ਜਗਦੀਸ਼ ਸਿੰਘ ਚੋਹਕਾ,
91-9217997445, 001-403-285-4208
ਕੈਲਗਰੀ (ਕੈਨੇਡਾ)
ਜਾਲਿਬ ਸਾਂਈ ਕਦੀ ਕਦਾਈ ਚੰਗੀ ਗੱਲ ਕਹਿ ਜਾਂਦਾ ਹੈ,
ਲੱਖ ਪੂਜੋ ਚੜ੍ਹਦੇ ਸੂਰਜ ਨੂੰ ਆਖਰ ਨੂੰ ਇਹ ਲਹਿ ਜਾਂਦਾ ਹੈ।
ਬਾਂਝ ਤੇਰੇ ਉਹ ਦਿਲ ਦੇ ਸਾਥੀ ਦਿਲ ਦੀ ਹਾਲਤ ਕੀ ਦੱਸਾਂ,
ਕਦੀ ਕਦੀ ਇਹ ਥੱਕਿਆ ਰਾਹੀ ਰਸਤੇ ਵਿੱਚ ਬਹਿ ਜਾਂਦਾ ਹੈ।
ਹਬੀਬ ਜਾਲਿਬ ਵਾਹਗੇ ਦੇ ਆਰ-ਪਾਰ ਦੋਨੋ ਪੰਜਾਬਾਂ ਦਾ ਪ੍ਰਵਾਨਿਤ ਇਨਕਲਾਬੀ ਸ਼ਾਇਰ ਸੀ। ਜਿਸ ਨੇ ਸਾਰੀ ਉਮਰ ਹੱਕ-ਸੱਚ ‘ਤੇ ਪਹਿਰਾ ਦੇਣ, ਅਵਾਮ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਦੇ ਹੋਏ ਤੇ ਪਾਕਿਸਤਾਨ ਦੇ ਤਾਨਾਸ਼ਾਹ ਫੌਜੀ ਜੁੰਡਲੀ ਅਤੇ ਕੱਟੜਪੰਥੀ ਧਾਰਮਿਕ ਆਗੂਆਂ ਖਿਲਾਫ਼ ਬੇਖੌਫ਼ ਦਲੇਰੀ ਨਾਲ ਆਪਣੀ ਸ਼ਾਇਰੀ ਰਾਹੀਂ ਅਵਾਜ਼ ਉਠਾਈ ਸੀ। ਉਹ ਆਮ ਲੋਕਾਂ ਦਾ ਸ਼ਾਇਰ ਸੀ ਜਿਸ ਨੇ ਲੋਕ ਮਸਲਿਆ ਨੂੰ ਸਰਲ ਅਤੇੇ ਲੋਕ ਬੋਲੀ ਰਾਹੀਂ ਦਿਲ ਨੂੰ ਖੁੱਭਣ ਵਾਲੀਆਂ ਰਮਜ਼ਾਂ ਰਾਹੀਂ ਪੇਸ਼ ਕੀਤਾ। ਜਿਥੇ ਉਹ ਉੜਦੂ ਦਾ ਵੱਡਾ ਸ਼ਾਇਰ ਸੀ, ਉਸ ਨੂੰ ਪੰਜਾਬੀ ਬੋਲੀ ਰਾਹੀ ਵੀ ਆਪਣੇ ਇਨਕਲਾਬੀ ਵਲਵੱਲਿਆਂ ਨੂੰ ਪੇਸ਼ ਕਰਦੇ ਲੋਕਾਂ ਦੇ ਜਮਹੂਰੀ ਹੱਕਾਂ ਲਈ ਲੰਬਾ ਸਮਾਂ ਜੇਲ੍ਹਾਂ ਕੱਟੀਆਂ ਅਤੇ ਫੌਜੀ ਤਾਨਾਂਸ਼ਾਹਾਂ ਦੇ ਹਰ ਤਰ੍ਹਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੋਣਾ ਪਿਆ ਸੀ। ਫਾਤਮਾ ਜਿਨਾਹ ਨੇ ਜਦੋਂ ਅਯੂਬ ਖਾਂ ਵਿਰੁੱਧ ਪ੍ਰਧਾਨ ਮੰਤਰੀ ਦੀ ਪੱਦਵੀ ਲਈ ਚੋਣ ਲੜੀ ਤਾਂ ਜਾਲਿਬ ਨੇ ਉਸ ਦੇ ਜਲਸਿਆਂ ਵਿੱਚ ਜਾ ਕੇ ਲੋਕਾਂ ਨੂੰ ਹੋਕਾ ਦਿੱਤਾ:
ਮਾਂ ਕੇ ਪਾਓ ਤਲੇ ਜੱਨਤ ਹੈ ਇਧਰ ਆਓ !
ਹਬੀਬ ਜਾਲਿਬ ਨਿੱਡਰ ਸੀ, ਅਣਖੀ ਸੀ, ਉਹ ਆਪਣੀ ਜ਼ਮੀਰ ਅਤੇ ਅਸੂਲਾਂ ਦਾ ਕਿਸੇ ਕੀਮਤ ‘ਤੇ ਸਮਝੌਤਾ ਕਰਨ ਨੂੰ ਤਿਆਰ ਨਹੀਂ ਸੀ। ਜਦ ਉਹ ਹਸਪਤਾਲ ਵਿੱਚ ਬਿਮਾਰ ਪਿਆ ਸੀ ਅਤੇ ਉਸ ਪਾਸ ਇਲਾਜ ਕਰਾਉਣ ਜੋਗੇ ਪੈਸੇ ਨਹੀਂ ਸਨ, ਸਰਕਾਰ ਵਲੋਂ ਆਈ ਸਰਕਾਰੀ ਮਦਦ ਨੂੰ ਠੁਕਰਾਉਂਦੇ ਹੋਏ ਕਿਹਾ, ‘ਕਿ ਹਸਪਤਾਲ ਵਿੱਚ ਹੋਰ ਵੀ ਹਜ਼ਾਰਾਂ ਲੋੜਵੰਦ ਮਰੀਜ਼ ਹਨ, ਕੀ ਹਾਕਮ ਉਹਨਾਂ ਮਰੀਜ਼ਾਂ ਦੀ ਵੀ ਮਦਦ ਕਰੇਗੀ ? ਜਾਲਿਬ ਭਾਰਤ ਪਾਕਿਸਤਾਨ ਦੋਸਤੀ ਦਾ ਹਾਮੀ ਸੀ। ਦੋਵਾਂ ਮੁਲਕਾਂ ਦੀ ਗਰੀਬੀ ਦੇ ਦਰਦ ਦਾ ਉਸ ਨੂੰ ਅਹਿਸਾਸ ਸੀ।
ਏਧਰ ਘੋੜਾ ਉਧਰ ਗਾਂ, ਦਸ ਬੰਦਿਆਂ ਮੈਂ ਕਿਧਰ ਜਾਂ,
ਏਧਰ ਮੁਲਾਂ ਦੀ ਛਾਉਣੀ ਏ, ਓਧਰ ਪੰਡਤ ਦੀ ਤੁਆਉਣੀ ਏ,
ਏਧਰ ਹਾਲ ਆਗਰ ਮੰਦਾ ਏ, ਓਧਰ ਭੀ ਭੁੱਖ ਚੋਣੀ ਏ,
ਆਵੇ ਕਿਤੇ ਨਾ ਸੁੱਖ ਦਾ ਸਾਹ, ਦਸ ਬੰਦਿਆਂ ਮੈਂ ਕਿਧਰ ਜਾਂ!
ਸਾਂਝੇ ਸ਼ਾਇਰ ਹਬੀਬ ਜਾਲਿਬ ਦਾ ਜਨਮ 24-ਮਾਰਚ 1928 ਨੂੰ ਚੜ੍ਹਦੇ ਪੰਜਾਬ ਦੇ ਪਿੰਡ ਮਿਆਣੀ ਪਠਾਣਾਂ (ਅਫਗਾਨਾ) ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਇਆ। ਮਿਆਣੀ ਪਿੰਡ ਦੇ ਸਕੂਲ ਤੋਂ ਹੀ ਮਿਡਲ ਪਾਸ ਕਰਨ ਤੋਂ ਬਾਦ ਉਹ ਆਪਣੇ ਵੱਡੇ ਭਰਾ ਕੋਲ ਦਿੱਲੀ ਚਲਾ ਗਿਆ। ਦੇਸ਼ ਦੀ 1947 ਨੂੰ ਫਿਰਕੂ ਵੰਡ ਹੋਣ ਕਾਰਨ ਪ੍ਰਵਾਰ ਦੇ ਜ਼ੋਰ ਪਾਉਣ ‘ਤੇ ਉਹ ਪ੍ਰਵਾਰ ਸਮੇਤ ਹਲਾਤਾਂ ਤੋਂ ਮਜਬੂਰ ਹੋ ਕੇ ਪਾਕਿਸਤਾਨ ਬਦਰ ਹੋ ਗਿਆ। ਜਿਥੋਂ ਉਹ ਪਹਿਲਾਂ ਕਰਾਚੀ ਤੇ ਫਿਰ ਲਾਹੌਰ ਜਾ ਵਸਿਆ। ਭਾਵੇਂ ਉਸ ਦੀਆ ਰੱਗਾਂ ‘ਚ ਪੰਜਾਬੀ ਖ਼ੂਨ ਸੀ, ਫਿਰਕੂ ਵੰਡ ਕਾਰਨ 1947 ਨੂੰ ਹਬੀਬ ਜਾਲਿਬ ਨੂੰ ਪਾਕਿਸਤਾਨ ਦੇ ਪਾਸੇ ਵੱਲ ਕੂਚ ਕਰਨਾ ਪਿਆ। ਉਸ ਦੇਸ਼ ਅੰਦਰ ਜਿਥੇ ਅਜੇ ਆਜ਼ਾਦੀ ਦੇ ਜਸ਼ਨ ਚਲ ਰਹੇ ਸਨ, ਗ੍ਰਿਫਤਾਰੀਆਂ, ਕਤਲੋ ਗਾਰਤ ਅਤੇ ਫਿਰ ਫੌਜੀ ਪਲਟੇ ਸ਼ੁਰੂ ਹੋ ਗਏ। ਇਕ ਆਜ਼ਾਦ ਤਬੀਅਤ ਵਾਲਾ ਇਨਸਾਨ ਜੋ ਜਮਹੂਰੀਅਤ ਦਾ ਅਲੰਬਰਦਾਰ ਸੀ ਤਾਨਾਸ਼ਾਹੀ ਨੇ ਉਸ ਨੂੰ ਵੀ ਦਬੋਚ ਲਿਆ। ਸਾਹਿਤਕਾਰ, ਜਮਹੂਰੀਅਤ ਸੋਚ ਵਾਲੇ ਮਕਬੂਲ ਸ਼ਾਇਰ ਤੇ ਤਰੱਕੀ ਪਸੰਦ ਜਾਲਿਬ ਨੂੰ ਸਾਰੀ ਉਮਰ ਤਾਨਾਸ਼ਾਹੀ ਵਿਰੁੱਧ ਲੜਨਾ ਪਿਆ ਤੇ ਲੰਬਾ ਸਮਾਂ ਜੇਲ੍ਹਾਂ ਨੂੰ ਆਪਣਾ ਰਹਿਣ-ਬਸੇਰਾ ਬਣਾਉਣਾ ਪਿਆ। ਉਸ ਦੀਆਂ ਨਜ਼ਮਾਂ ਨੂੰ ਉਸ ਦੀ ਮੌਤ ਬਾਦ ਵੀ ਅੱਜ ਤੱਕ ਪਾਕਿਸਤਾਨ ਦੇ ਪ੍ਰਸਿੱਧ ਗਾਵੰਤਰੀ ਗਾ ਕੇ ਲੋਕਾਂ ਨੂੰ ਸਮਾਜ ਦੇ ਲੁਟੇਰਿਆ ਵਿਰੁਧ ਇਕਮੁਠ ਤੇ ਇਕਜੁਟ ਹੋਣ ਦਾ ਅੱਜ ਵੀ ਸੱਦਾ ਦੇ ਰਹੇ ਹਨ !
ਦਿੱਲੀ ਪੜ੍ਹਦਿਆਂ ਹੀ ਹਬੀਬ ਜਾਲਿਬ ਅੰਦਰ ਕਵਿਤਾ ਦੀ ਚਿਣਗ ਪੁੱਟਣੀ ਸ਼ੁਰੂ ਹੋ ਗਈ ਸੀ। ਭਾਵੇਂ ਉਸ ਨੇ ਨਜ਼ਮ ਤੇ ਗੀਤ ਲਿਖਣ ‘ਚ ਮੁਹਾਰਤ ਪ੍ਰਾਪਤ ਕਰ ਲਈ ਸੀ, ਪਰ ਉੜਦੂ ਗਜ਼ਲ ਲਿਖਣ ਵਿੱਚ ਉਸ ਦਾ ਆਪਣਾ ਮੁਕਾਮ ਸੀ। ਜਾਲਿਬ ਨੇ ਸਰਲ ਤੇ ਸਿਧੀ ਜ਼ੁਬਾਨ ਦੀ ਵਰਤੋਂ ਕਰਦਿਆਂ ਲੋਕਾਂ ਦੇ ਦੁਖਾਂ ਨੂੰ ਹੱਕ ਸੱਚ ਲਈ ਸੰਘਰਸ਼ ਕਰਦਿਆਂ ਆਪਣੀਆਂ ਗਜ਼ਲਾਂ ਅੰਦਰ ਮੋਤੀਆਂ ਵਾਂਗ ਪਰੋ ਕੇ ਪੇਸ਼ ਕੀਤਾ। ਭਾਰਤ ਦੇ ਪ੍ਰਸਿੱਧ ਉੜਦੂ ਸਾਹਿਤਕਾਰ ਤੇ ਸ਼ਾਇਰ ਅਲੀ ਸਰਦਾਰ ਜਾਫ਼ਰੀ ਨੇ ਤਾਂ ਹਬੀਬ ਜਾਲਿਬ ਨੂੰ 20-ਵੀਂ ਸਦੀ ਦੀ ਆਵਾਜ਼ ਅੰਕਿਆ ਸੀ। ਫੈਜ਼ ਅਹਿਮਦ ਫੈਜ਼ ਵਾਂਗ ਹਬੀਬ ਜਾਲਿਬ ਨੇ ਵੀ ਪੰਜਾਬੀ ਵਿੱਚ ਗਿਣਤੀ ਦੀਆਂ ਰਚਨਾਵਾਂ ਹੀ ਰੱਚੀਆਂ ਹਨ ਪਰ ਉਸ ਦੀ ਸ਼ਾਇਰੀ ਅੰਦਰ ਅਨੇਕਾਂ ਵੰਨਗੀਆਂ ਤੇ ਪਾਸਾਰ ਦਿਸਦੇ ਹਨ। ਉਹ ਆਵਮ ਦਾ ਲੋਕ-ਕਵੀ ਤੇ ਆਵਾਮ ਪ੍ਰਤੀ ਵਚਨ ਬੱਧਤਾ ਰੱਖਦਾ ਸੀ। ਹਾਕਮਾਂ ਦੀਆ ਲੋਕ-ਵਿਰੋਧੀ ਨੀਤੀਆਂ ਦੀ ਕਰੜੀ ਆਲੋਚਨਾ, ਫੌਜੀ ਰਾਜ ਦਾ ਵਿਰੋਧੀ ਤੇ ਸਾਮਰਾਜੀ ਅਮਰੀਕਾ ਪ੍ਰਤੀ ਉਸ ਦੇ ਮਨ ਅੰਦਰ ਘਿਰਣਾ ਦਾ ਪ੍ਰਗਟਾਵਾ ਉਸ ਦੀਆਂ ਹਰ ਰਚਨਾਵਾਂ ਅੰਦਰ ਸ਼ਾਇਰੀ ਦਾ ਮੁੱਖ ਸਰੋਕਾਰ ਹੈ। ਉਸ ਦੀ ਹਰ ਨਜ਼ਮ ਗਰੀਬ ਦੁਖਿਆਰੇ, ਲਿਤਾੜੇ ਤੇ ਪੀੜਤ ਦੀ ਦਬਾਈ ਹੋਈ ਜ਼ਬਾਨ ਬਣਦੀ ਸੀ। ਉਹ ਕਿਰਤੀ-ਕਿਸਾਨਾਂ, ਦਿਹਾੜੀਦਾਰਾਂ ਤੇ ਮੁਜ਼ਾਰਿਆਂ ਦੀ ਹੋ ਰਹੀ ਲੁਟ-ਖਸੁਟ ਤੇ ਦੁਸ਼ਵਾਰੀਆਂ ਨੂੰ ਆਪਣੀ ਕਿਰਤ ਅੰਦਰ ਬੜੀ ਜ਼ੁਰਅਤ ਤੇ ਬੇਬਾਕੀ ਨਾਲ ਪੇਸ਼ ਕਰਦਾ ਹੈ। ਲੋਕਾਈ ਦੇ ਹੱਕ ਵਿੱਚ, ਜ਼ੁਲਮ ਵਿਰੁਧ ਉਸ ਨੇ ਖੁਲ੍ਹ ਕੇ ਇਜ਼ਹਾਰ ਕੀਤਾ ਹੈ। ਜਦੋਂ 1958 ਨੂੰ ਪਾਕਿ ਅੰਦਰ ਫੀਲਡ ਮਾਰਸ਼ਲ ਅਯੂਬ ਖਾਂ ਨੇ ਸਰਕਾਰ ਦਾ ਤਖਤਾ ਪਲਟ ਕੇ ਦੇਸ਼ ਦੀ ਵਾਗਡੋਰ ਸਾਂਭ ਲਈ, ਜਾਲਿਬ ਦਾ ਖੂਨ ਖੌਲਿਆ ਤੇ ਉਸ ਨੇ 1959 ਨੂੰ ਰਾਵਲਪਿੰਡੀ ਪਾਕਿਸਤਾਨ ਰੇਡੀਓ ਤੋਂ ਇਕ ਮੁਸ਼ਾਹਿਰੇ ‘ਚ ਇਹ ਨਜ਼ਮ ਪੜ੍ਹੀ ਤੇ ਹਾਕਮਾਂ ਨੇ ਉਸ ਨੂੰ ਜੇਲ੍ਹ ਡੱਕ ਦਿੱਤਾ।
‘ਕਹੀ ਗੈਸ ਦਾ ਧੂੰਆਂ ਹੈ,ਕਹੀ ਗੋਲੀਓ ਕੀ ਬਾਰਸ਼, ਸ਼ਬ-ਏ-ਇੰਦ ਕਮ-ਨਿਗਾਰੀ
ਤੁਝੇ ਕਿਸ ਤਰਹਾਂ ਸਰਾਂਹੇਂ।
ਮਾਰਸ਼ਲ ਅਯੂਬ ਖਾਂ ਨੇ 1962 ਨੂੰ ਪਾਕਿ ਦਾ ਸੰਵਿਧਾਨ ਹੀ ਬਦਲ ਅਤੇ ਆਪਣੇ ਆਪ ਨੂੰ ਦੇਸ਼ ਦਾ ਪ੍ਰਧਾਨ ਬਣਾਉਣ ਲਈ ਇਕ ਨਵਾਂ ਦਸਤੂਰ ਬਣਾ ਲਿਆ। ਹਬੀਬ ਜਾਲਿਬ ਨੇ ਇਸ ਤਾਨਾਸ਼ਾਹੀ ਦਸਤੂਰ ਨੂੰ ਮੰਨਣ ਤੋਂ ਇਨਕਾਰ ਕਰਦੇ ਇਕ ਨਜ਼ਮ ਲੋਕਾਂ ਨਾਲ ਸਾਂਝੀ ਕਰਦੇ ਇਕ ਸੁਨੇਹਾ ਦਿਤਾ;
‘ਐਸੇ ਦਸਤੂਰ ਕੋ ਮੈਂ ਨਹੀਂ ਮਾਨਤਾ, ਮੈਂ ਨਹੀਂ ਜਾਨਤਾ
ਸਬ੍ਹਾ ਦੇ ਨੂਰ ਕੋ ਮੈਂ ਨਹੀਂ ਮਾਨਤਾ, ਮੈਂ ਨਹੀਂ ਜਾਨਤਾ
ਮੈਂ ਖਾਇਫ਼ (ਡਰਦਾ) ਨਹੀਂ ਤਖਤਾ-ਏ-ਦਾਰ (ਸੂਲੀ) ਸੇ
ਮੈਂ ਮਨਸੂਰ ਹੂੰ ਕਹਿ ਦੋ ਇਸ਼ਤਿਹਾਰ ਸੇ
ਕਉ ਡਰਤੇ ਹੋ ਜ਼ਿੰਦਾ (ਜੇਲ੍ਹ) ਕੀ ਦੀਵਾਰ ਸੇ।
ਮੈਂ ਨਹੀਂ ਮਾਨਤਾ, ਮੈਂ ਨਹੀਂ ਜਾਨਤਾ
ਫਿਰ ਅਯੂਬ ਖਾਂ ਦੇ ਪਿਛੋਂ ਜਦ ਜਰਨੈਲ ਯਹੀਆਂ ਖਾਂ ਪਾਕਿ ਹਕੂਮਤ ‘ਤੇ ਕਾਬਜ਼ ਹੋ ਗਿਆ ਤਾਂ ਉਸ ਸਮੇਂ ਪਾਕਿ ਦੇ ਰੇਡੀਓ ਤੋ਼ ਇਕ ਹੋਰ ਮੁਸ਼ਾਹਿਰੇ ਦੌਰਾਨ ਉਸ ਕਮਰੇ ‘ਚ ਯਹੀਆਂ ਖਾਂ ਦੀ ਲੱਗੀ ਤਸਵੀਰ ਵਲ ਇਸ਼ਾਰਾ ਕਰਦੇ ਜਾਲਿਬ ਨੇ ਇਹ ਸ਼ਿਅਰ ਪੜ੍ਹ ਦਿੱਤਾ:
‘ਤੁਝ ਸੇ ਪਹਿਲੇ ਵੋਹ ਜੋ ਕਿ ਸ਼ਖਸ,
ਯਹਾਂ ਤਖਤ ਨਸ਼ੀਨ ਥਾ,
ਉਸ ਕੋ ਭੀ ਅਪਨੇ ਖੁਦਾ ਹੋਨੇ ਦਾ ਇਤਨਾ ਹੀ ਯਕੀਨ ਥਾ ?
