ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਅਲਾਸਕਾ ਰਾਜ ਵਿਚ ਇਕ ਸਿਖਲਾਈ ਉਡਾਣ ਦੌਰਾਨ ਅੱਧ ਅਸਮਾਨ ਵਿਚ ਅਮਰੀਕੀ ਫੌਜ ਦੇ ਦੋ ਏ ਐਚ-64 ਅਪਾਚੇ ਹੈਲੀਕਾਪਟਰ ਆਪਸ ਵਿਚ ਟਕਰਾਉਣ ਦੇ ਸਿੱਟੇ ਵਜੋਂ 3 ਫੌਜੀਆਂ ਦੀ ਮੌਤ ਹੋਣ ਤੇ ਇਕ ਹੋਰ ਦੇ ਜ਼ਖਮੀ ਹੋਣ ਦੀ ਖਬਰ ਹੈ। ਯੂ ਐਸ ਫੌਜ ਦੀ 11 ਵੀਂ ਏਅਰਬੋਰਨ ਡਵੀਜ਼ਨ ਵੱਲੋਂ ਜਾਰੀ ਬਿਆਨ ਅਨੁਸਾਰ ਦੋ ਫੌਜੀਆਂ ਦੀ ਮੌਕੇ ਉਪਰ ਹੀ ਮੌਤ ਹੋ ਗਈ ਜਦ ਕਿ ਇਕ ਹਸਪਤਾਲ ਨੂੰ ਲਿਜਾਂਦਿਆਂ ਰਸਤੇ ਵਿਚ ਦਮ ਤੋੜ ਗਿਆ। ਇਹ ਹਾਦਸਾ ਫੋਰਟ ਵੇਨਰਾਈਟ ਦੇ ਦੱਖਣ ਵਿਚ ਤਕਰੀਬਨ 100 ਮੀਲ ਦੂਰ ਵਾਪਰਿਆ ਜਿਥੇ ਫਸਟ ਅਟੈਕ ਬਟਾਲੀਅਨ 25ਵੀਂ ਐਵੀਏਸ਼ਨ ਰੈਜਮੈਂਟ ਦਾ ਟਿਕਾਣਾ ਹੈ। 11 ਵੀਂ ਏਅਰਬੋਰਨ ਡਵੀਜਨ ਦੇ ਕਮਾਂਡਿੰਗ ਜਨਰਲ ਮੇਜਰ ਜਨਰਲ ਬਰੀਅਨ ਈਫਲਰ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਫੌਜੀਆਂ ਦਾ ਵਿਛੋੜਾ ਸਬੰਧਤ ਪਰਿਵਾਰਾਂ, ਸਾਥੀ ਫੌਜੀਆਂ ਤੇ ਡਵੀਜਨ ਲਈ ਅਸਹਿ ਹੈ। ਅਸੀਂ ਇਸ ਦੁੱਖ ਦੀ ਘੜੀ ਵਿਚ ਵਿਛੜ ਗਏ ਫੌਜੀਆਂ ਦੇ ਪਰਿਵਾਰਾਂ ਤੇ ਦੋਸਤਾਂ-ਮਿਤਰਾਂ ਦੇ ਨਾਲ ਖੜੇ ਹਾਂ ਤੇ ਫੌਜ ਦੇ ਸੰਭਾਵੀ ਸਾਧਨਾਂ ਨਾਲ ਉਨਾਂ ਦੀ ਮਦਦ ਕਰਾਂਗੇ। ਯੂ ਐਸ ਫੌਜ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਜ਼ਖਮੀ ਫੌਜੀ ਫੇਅਰਬੈਂਕਸ ਮੈਮੋਰੀਅਲ ਹਸਪਤਾਲ ਵਿਚ ਦਾਖਲ ਹੈ ਜਿਥੇ ਉਸ ਦੀ ਹਾਲਤ ਸਥਿੱਰ ਹੈ। ਹਾਦਸੇ ਦੀ ਜਾਂਚ ਆਰਮੀ ਕੰਬਟ ਰੈਡੀਨੈਸ ਸੈਂਟਰ ਟੀਮ ਦੁਆਰਾ ਕੀਤੀ ਜਾਵੇਗੀ।