ਜਲੰਧਰ ਦੇ ਆਬਾਦਪੁਰਾ ਨੇੜੇ ਮਸ਼ਹੂਰ ਸੂਫੀ ਗਾਇਕ ਮਾਸਟਰ ਸਲੀਮ ਦੇ ਘਰ ’ਚ ਦਾਖਲ ਹੋ ਕੇ ਚੋਰਾਂ ਨੇ ਘਰ ਦੇ ਅੰਦਰੋਂ ਕਰੀਬ 50 ਹਜ਼ਾਰ ਰੁਪਏ ਦੀ ਨਕਦੀ ਅਤੇ ਹੋਰ ਸਾਮਾਨ ਚੋਰੀ ਕਰ ਲਿਆ ਸੀ।
ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਕਰੀਬ 2.40 ਵਜੇ ਵਾਪਰੀ। ਵਾਰਦਾਤ ਤੋਂ ਪਹਿਲਾਂ ਮੁਲਜ਼ਮ ਨੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਨੂੰ ਚਾਲੂ ਕਰ ਦਿੱਤਾ ਸੀ। ਜਿਸ ਤੋਂ ਬਾਅਦ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਫਿਲਹਾਲ ਇਸ ਘਟਨਾ ’ਚ ਕਿੰਨਾ ਨੁਕਸਾਨ ਹੋਇਆ ਹੈ, ਇਸ ਦਾ ਸਹੀ ਪਤਾ ਨਹੀਂ ਲੱਗ ਸਕਿਆ ਹੈ। ਗਾਇਕ ਮਾਸਟਰ ਸਲੀਮ ਦੇ ਪੀਏ ਅਭਿਸ਼ੇਕ ਨੇ ਦੱਸਿਆ ਕਿ ਮਨੀ ਨਾਮਕ ਲੜਕੇ ਨੂੰ ਘਰ ਦਾ ਕੰਮ ਕਰਨ ਲਈ ਰੱਖਿਆ ਗਿਆ ਹੈ। ਉਹ ਸਵੇਰੇ ਦਸ ਵਜੇ ਦੇ ਕਰੀਬ ਪਹੁੰਚਦਾ ਹੈ। ਰੋਜ਼ ਵਾਂਗ ਅੱਜ ਵੀ ਉਹ ਦਸ ਵਜੇ ਕੰਮ ’ਤੇ ਆਇਆ ਸੀ। ਇਸ ਦੌਰਾਨ ਉਸ ਨੇ ਦੇਖਿਆ ਕਿ ਘਰ ਦੇ ਦਰਵਾਜ਼ੇ ਦਾ ਤਾਲਾ ਸੜਕ ਕਿਨਾਰੇ ਪਿਆ ਸੀ।
ਜਿਸ ਤੋਂ ਬਾਅਦ ਉਸ ਨੇ ਅੰਦਰ ਜਾ ਕੇ ਦੇਖਿਆ ਕਿ ਘਰ ਦੇ ਸਾਰੇ ਦਰਵਾਜ਼ਿਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਲਾਕਰ ਵਿਚ ਪਈ ਨਕਦੀ ਗਾਇਬ ਸੀ। ਜਿਸ ਤੋਂ ਬਾਅਦ ਉਸ ਨੇ ਅਭਿਸ਼ੇਕ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਜਦੋਂ ਅਸੀਂ ਸੀਸੀਟੀਵੀ ਚੈੱਕ ਕਰਨ ਲੱਗੇ ਤਾਂ ਪਤਾ ਲੱਗਾ ਕਿ ਮੁਲਜ਼ਮਾਂ ਨੇ ਸੀਸੀਟੀਵੀ ਦਾ ਮੂੰਹ ਦੂਜੇ ਪਾਸੇ ਕਰ ਦਿੱਤਾ ਸੀ। ਹਾਲਾਂਕਿ, ਇੱਕ ਸੀਸੀਟੀਵੀ ਸਾਹਮਣੇ ਆਇਆ ਹੈ, ਜਿਸ ਵਿੱਚ ਦੋ ਮੁਲਜ਼ਮ ਐਕਟਿਵਾ ’ਤੇ ਸਵਾਰ ਹੋ ਕੇ ਆਉਂਦੇ ਦਿਖਾਈ ਦੇ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸ਼ਹਿਰ ਦੇ ਸਭ ਤੋਂ ਪੌਸ਼ ਇਲਾਕੇ ਮਾਡਲ ਟਾਊਨ ਦੇ ਨਾਲ ਲੱਗਦੇ ਅਬਾਦਪੁਰ ਨੇੜੇ ਪ੍ਰੀਤ ਨਗਰ ਵਿੱਚ ਵਾਪਰੀ। ਦੱਸ ਦਈਏ ਕਿ ਉਕਤ ਇਲਾਕੇ ’ਚ ਹਮੇਸ਼ਾ ਹੀ ਪੁਲਸ ਗਸ਼ਤ ਕਰਦੀ ਰਹਿੰਦੀ ਹੈ ਪਰ ਫਿਰ ਵੀ ਦੋਸ਼ੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਹਨ।