਨ ਆਸਾ ਸਿੰਘ ਤਲਵੰਡੀ ਅਤੇ ਜ਼ਿਲ੍ਹਾ ਲੁਧਿਆਣਾ ਦੇ ਚੇਅਰਮੈਨ ਹਰਜਿੰਦਰ ਸਿੰਘ ਸਿਡਾਨਾ ਨੇ ਪੱਤਰਕਾਰਾਂ ਨਾਲ ਸਾਂਝੇ ਕੀਤੇ।ਉਨ੍ਹਾਂ ਕਿਹਾ ਕਿ ਲੁਧਿਆਣਾ ਸ਼ਹਿਰ ਵਿੱਚ ਲਾਟਰੀ ਦੀ ਆਡ਼ ਵਿਚ ਕਰੋੜਾਂ ਰੁਪਏ ਦਾ ਦੜੇ ਸੱਟੇ ਦਾ ਕਾਰੋਬਾਰ ਚੱਲ ਰਿਹਾ ਹੈ,ਜਿਸ ਪਾਸੇ ਪੁਲਸ ਪ੍ਰਸ਼ਾਸਨ ਜਾਣਬੁੱਝ ਕੇ ਧਿਆਨ ਨਹੀਂ ਦੇ ਰਿਹਾ ਹੈ। ਆਮ ਦੇਖਣ ਵਿੱਚ ਆਇਆ ਹੈ ਕਿ ਏਰੀਆ ਸਲੇਮ ਟਾਬਰੀ,ਲੋਕਲ ਅੱਡਾ,ਤਿੰਨ ਨੰਬਰ ਡਿਵੀਜ਼ਨ,ਕੇਸਰਗੰਜ ਮੰਡੀ,ਸ਼ਾਹੀ ਮੁਹੱਲਾ,ਸ਼ੇਰਪੁਰ, ਗੈਸਪੁਰਾ,ਸ਼ਿੰਗਾਰ ਸਿਨਮਾ, ਕਸ਼ਮੀਰ ਨਗਰ ਚੌਕ,ਸਦਰ ਨਗਰ ਚੌਕ ਆਦਿ ਪੂਰੇ ਸ਼ਹਿਰ ਦੇ ਇਲਾਕਿਆਂ ਵਿੱਚ ਸ਼ਰ੍ਹੇਆਮ ਲਾਟਰੀ ਦੀ ਆਡ਼ ਵਿਚ ਦੜੇ ਸੱਟੇ ਦਾ ਕਾਰੋਬਾਰ ਚੱਲ ਰਿਹਾ ਹੈ,ਜਿਸ ਪਾਸੇ ਪੁਲਸ ਪ੍ਰਸਾਸ਼ਨ ਦਾ ਕੋਈ ਧਿਆਨ ਨਹੀਂ ਹੈ।ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੌਂਸਲ ਦੇ ਰਾਸ਼ਟਰੀ ਪ੍ਰਧਾਨ ਆਸਾ ਸਿੰਘ ਤਲਵੰਡੀ ਅਤੇ ਚੇਅਰਮੈਨ ਹਰਜਿੰਦਰ ਸਿੰਘ ਸਿਡਾਨਾ ਨੇ ਕਿਹਾ ਤੇ ਜੇਕਰ ਇਹ ਦੇਖਿਆ ਜਾਵੇ ਕਿ ਇਸ ਲਾਟਰੀ ਦੇ ਕੰਮ ਤੋਂ ਹਜ਼ਾਰਾਂ ਲੋਕ ਆਪਣਾ ਘਰ ਚਲਾਉਂਦੇ ਹਨ ਪਰ ਇੱਥੇ ਇਹ ਵੀ ਦੇਖਿਆ ਜਾਵੇ ਕਿ ਜਿਹੜੇ ਸਾਡੇ ਮਜ਼ਦੂਰ ਭਾਈ ਆਪਣੀ ਮਜ਼ਦੂਰੀ ਦੇ ਸਾਰੇ ਪੈਸੇ ਇਸ ਲਾਟਰੀ ਤੇ ਧੰਦੇ ਵਿੱਚ ਲਾ ਦਿੰਦੇ ਹਨ ਅਤੇ ਉਸ ਦੇ ਹਾਰਨ ਤੇ ਉਸਦੇ ਘਰ ਦਾ ਚੁੱਲ੍ਹਾ ਨਹੀਂ ਜਲਦਾ ਤਾਂ ਉਸਦੇ ਬੱਚੇ ਭੁੱਖੇ ਹੀ ਸੌਣ ਲਈ ਮਜਬੂਰ ਹੁੰਦੇ ਹਨ ਤਾਂ ਉਸਦਾ ਜ਼ਿੰਮੇਵਾਰ ਕੌਣ ਹੈ ?
ਲਾਟਰੀ ਦੀ ਹਮਾਇਤ ਕਰਨ ਵਾਲੇ ਆਪਣੇ ਥੋੜ੍ਹੇ ਜਿਹੇ ਲਾਲਚ ਦੀ ਖਾਤਰ ਚਾਹੇ ਉਹ ਕੋਈ ਵੀ ਹੋਵੇ ਉਹ ਥੋੜ੍ਹਾ ਜਿਹਾ ਉਨ੍ਹਾਂ ਗ਼ਰੀਬ ਲੋਕਾਂ ਵਾਰੇ ਵੀ ਸੋਚਣ ਜੋ ਲੋਕ ਆਪਣੇ ਲਾਲਚ ਦੀ ਖਾਤਰ ਕਈ ਘਰਾਂ ਦੇ ਚੁੱਲ੍ਹੇ ਠੰਢੇ ਕਰ ਦਿੰਦੇ ਹਨ।ਉਨ੍ਹਾਂ ਕਿਹਾ ਕਿ ਪਹਿਲੇ ਪੁਲਸ ਕਮਿਸ਼ਨਰ ਦੇ ਹੁੰਦੇ ਹੋਏ ਲਾਟਰੀ ਦਾ ਧੰਦਾ ਚਾਹੇ ਜਾਇਜ਼ ਹੋਵੇ ਚਾਹੇ ਨਾਜਾਇਜ਼,ਸਭ ਬੰਦ ਹੋ ਗਿਆ ਸੀ,ਉਹ ਜਦੋਂ ਤਕ ਰਹੇ ਉਦੋਂ ਤਕ ਲਾਟਰੀ ਮਾਫੀਆ ਨੇ ਸਿਰ ਚੁੱਕਣ ਦੀ ਹਿੰਮਤ ਨਹੀਂ ਕੀਤੀ,ਪਰ ਅਫ਼ਸੋਸ ਜਦੋਂ ਦੇ ਨਵੇਂ ਸੀ.ਪੀ ਸਾਹਿਬ ਆਏ ਹਨ ਉਦੋਂ ਤੋਂ ਇਸ ਕੰਮ ਵਿਚ ਤੇਜ਼ੀ ਆਈ ਹੈ।ਇਸ ਸਬੰਧੀ ਪ੍ਰਧਾਨ ਆਸਾ ਸਿੰਘ ਤਲਵੰਡੀ ਤੇ ਚੇਅਰਮੈਨ ਹਰਜਿੰਦਰ ਸਿੰਘ ਸਿਡਾਨਾ ਵੱਲੋਂ ਪੁਲਸ ਕਮਿਸ਼ਨਰ ਲੁਧਿਆਣਾ ਨੂੰ ਲਾਟਰੀ ਦੇ ਧੰਦੇ ਨੂੰ ਬੰਦ ਕਰਨ ਸਬੰਧੀ ਇਕ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਉੁਨ੍ਹਾਂ ਸੀ.ਪੀ ਸਾਹਿਬ ਲੁਧਿਆਣਾ ਪਾਸੋਂ ਮੰਗ ਕੀਤੀ ਕਿ ਇਸ ਲਾਟਰੀ ਦੇ ਧੰਦੇ ਨੂੰ ਗੰਭੀਰਤਾ ਨਾਲ ਲੈ ਕੇ ਇਸ ਨੂੰ ਬੰਦ ਕਰਵਾਇਆ ਜਾਵੇ ਤਾਂ ਜੋ ਗ਼ਰੀਬ ਲੋਕ ਰਾਹਤ ਮਹਿਸੂਸ ਕਰ ਸਕਣ।