ਡਿਕਟੇਟਰ ਦੀ ਤਾਕਤ ਦੇ ਗੁਮਾਨ ਨੂੰ ਸ਼ਰੇਆਮ ਲਲਕਾਰਨ ਕਾਰਨ ਇਕ ਵਾਰ, ਫਿਰ ਜਾਲਿਬ ਨੂੰ ਜੇਲ ਯਾਤਰਾ ਕਰਨੀ ਪਈ। ਜਦ 1970 ਵਿੱਚ ਯਹੀਆ ਖਾਂ ਮਾਰਸ਼ਲ ਲਾਅ ਲਾ ਕੇ ਉਸ ਵੇਲੇ ਦੇ ਪੂਰਬੀ ਪਾਕਿਸਤਾਨ ਦੇ ਬੰਗਾਲੀ ਆਵਾਮ ਉਪਰ ਗੋਲੀਆਂ ਚਲਾ ਕੇ ਦਬਾਉਣਾ ਚਾਹਿਆ ਤਾਂ ਜਾਲਿਬ ਚੁੱਪ ਨਹੀਂ ਰਿਹਾ, ਤੇ ਹਕੂਮਤ ਨੂੰ ਵਗਾਰਿਆ:
‘‘ਮੁਹੱਬਤ ਗੋਲੀਓ ਸੇ ਬੋਅ ਰਹੇ ਹੋ, ਜ਼ਮੀ ਕਾ ਚੇਹਰਾ ਖ਼ੂਨ ਸੇ ਧੋ ਰਹੇ ਹੋ,
ਘਮੰਡ ਤੁਮਕੋ ਕਿ ਰਾਸਤਾ ਨਿਕਲ ਰਹਾ ਹੈ, ਯਕੀ ਮੁਝ ਕੋ ਕਿ ਮੰਜ਼ਲ ਖੋ ਰਹੇ ਹੋ।“
ਯਹੀਆ ਖਾਂ ਤੋਂ ਬਾਦ ਤੀਜਾ ਫੌਜੀ ਡਿਕਟੇਟਰ ਜ਼ਿਆ-ਉਲ-ਹੱਕ ਪਾਕਿ ਅਵਾਂਮ ਦੇ ਸਿਰਾਂ ਤੇ ਬੈਠ ਗਿਆ। ਉਸ ਨੇ ਮੁਲਾ-ਮੌਣਾਇਆ ਦੀ ਮਦਦ ਨਾਲ ਪਕਿਸਤਾਨ ਅੰਦਰ ਸ਼ਰੀਅਤ ਕਾਨੂੰਨ ਲਾਗੂ ਕਰ ਦਿੱਤਾ ਤਾਂ ਜਾਲਿਬ ਨੇ ਉਸ ਨੂੰ ਦੋਨੋ ਹੱਥੀ ਲਿਆ। ਥੋੜੀ ਜਿਹੀ ਜਮਹੂਰੀਅਤ ਆਉਣ ਵਕਤ ਜ਼ੁਲਫ ਕਾਰ ਭੁਟੋਂ ਤੋਂ ਜਾਲਿਬ ਨੂੰ ਉਸ ਤੋਂ ਉਮੀਦ ਸੀ ਕਿ ਉਹ ਗਰੀਬਾਂ-ਲਿਤਾੜਿਆ ਲਈ ਕੋਈ ਕਦਮ ਪੁਟੇਗਾ ? ਭੁੱਟੋ, ‘ਜਾਲਿਬ ਦੇ ਕਲਾਮ ਨੂੰ ਪਸੰਦ ਕਰਦਾ ਸੀ ਤੇ ਉਸ ਦੇ ਨੇੜੇ ਵੀ ਆਉਣਾ ਚਾਹੁੰਦਾ ਸੀ। ਪਰ ਜਦੋਂ ਭੁੱਟੋ ਨੇ ਇਰਾਨ ਦੇ ਸ਼ਾਹ ਨੂੰ ਆਪਣੇ ਘਰ ਲੜਕਾਨੇ ਵਿੱਚ ਦਾਅਵਤ ਦਿੱਤੀ ਤੇ ਫਿਲਮ ਐਕਟਰਸ ‘ਨੀਲੋ` ਨੂੰ ਨੱਚਣ ਵਾਸਤੇ ਬੁਲਾਇਆ, ਪਰ ਉਸ ਦੇ ਇਨਕਾਰ ਕਰਨ ਤੇ ਉਸ ਨੂੰ ਗ੍ਰਿਫਤਾਰ ਕਰਕੇ ਲੜਕਾਨੇ ਲਿਆਉਣ ਲਈ ਕਿਹਾ ਤਾਂ ਜਾਲਿਬ ਨੇ ਭੁੱਟੋ ਦੀ ਵੀ ਨਿੰਦਿਆ ਕੀਤੀ। ਜਾਲਿਬ ਇਕ ਅਣਖੀ ਤੇ ਨਿੱਡਰ ਸਾਹਿਤਕਾਰ ਸੀ। ਉਹ ਆਪਣੇ ਦਸਤੂਰਾਂ ‘ਤੇ ਪੈਹਰਾ ਦੇਣ ਵਾਲਾ ਅਪਾਣੀ ਜਮੀਰ ਅਤੇ ਅਸੂਲਾਂ ਨਾਲ ਕਿਸੇ ਵੀ ਕੀਮਤ ‘ਤੇ ਸਮਝੌਤਾ ਕਰਨ ਨੂੰ ਕਦੀ ਵੀ ਤਿਆਰ ਨਹੀਂ ਸੀ। ਹਬੀਬ ਸਮਾਜਿਕ ਵਰਤਾਰਿਆਂ ਤੋਂ ਚੰਗੀ ਤਰ੍ਹਾਂ ਵਾਕਫ਼ ਤੇ ਚੋਕਸ ਸੀ। ਉਹ ਸਾਰੇ ਰਾਜਸੀ ਵਰਤਾਰਿਆਂ, ਘਟਨਾਵਾਂ, ਵਿਅਕੱਤੀਆਂ,ਹਾਕਮਾਂ, ਲੋਕਾਂ ਦੇ ਦੋਸਤ ਕੌਣ ਤੇ ਦੁਸ਼ਮਣ ਕੋਣ ਨੂੰ ਵਰਗੀ-ਚੌਖਟੇ ਅੰਦਰ ਪੂਰੀ ਤਰ੍ਹਾਂ ਜਾਂਚਦਾ ਤੇ ਪਰਖਦਾ ਸੀ। ਉਸ ਦੀ ਨਜ਼ਮ, ਕਲਾਮ ਅਤੇ ਗਜ਼ਲ ਸ਼ਾਇਰੀ ਮਨ ਪ੍ਰਚਾਵੇ ਦਾ ਇਕ ਸਾਧਨ ਹੀ ਨਹੀਂ ਸੀ ਤੇ ਨਾ ਹੀ ਕੋਈ ਸ਼ੁਗਲ ਵੱਜੋ ਉਹ ਲਿਖਦਾ ਸੀ। ਉਸ ਦੀ ਕਲਮ ਲੋਕ-ਪੱਖੀ ਤੇ ਹੱਕ-ਸੱਚ ਦੇ ਪੱਖ ਵਿੱਚ, ‘ਆਵਾਮ ਦੀ ਹੋ ਰਹੀ ਲੁੱਟ-ਖਸੁੱਟ ਅਤੇ ਅਨਿਆ ਵਿਰੁਧ ਸੀ। ਉਸ ਨੇ ਹਾਕਮਾਂ ਦੇ ਜ਼ਬਰ-ਜ਼ੁਲਮ ਤੇ ਤਸ਼ੱਦਦ ਦੇ ਬਰਖਿਲਾਫ਼ ਆਪਣੀ ਕਲਮ ਨੂੰ ਚਲਾਇਆ। ਉਸ ਨੇ ਆਪਣੀ ਸ਼ਾਇਰੀ ਰਾਹੀ ਇਸ ਸਮਾਜ ਅੰਦਰ ਸਮਾਜਕ-ਬੇਇਨਸਾਫ਼ੀ, ਜਮਾਤੀ ਕਾਣੀ ਵੰਡ ਅਤੇ ਜੋਰ-ਜ਼ਬਰ ਵਿਰੁਧ ਆਵਾਜ਼ ਉਠਾਈ। ਉਸ ਨੇ ਆਵਾਮ ਦੇ ਦੁੱਖਾਂ ਨੂੰ ਸਮਝਿਆ, ਆਪਣੀ ਕਲਮ ਰਾਹੀਂ ਉਨ੍ਹਾਂ ਦਾ ਸਾਥ ਦਿੱਤਾ ਤੇ ਹਾਕਮਾਂ ਦੀਆਂ ਆਵਮ ਵਿਰੋਧੀ ਨੀਤੀਆਂ,ਸਿਆਸੀ-ਬੁਰਛਾ ਗਰਦੀ ਤੇ ਬਦਨਾਮ ਤਾਨਾਸ਼ਾਹੀ ਵਲੋਂ ਪਾਏ ਜਮਹੂਰੀ ਗਲਾਫ਼ਾ ਨੂੰ ਨੰਗਾ ਕਰਕੇ ਸਾਹਮਣੇ ਲਿਆਂਦਾ। ਪਾਕਿਸਤਾਨ ਆਵਾਮ ਲਈ ਲੰਬੇ ਸਮੇਂ ਤੋਂ ਜਮਹੂਰੀ ਹੱਕ-ਹਕੂਕਾਂ ਦਾ ਮੱਸਲਾ ਇਕ ਗੰਭੀਰ ਮੁੱਦਾ ਰਿਹਾ ਹੈ। ਜੋ ਪਾਕਿਸਤਾਨ ਅੰਦਰ ਵਾਰ-ਵਾਰ ਫੌਜੀ ਤਾਨਾਸ਼ਾਹੀ ਰਾਜ ਦੀ ਕਾਇਮੀ, ਹਾਕਮਾਂ ਦੇ ਕੱਟੜਵਾਦੀਆਂ ਨਾਲ ਮੇਲ-ਮਿਲਾਪ, ਸਾਮਰਾਜੀ ਸ਼ਕਤੀਆਂ ਨਾਲ ਸਾਂਝ ਭਿਆਲੀ ਅਤੇ ਜਮਹੂਰੀ ਲਹਿਰਾਂ ਦੀ ਕਮਜ਼ੋਰੀ ਕਾਰਨ ਪਾਕਿਸਤਾਨ ਅੰਦਰ ਲੰਬੇ ਸਮੇਂ ਤੱਕ ਆਵਾਮ ਦੀ ਆਜਾਦੀ ਦਾ ਵਾਰ-ਵਾਰ ਗਲਾ ਘੁਟਿਆ ਜਾਂਦਾ ਰਿਹਾ। ਹਬੀਬ ਨੇ ਪਾਕਿਸਤਾਨ ਦੀ ਰਾਜਸੀ ਦਸ਼ਾ ਨੂੰ ਆਪਣੀ ਇਕ ਪੰਜਾਬੀ ਨਜ਼ਮ ਰਾਹੀ ਪੇਸ਼ ਕੀਤਾ ਹੈ:
‘‘ਡਾਕੂਆਂ ਦਾ ਜੇ ਸਾਥ ਨਾ ਦੇਂਦਾ ਪਿੰਡ ਦਾ ਪਹਿਰੇਦਾਰ,
ਅੱਜ ਪੈਰੀ ਜੰਜ਼ੀਰ ਨਾ ਹੁੰਦੀ ਜਿੱਤ ਨਾ ਹੁੰਦੀ ਹਰ,
ਪੱਗਾਂ ਆਪਣੇ ਗਲ ਵਿੱਚ ਪਾ ਲਉ, ਟੁਰੋ ਪੇਟ ਦੇ ਭਾਰ,
ਚੜ੍ਹ ਜਾਏ ਤਾਂ ਮੁਸ਼ਕਲ ਲਹਿੰਦੀ ਬੂਟਾਂ ਦੀ ਸਰਕਾਰ।“
ਪਾਕਿਸਤਾਨ ਦੇ ਪੰਜਾਬ ਸੂਬੇ ਅੰਦਰ ਤਾਲੀਮ ਦਾ ਜ਼ਰੀਆ ਪੰਜਾਬੀ ਨਹੀਂ ਸਗੋਂ ਸਰਕਾਰੀ ਤੌਰ ਤੇ ਉੜਦੂ ਹੈ, ਜਦਕਿ ਲੋਕ ਪੰਜਾਬੀ ਬੋਲਦੇ ਹਨ। ਪੰਜਾਬੀ ਨੂੰ ਇਸ ਦਾ ਬਣਦਾ ਹੱਕ ਮਨਾਉਣ ਲਈ ਪੰਜਾਬੀ ਅਦੀਬ ਤੇ ਦਾਨਿਸ਼ਵਰ ਲੰਬੇ ਸਮੇਂ ਤੋਂ ਜੱਦੋ ਜਹਿਦ ਕਰਦੇ ਆ ਰਹੇ ਸਨ, ਪਰ ਪੰਜਾਬੀ ਵਿਰੋਧੀ ਲਾਬੀ ਦੇ ਤਾਕਤਵਰ ਸਿਆਸੀ ਲੋਕਾਂ ਦੀ ਸਰਕਾਰ ਉਪਰ ਕਾਠੀ ਪਈ ਹੋਣ ਕਰਕੇ, ‘ਇਸ ਕੁਦਰਤੀ ਤੇ ਵਾਜਬ ਮੰਗ ਨੂੰ ਦਰ ਕਿਨਾਰ ਕੀਤਾ ਜਾਂਦਾ ਰਿਹਾ ਹੈ। ਪੰਜਾਬੀ ਜ਼ੁਬਾਨ ਦੀ ਮੰਗ ‘ਤੇ ਗੱਲ ਕਰਨ ਵਾਲਿਆਂ ਦੀ ਵਤਨਪ੍ਰਸਤੀ ‘ਤੇ ਸਦਾ ਹੀ ਸ਼ਕ ਦੀਆਂ ਨਿਗਾਹਾਂ ਰਾਹੀਂ ਦੇਖਿਆ ਜਾਂਦਾ ਰਿਹਾ ਹੈ। ਹਬੀਬ ਜਾਲਿਬ ਪੰਜਾਬੀ ਦੀ ਵੱਡਾ ਸ਼ਾਇਰ ਹੀ ਨਹੀਂ ਸਗੋਂ ਅਲੰਬਰਦਾਰ ਵੀ ਸੀ ! ਉਸ ਨੇ ਪੰਜਾਬੀ ਤਹਿਰੀਕ ਦੇ ਹੱਕ ਵਿੱਚ ਨਜ਼ਮਾਂ ਲਿਖ ਕੇ, ਬੜੇ ਰਚਨਾਤਮਕ ਢੰਗ ਨਾਲ ਬਹੁਤ ਵੱਡਾ ਯੋਗਦਾਨ ਪਾਇਆ ਸੀ। ਉਸ ਦੀਆਂ ਪੰਜਾਬੀ ਵਿੱਚ ਅਜਿਹੀਆਂ ਨਜ਼ਮਾਂ ਹਨ ਜੋ ਉਸ ਦੇ ਪੰਜਾਬੀ ਬੋਲੀ ਪ੍ਰਤੀ ਮੋਹ ਨੂੰ ਪੇਸ਼ ਕਰਦੀਆਂ ਹਨ। ਹਬੀਬ ਦੀਆਂ ਪੰਜਾਬੀ ਨਜ਼ਮਾਂ ਦੀਆ ਕੁਝ ਵੰਨਗੀਆਂ ਪੰਜਾਬੀ ਪਾਠਕਾਂ ਸਾਹਮਣੇ ਉਸ ਦੀ ਮਾਂ ਬੋਲੀ ਪ੍ਰਤੀ ਨਿਸ਼ਠਾ ਤੇ ਪਿਆਰ ਨੂੰ ਦਰਸਾਉਂਦੀਆਂ ਹਨ।
‘‘ਪੁਤਰਾਂ ਤੇਰੀ ਚਾਦਰ ਲਾਈ, ਹੋਰ ਕਿਸੇ ਦਾ ਦੋਸ਼ ਨਾ ਮਾਈ।
ਗੈਰਾਂ ਕਰ ਵਿਰਵੀ ਉਹ ਅੱਗ ਬਾਲੀ, ਸੀਨੇ ਹੋ ਗਏ ਪਿਆਰ ਤੋਂ ਖਾਲੀ।
ਪੁੱਤਰਾਂ ਨੂੰ ਤੂੰ ਲੱਗੇ ਗਾਲੀ, ਤੈਨੂੰ ਬੋਲਣ ਤੋਂ ਸ਼ਰਮਾਵਣ।
ਗੈਰਾਂ ਐਸੀ ਵਾਅ ਵਗਾਈ, ਪੁੱਤਰਾਂ ਤੇਰੀ ਚਾਦਰ ਲਾਈ।
ਇਨ੍ਹਾਂ ਕੋਲ ਜ਼ਮੀਨਾਂ ਵੀ ਨੇ, ਇਨ੍ਹਾਂ ਹੱਥ ਸੰਗੀਨਾਂ ਵੀ ਨੇ।
ਦੌਲਤ ਬੈਂਕ ਮਸ਼ੀਨਾਂ ਵੀ ਨੇ, ਨਾ ਇਹ ਤੇਰੇ ਨਾ ਇਹ ਮੇਰੇ।
ਇਹ ਲੋਕੀ ਯੂਸਫ਼ ਦੇ ਭਾਈ ……………….
ਪੁੱਤਰਾਂ ਤੇਰੀ ਚਾਦਰ ਲਾਈ, ਹੋਰ ਕਿਸੇ ਦਾ ਦੋਸ਼ ਨਾ ਮਾਈ।“
ਹਬੀਬ ਜਾਲਿਬ ਇਕ ਇਨਕਲਾਬੀ ਸ਼ਾਇਰ ਸੀ ਜਿਸ ਨੇ ਰੱਜ ਕੇ ਹਮੇਸ਼ਾ ਲੁੱਟੇ-ਪੁੱਟੇ ਜਾਂਦੇ ਆਵਾਮ ਦੇ ਹੱਕ ਵਿੱਚ ਲਿਖਿਆ। ਉਸ ਦੀ ਕਲਮ ਦਾ ਇਕ ਇਕ ਤੁਪਕਾ ਆਵਮ ਲਈ ਸਦਾ ਹਾਂਅ ਦਾ ਨਾਅਰਾ ਮਾਰਦਾ ਅੱਖਰਾਂ ਨੂੰ ਤਰਤੀਬ ਦਿੰਦਾ ਰਿਹਾ। ਹਬੀਬ ਦੇ ਰਾਜਨੀਤਿਕ ਵਿਚਾਰ ਅਤੇ ਤਖ਼ਲੀਕੀ ਪੱਧਰ ‘ਤੇ ਦਿੱਤੇ ਬਿਆਨ ਕਈ ਵਾਰੀ ਆਪੋ ਵਿੱਚ ਟਕਰਾ ਜਾਂਦੇ ਸਨ। ਪਰ ਤਖ਼ਲੀਕੀ ਲਿਖਤ ਵਿੱਚ ਉਹ ਨਿਝੱਕ ਹੋ ਕੇ ਪਾਕਿਸਤਾਨ ਦੇ ਆਵਾਮ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦਾ ਰਿਹਾ। ਕਈ ਵਾਰ ਉਹ ਕਿਰਤੀ ਜਮਾਤ ਤੇ ਸਰਮਾਏਦਾਰ ਜਮਾਤ ਦੀ ਸਿਆਸਤ ਵਿਚਕਾਰ ਫ਼ਰਕ ਨਹੀਂ ਕਰਦਾ, ਪਰ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਬਿਆਨਣ ਤੋਂ ਜ਼ਾਬਰ ਹਕੂਮਤਾਂ ਨਾਲ ਕਦੀ ਵੀ ਸਮਝੌਤਾ ਨਹੀਂ ਕਰਦਾ ਸੀ। ਹਰ ਜ਼ੁਲਮ ਸਮੇਂ ਤੇ ਜ਼ਾਬਰ ਹਕੂਮਤਾਂ ਦੇ ਦੌਰ ਦੌਰਾਨ ਉਸ ਦੀ ਕਲਮ ਕਦੀ ਰੁਕੀ ਨਹੀ ਤੇ ਨਾ ਹੀ ਝੁਕੀ ਸੀ।
ਚੁੱਪ ਕਰ ਮੁੰਡਿਆ, ਨਾ ਮੰਗ ਰੋਟੀਆਂ, ਖਾਮੇਗਾ ਜ਼ਮਾਨੇ ਹੱਥੋਂ ਨਈ ਤੇ ਸੋਟੀਆਂ।
ਦੜ ਵੱਟ ਕੇ ਤੂੰ ਕੱਟ ਏਥੇ ਦਿਨ ਚਾਰ, ਸਦੀਆਂ ਤੋਂ ਭੁੱਖੇ ਲੋਕੀ ਖਾਂਦੇ ਆਏ ਮਾਰ।
