ਜਲੰਧਰ (ਗੁਰਵਿੰਦਰ ਸਿੰਘ)- ਸੰਸਕਾਰ ਭਾਰਤੀ ਪੰਜਾਬ ਪ੍ਰਾਂਤ ਵੱਲੋਂ ਆਰਟ ਗੈਲਰੀ, ਵਿਰਸਾ ਵਿਹਾਰ, ਜਲੰਧਰ ਵਿਖੇ ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਇੱਕ ਕਲਾ ਪ੍ਰਦਰਸ਼ਨੀ ਲਗਾਈ ਗਈ। ਡਾ: ਸੁਖਮਿੰਦਰ ਕੌਰ ਬਰਾੜ ਪ੍ਰਧਾਨ ਸੰਸਕਾਰ ਭਾਰਤੀ ਪੰਜਾਬ ਨੇ ਇਸ ਮੌਕੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਪ੍ਰਦਰਸ਼ਨੀ ਨੂੰ ਆਰੰਭ ਕੀਤਾ। ਇਸ ਪ੍ਰਦਰਸ਼ਨੀ ਦਾ ਸੰਚਾਲਨ ਸੰਸਕਾਰ ਭਾਰਤੀ ਪੰਜਾਬ ਦੇ ਪੇਂਟਿੰਗ ਕੋਆਰਡੀਨੇਟਰ ਰਿਸ਼ੀ ਰਾਜ ਤੋਮਰ ਨੇ ਕੀਤਾ।
ਇਸ ਮੌਕੇ ਸੰਸਕਾਰ ਭਾਰਤੀ ਪੰਜਾਬ ਦੇ ਪ੍ਰਚਾਰ ਪ੍ਰਸਾਰ ਮੁਖੀ ਗੁਰਵਿੰਦਰ ਸਿੰਘ, ਪ੍ਰੋ: ਸਰਿਤਾ ਤਿਵਾੜੀ, ਹਰੀਸ਼ ਵਰਮਾ ਅਤੇ ਹੋਰ ਆਏ ਹੋਏ ਖ਼ਾਸ ਮਹਿਮਾਨਾਂ ਨੇ ਕਲਾਕਾਰਾਂ ਦੀ ਹੌਸਲਾ ਅਫਜ਼ਾਈ ਕੀਤੀ। ਕਲਾ ਪ੍ਰਦਰਸ਼ਨੀ ਵਿੱਚ ਪੰਜਾਬ ਅਤੇ ਚੰਡੀਗੜ੍ਹ ਤੋਂ 40 ਦੇ ਕਰੀਬ ਕਲਾਕਾਰਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਲੁਧਿਆਣਾ ਤੋਂ ਜਸਪ੍ਰੀਤ ਮੋਹਨ ਜੀ, ਡਾ: ਵਿਸ਼ਵੇਸ਼ਵਰੀ ਤਿਵਾੜੀ, ਜਲੰਧਰ ਤੋਂ ਅਮਿਤ ਦਲ, ਕਵਿਤਾ ਹਤੀਰ, ਸ਼ਰਨਜੀਤ ਕੌਰ, ਨਵਾਂ ਸ਼ਹਿਰ ਤੋਂ ਤੇਜਿੰਦਰ ਜੀ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਕਰੀਬ 20 ਕਲਾਕਾਰਾਂ ਨੇ ਭਾਗ ਲਿਆ, ਜਿਨ੍ਹਾਂ ਨੂੰ ਬਾਅਦ ਵਿੱਚ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਕਲਾ ਪ੍ਰਦਰਸ਼ਨ ਨੂੰ ਉਤਸ਼ਾਹਿਤ ਕਰਨ ਲਈ ਸੰਸਕਾਰ ਭਾਰਤੀ ਪੰਜਾਬ ਦੇ ਜਨਰਲ ਸਕੱਤਰ ਦੀਪਕ ਮਖੀਜਾ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਸੰਸਕਾਰ ਭਾਰਤੀ ਪੰਜਾਬ ਭਵਿੱਖ ਵਿੱਚ ਵੀ ਸਮੁੱਚੇ ਸੂਬੇ ਵਿੱਚ ਕਲਾ ਦੇ ਪ੍ਰਚਾਰ ਲਈ ਅਜਿਹੇ ਸਮਾਗਮਾਂ ਦਾ ਆਯੋਜਨ ਕਰਦਾ ਰਹੇਗਾ।