ਫਿਲੌਰ- ਫਿਲੌਰ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਾਂਗਰਸ ਪਾਰਟੀ ਦੇ ਜਲੰਧਰ ਲੋਕ ਸਭਾ ਉਮੀਦਵਾਰ ਚਰਨਜੀਤ ਸਿੰਘ ਚੰਨੀ ਆਪਣੇ ‘ਤੇ ਲੱਗੇ ‘ਬਾਹਰੀ’ ਉਮੀਦਵਾਰ ਟੈਗ ਨੂੰ ਹਟਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ ਅਤੇ ਹਲਕੇ ਅੰਦਰ ਆਪਣੀਆਂ ਜੜਾਂ ਦਿਖਾਉਣ ਵਾਸਤੇ ਕਈ ਤਰ੍ਹਾਂ ਦੇ ਸਹਾਰੇ ਲੈ ਰਹੇ ਹਨ।
ਚੰਨੀ ਵੱਲੋਂ ਜਲੰਧਰ ਨਾਲ ਜੱਦੀ ਪੁਸ਼ਤੀ ਸਾਂਝ ਦਿਖਾਉਣ ਦੀ ਕੋਸ਼ਿਸ਼ ‘ਤੇ ਟਿੱਪਣੀ ਕਰਦਿਆਂ ਵਿਧਾਇਕ ਚੌਧਰੀ ਨੇ ਕਿਹਾ ਕਿ ਚੰਨੀ ਜੀ ਕਿਰਾਏ ‘ਤੇ ਮਕਾਨ ਲੈ ਕੇ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਦਾਅਵਾ ਕਰ ਰਹੇ ਹਨ ਕਿ ਉਸ ਦੇ ਜਠੇਰੇ ਜਲੰਧਰ ਜ਼ਿਲ੍ਹੇ ‘ਚ ਹਨ, ਪਰ ਸੱਚਾਈ ਇਹ ਹੈ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਸਟੇਜ ‘ਤੇ ਜਿਸ ਤਰਸੇਮ ਲਾਲ ਪੋਵਾਰ ਤੋਂ ਆਪਣਾ ਸਨਮਾਨ ਕਰਵਾਇਆ, ਉਹਨਾਂ ਨੂੰ ਚੰਨੀ ਜੀ ਆਪਣੀ ਜ਼ਿੰਦਗੀ ਵਿਚ ਪਹਿਲਾਂ ਕਦੇ ਨਹੀਂ ਮਿਲੇ ਸਨ।
ਵਿਧਾਇਕ ਚੌਧਰੀ ਨੇ ਟਿੱਪਣੀ ਕਰਦਿਆਂ ਆਖਿਆ ਕਿ ਆਪਣੇ ਲੋਕਾਂ ਨੂੰ ਛੱਡ ਕੇ ਭੱਜਣਾ ਸਾਬਕਾ ਮੁੱਖ ਮੰਤਰੀ ਦੀ ਪੁਰਾਣੀ ਆਦਤ ਹੈ ਅਤੇ ਉਹਨਾਂ ਨੇ ਆਪਣੇ ਹਲਕੇ ਦੇ ਉਹਨਾਂ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ ਜਿੰਨ੍ਹਾਂ ਕਰਕੇ ਉਹ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਅਤੇ ਫਿਰ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ। ਚਮਕੌਰ ਸਾਹਿਬ ਦੇ ਲੋਕਾਂ ਨੇ ਚੰਨੀ ਨੂੰ ਲਗਾਤਾਰ ਤਿੰਨ ਵਾਰ ਚੁਣਿਆ, ਪਰ ਜਦੋਂ ਉਨ੍ਹਾਂ ਨੂੰ ਚੰਨੀ ਦੇ ਮਾੜੇ ਅਤੇ ਭ੍ਰਿਸ਼ਟ ਕੰਮਾਂ ਦਾ ਪਤਾ ਲੱਗਿਆ ਤਾਂ ਆਪਣੇ ਹਲਕੇ ਦੇ ਲੋਕਾਂ ਸਾਹਮਣਾ ਕਰਨ ਦੀ ਬਜਾਏ ਉਹਨਾਂ ਨੂੰ ਵਿਦੇਸ਼ ਭੱਜਣਾ ਪਿਆ।
ਫਿਲੌਰ ਵਿਧਾਇਕ ਨੇ ਆਖਿਆ ਕਿ ਸੱਚਾਈ ਆਖਿਰ ਸਾਹਮਣੇ ਆ ਹੀ ਗਈ ਤੇ ਚਮਕੌਰ ਸਾਹਿਬ ਦੇ ਵੋਟਰਾਂ ਨੇ ਆਪਣੀ ਗ਼ਲਤੀ ਸੁਧਾਰ ਲਈ। ਉਨ੍ਹਾਂ ਆਸ ਪ੍ਰਗਟਾਈ ਕਿ ਜਲੰਧਰ ਦੇ ਵੋਟਰ ਵੀ ਸੁਚੇਤ ਹੋ ਕੇ ਆਪਣੀ ਵੋਟ ਦਾ ਇਸਤੇਮਾਲ ਕਰਨਗੇ।
ਉਨ੍ਹਾਂ ਅੱਗੇ ਕਿਹਾ ਕਿ ਚੰਨੀ ਵੱਲੋਂ ਜਲੰਧਰ ਦੇ ਲੋਕਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਵਾਸਤੇ ਉਨ੍ਹਾਂ ਨਾਲ ਆਉਣ ਦੀ ਨਿੱਜੀ ਅਪੀਲ ਦੇ ਬਾਵਜੂਦ ਬਹੁਤ ਘੱਟ ਲੋਕ ਆਏ ਅਤੇ ਬਹੁਤ ਸਾਰੀਆਂ ਕੁਰਸੀਆਂ ਖਾਲੀ ਸਨ, ਜਿਸ ਤੋਂ ਪਤਾ ਲੱਗਦਾ ਹੈ ਕਿ ਜਲੰਧਰ ਦੇ ਵੋਟਰ ਵੀ ਚੰਨੀ ਤੋਂ ਪਾਸਾ ਵੱਟ ਰਹੇ ਹਨ।