ਹਬੀਬ ਜਾਲਿਬ ਸਾਮੰਤਵਾਦੀ ਰਾਜ ਪ੍ਰਬੰਧ ਦੀਆਂ ਕਿਰਤੀ-ਕਾਮਿਆਂ ਵਿਰੋਧੀ ਅਲਾਮਤਾਂ ਅੰਦਰ ਜਾਗੀਰਦਾਰਾਂ ਦੀ ਬੁਤੀਆਂ ਕਰਦੇ ਕੰਮੀ ਅਤੇ ਉਨਾਂ ਦੀਆਂ ਮਹਿਲ-ਮਾੜੀਆਂ ਅੰਦਰ ਕੰਮ ਕਰਦੀਆਂ ਉਨ੍ਹਾਂ ਦੀਆਂ ਧੀਆਂ ਦਾ ਹੁੰਦਾ ਹਰ ਤਰ੍ਹਾਂ ਦਾ ਸ਼ੋਸ਼ਣ ਉਸ ਲਈ ਚਿੰਤਾ ਦਾ ਵਿਸ਼ਾ ਹੈ। ਉਹ ਪਾਕਿਸਤਾਨ ਅੰਦਰ ਕਮੀਆਂ ਤੇ ਜਾਗੀਰਦਾਰਾਂ ਦੀ ਜ਼ਿੰਦਗੀ ਨੂੰ ਚਿੱਤਰਦਾ ਤੇ ਕਿਰਤੀ ਜਾਮਤ ਦੀ ਦੋਹਰੀ ਹੋ ਰਹੀ ਲੁੱਟ ਨੂੰ ਨੰਗਾ ਕਰਦਾ ਹੈ:
ਧੀ ਕੰਮੀ ਦੀ….. ਵੱਡੇ ਘਰ ਵਿੱਚ ਬੁੱਤੀਆਂ ਕਰਦੀ ………….. ਹੰਝੂ ਪੀਂਦੀ ਹਉਕੇ ਭਰਦੀ,
ਨਾ ਇਹ ਜੀਂਦੀ ਨਾ ਇਹ ਮਰਦੀ ….. ਬੁੱਢੇ ਖ਼ਾਨ ਦਾ ਹੁੱਕਾ ….. ਦਿਨ ਵਿੱਚ ਸੋ ਸੋ ਵਾਰੀ ਵਾਜਾ ਕਰਦੀ,
ਖਾਨ ਦਾ ਪੁੱਤਰ…. ਬੈਠਕ ਦੇ ਵਿੱਚ ਹਾਸੇ ਭਾਣੇ…. ਬਾਂਹ ਫੜ ਲੈਂਦਾ .. ਇਹਨੂੰ ਸੀਧਾਂ ਮੈਨੂੰ ਖਹਿੰਦਾ,
ਕੀ ਦੱਸਾਂ ਉਹ ਕੀ ਕੀ ਕਹਿੰਦਾ…ਅੱਧੀ ਰਾਤੀ ਛੋਟੀ ਬੀਬੀ ਕਹਿੰਦੀ… ਉਠ ਤਕੀਏ ਵਲ ਚੱਲੀਏ,
ਜੇ ਕੰਮੀ ਨੇ ਪਿੰਡ ਵਿੱਚ ਰਹਿਣਾ…. ਫਿਰ ਇਹ ਸਭ ਕੁਝ ਕਰਨਾ ਪੈਣਾ।
ਹਬੀਬ ਜਾਲਿਬ ਜਿੱਥੇ ਪਾਕਿਸਤਾਨ ਅੰਦਰ ਸਾਮੰਤਵਾਦੀ ਤੇ ਫੌਜੀ ਤਾਨਾਸ਼ਾਹਾਂ ਦੀ ਧੱਕੇਸ਼ਾਹੀ ਨੂੰ ਨੰਗਾ ਕਰਦਾ ਹੈ, ਉਥੇ ਦੇਸ਼ ਅੰਦਰ ਫੌਜੀ ਗਰੀਬੀ-ਗੁਰਬਤ ਅਤੇ ਜ਼ਹਾਲਤ ਲਈ ਹਾਕਮਾਂ ਨੂੰ ਦੋਸ਼ੀ ਕਹਿੰਦਾ ਹੈ। ਇਨ੍ਹਾਂ ਹਲਾਤਾਂ ਲਈ ਦੋਸ਼ੀ ਹਾਕਮਾਂ ਵਿਰੁੱਧ ਲੜਨ, ਮਰਨ ਅਤੇ ਇਕਜੁੱਟ ਹੋਣ ਲਈ ਵੀ ਹੋਕਾ ਦਿੰਦਾ ਹੈ। ਉਸ ਦੀ ਸ਼ਾਇਰੀ ਦਾ ਘੇਰਾ ਸਮਾਜਕ ਬੁਰਾਈਆਂ, ਰੰਗ, ਜਾਤ, ਨਸਲ ਤੇ ਧਰਮ ਦੀਆਂ ਵਲਗਣਾਂ ਤੋਂ ਦੂਰ ਹੈ। ਇਹ ਇਨਸਾਨੀਅਤ ਤੇ ਇਨਸਾਨੀ ਦੋਸਤੀ ਦਾ ਹਾਮੀ ਅਤੇ ਇਨਸਾਨੀ ਅਜ਼ਮਤ ਤੇ ਹੱਕੀ ਜੱਦੋ-ਜਹਿਦ ਵਿੱਚ ਵਿਸ਼ਵਾਸ਼ ਰੱਖਣ ਵਾਲਾ ਨਾਇਕ ਹੈ। ਇਸ ਲਈ ਹੀ ਉਹ ਸਾਰੀ ਉਮਰ ਫੌਜੀ ਰਾਜ ਪ੍ਰਬਧ ਵਿਰੁੱਧ ਬੜੀ ਨਿਡਰਤਾ, ਜੁਅੱਰਤ ਅਤੇ ਬੇਬਾਕੀ ਨਾਲ ਵਿਅੰਗਮਈ ਲਫ਼ਜ਼ਾਂ ‘ਚ ਡੰਗ ਕਸਦਾ ਰਿਹਾ। ਜਾਲਿਬ ਹਿੰਦ-ਪਾਕਿ ਦੋਸਤੀ ਦਾ ਵੀ ਮਦਈ ਸੀ, ਕਿਉਂਕਿ ਉਹ ਜਾਣਦਾ ਸੀ ਕਿ ਹਿੰਦੋਸਤਾਨ ਦੇ ਦੋ ਟੁਕੜੇ ਕਰਨ ਲਈ ਜਿੱਥੇ ਬਸਤੀਵਾਦੀ ਹਾਕਮ ਜ਼ਿੰਮੇਵਾਰ ਸਨ, ਉਥੇ ਫਿਰਕੂ ਸਿਆਸਤ ਵੀ ਇਸ ਲਈ ਦੋਸ਼ੀ ਹੈ। ਉਹ ਜਨਸਾਧਾਰਨ ਦੀ ਫਿਰਕੂ ਆਧਾਰ ‘ਤੇ ਹੋਈ ਵੰਡ ਤੇ ਪਾਕਿ ਦੇ ਲੋਕਾਂ ਨੂੰ ਸੰਬੋਧਨ ਕਰਕੇ ਲਿਖਦਾ ਹੈ:
ਗੱਲ ਸੁਣ ਚੱਪਣਾ…ਰਾਜ ਲਿਆ ਆਪਣਾ….ਵੱਡਿਆਂ ਵਡੇਰਿਆਂ ਦਾ… ਜਾਲਮਾਂ ਲੁਟੇਰਿਆਂ ਦਾ,
ਛੱਡ ਨਾਮ ਜੱਪਣਾ…. ਗੱਲ ਸੁਣ ਚੱਪਣਾ… ਰਾਜ ਲਿਆ ਆਪਣਾ…
ਬੰਦੇ ਨੇ ਇਹ ਪਿਆਰ ਦੇ ….ਐਵੇ ਤੈਨੂੰ ਚਾਰਦੇ… ਝੂਠ ਪਏ ਮਾਰਦੇ….ਹੋਸ਼ ਕਰ ਪਾਗਲਾ,
ਗੋਰੇ ਚਿੱਟੇ ਸਾਬਾਂ ਕੋਲੋਂ… ਕਾਲਿਆ ਨਵਾਬਾਂ ਕੋਲੋ… ਬੱਚ ਇਨ੍ਹਾਂ ਅਜ਼ਾਬਾਂ ਕੋਲੋ,
ਨਹੀਂ ਤਾਂ ਤੈਨੂੰ ਮੁੱਦਤਾਂ….ਪਏਗਾ ਕਲਪਨਾ… ਗੱਲ ਸੁਣ ਚੱਪਣਾ….ਰਾਜ ਲਿਆ ਆਪਣਾ।
ਹਬੀਬ ਜਾਲਿਬ ਦੀਆਂ ਕਿਰਤਾਂ ਕਿਸੇ ਇਨਾਮਾਂ-ਸਨਮਾਨਾਂ ਦੀਆਂ ਮੁਹਥਾਜੀ ਨਹੀਂ ਹਨ ! ਉਸ ਦੀ ਸ਼ਾਇਰੀ ਦਾ ਘੇਰਾ, ਉਸਦੇ ਖ਼ਾਬਾ ਦਾ ਬਜੂਦ ਬਹੁਤ ਵਿਆਪਕ ਤੇ ਸਰਵਜਨਕ ਸੋਚ ਵਾਲਾ ਸੀ। ਉਸ ਨੇ ਸਿਧੀ-ਸਾਧੀ ਬੋਲੀ ਰਾਹੀਂ ਆਵਾਮ ਨੂੰ ਟੁੰਬਦੇ ਸ਼ਬਦਾਂ ਰਾਹੀ ਲੋਕਾਂ ਦੇ ਜਮਾਤੀ ਦੁਸ਼ਮਣਾਂ ਨੂੰ ਫੁੰਡਿਆ। ਉਹ ਪਾਠਕ ਨੂੰ ਕਾਇਮ ਕਰਨ ਵਾਲਾ ਤੇ ਸੱਚ ਨੂੰ ਸੱਚ ਕਹਿਣ ਵਾਲਾ ਸ਼ਾਇਰ ਲੋਕਾਂ ਦੀ ਆਵਾਜ਼ ਬਣਿਆ! ਉੁਸ ਦੀ ਸ਼ਾਇਰੀ ਆਵਾਮ ਦੀ ਹਯਾਤੀ ਤੱਕ ਹੀ ਸੀਮਤ ਨਹੀਂ ਸੀ, ਉਸ ਨੇ ਹਰ ਪਾਸੇ ਹੁੰਦੀ ਲੁੱਟ-ਖਸੁਟ ਨੂੰ ਨੰਗਾ ਕਰਨ ਦੀ ਕੋਸ਼ਿਸ਼ ਕੀਤੀ। ਉਸ ਦਾ ਜਨਮ ਤੇ ਪਾਸਣ-ਪੋਸਣ ਬਿਆਸ ਦਰਿਆ ਦੇ ਕੰਢੇ ਵੱਸੇ ਪਿੰਡ ਮਿਆਣੀ-ਪਠਾਣਾਂ (ਅਫਗਾਨਾਂ), ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਇਆ ਸੀ। ਮੁਲਕ ਦੀ ਵੰਡ ‘ਤੇ ਆਵਾਮ ਦੀ ਹੋੋਈ ਕਤਲੋ-ਗਾਰਤ ਤੇ ਵੰੰਡ ਦੀ ਝੁੱਲੀ ਹਨੇਰੀ ਦੇ ਦਰਦ ਨੂੰ ਉਹ ਅਜੇ ਤੱਕ ਸਹਿ ਨਹੀਂ ਸਕਦਾ ਸੀ:
‘‘ਉੱਚੀਆ ਕੰਧਾ ਵਾਲਾ ਘਰ ਸੀ ਰੋ ਲੈਂਦੇ ਸਾਂ ਖੁੱਲ ਕੇ,
ਐਸੀ ਵਾਅ ਵਗਾਈ ਓ ਰੱਬਾ ਰਹਿ ਗਈ ਜਿੰਦਗੀ ਰੁੱਕ ਕੇ”
ਸ਼ਾਇਰ ਪੰਜਾਬ ਅਤੇ ਪੰਜਾਬੀਅਤ ਨਾਲ ਪੀਡੀ ਵਚਨਬੱਧਤਾ ਰੱਖਦਾ ਸੀ। ਉਸ ਦੇ ਭਾਵ ਬੌਧਿਕਤਾ, ਵਿਚਾਰ ਅਤੇ ਹੌਂਕਾ ਨਿਰ ਸੰਦੇਹ ! ਕਿਰਤੀ ਜਮਾਤ ਦੀ ਮੁਕਤੀ ਲਈ ਪ੍ਰਤੀਬੱਧ ਸਨ ਤੇ ਉਹ ਇਕ ਦਾਰਸ਼ਨਿਕ ਸੋਚ ਵਾਲਾ ਸੀ ਜੋ ਸਾਥੋਂ 12-ਮਾਰਚ, 1993 ਨੂੰ ਸਦਾ ਲਈ ਰੁਖ਼ਸਤ ਹੋ ਗਿਆ।
ਜ਼ੁਲਮਤ (ਰੌਸ਼ਨੀ) ਕੋ ਜ਼ਿਆ ….. ਬੰਦੇ ਕੋ ਖ਼ੁਦਾ ਕਿਆ ਲਿਖਨਾ, ਕਿਆ ਲਿਖਨਾ-
91-9217997445 ਜਗਦੀਸ਼ ਸਿੰਘ ਚੋਹਕਾ
001-403-285-4208 ਕੈਲਗਰੀ (ਕੈਨੇਡਾ)
-.