ਪੰਜਾਬੀ ਸਿਨਮਾ ਪਿਛਲੇ ਕੁਝ ਸਮੇਂ ਤੋਂ ਵੱਖ-ਵੱਖ ਫਿਲਮਾਂ ਸਦਕਾ ਲਗਾਤਾਰ ਸਫਲਤਾ ਵੱਲ ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈ। ਸਫਲਤਾ ਦੀ ਇਸੇ ਲੜੀ ਨੂੰ ਅੱਗੇ ਤੌਰਨ ਲਈ ਇਕ ਹੋਰ ਫ਼ਿਲਮ “ਨਿਡਰ’ ਤਿਆਰ ਹੈ। ਪੰਜਾਬੀ ਸਿਨੇਮੇ ਦੇ ਇਤਿਹਾਸ ਦੀ ਇਹ ਆਪਣੇ ਕਿਸਮ ਦੀ ਪਹਿਲੀ ਫ਼ਿਲਮ ਹੋਵੇਗੀ ਜੋ ਇੱਕੋ ਸਮੇਂ ਤਿੰਨ ਭਾਸ਼ਾਵਾਂ ਪੰਜਾਬੀ, ਹਿੰਦੀ ਅਤੇ ਤੇਲਗੂ ਵਿੱਚ ਰਿਲੀਜ ਹੋਵੇਗੀ। 12 ਮਈ ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋ ਰਹੀ ਇਸ ਫ਼ਿਲਮ ਜ਼ਰੀਏ ਹਿੰਦੀ ਸਿਨਮਾ ਦੇ ਨਾਮਵਾਰ ਅਦਾਕਾਰ ਮੁਕੇਸ਼ ਰਿਸ਼ੀ ਦੇ ਬੇਟੇ ਰਾਘਵ ਰਿਸ਼ੀ ਸਿਲਵਰ ਸਕਰੀਨ ‘ਤੇ ਆਗਮਨ ਕਰਨ ਜਾ ਰਹੇ ਹਨ। ਇਸ ਫ਼ਿਲਮ ਵਿੱਚ ਪਹਿਲੀ ਵਾਰ ਮੁਕੇਸ਼ ਰਿਸ਼ੀ ਤੇ ਰਾਘਵ ਰਿਸ਼ੀ ਪਿਓ-ਪੁੱਤ ਦੀ ਜੋੜੀ ਨਜ਼ਰ ਆਵੇਗੀ। ਇਸ ਫ਼ਿਲਮ ਨੂੰ ਹਰ ਪੱਖੋਂ ਬੇਹਤਰੀਨ ਬਣਾਉਣ ਲਈ ਨਿਰਦੇਸ਼ਕ ਮਨਦੀਪ ਸਿੰਘ ਚਾਹਲ ਨੇ ਬੇਹੱਦ ਮਿਹਨਤ ਕੀਤੀ ਹੈ। ‘ਗੇੜੀ ਰੂਟ ਪ੍ਰੋਡੋਕਸ਼ਨ’ ਦੇ ਬੈਨਰ ਹੇਠ ਬਣਾਈ ਗਈ ਇਸ ਫ਼ਿਲਮ ਦੀ ਸ਼ੂਟਿੰਗ ਚੰਡੀਗੜ੍ਹ, ਮੁਹਾਲੀ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਦੀਆਂ ਵੱਖ ਵੱਖ ਲੋਕੇਸ਼ਨਾਂ ਤੇ ਕੀਤੀ ਗਈ ਹੈ। ਇਸ ਫ਼ਿਲਮ ਵਿੱਚ ਰਾਘਵ ਰਿਸ਼ੀ ਦੇ ਨਾਲ ਅਦਾਕਾਰ ਕੁਲਨੂਰ ਬਰਾੜ ਬਤੌਰ ਹੀਰੋਇਨ ਨਜ਼ਰ ਆਵੇਗੀ।
ਫ਼ਿਲਮ ਵਿੱਚ ਵਿੰਦੂ ਦਾਰਾ ਸਿੰਘ, ਦੀਪ ਮਨਦੀਪ, ਵਿਕਰਮਜੀਤ ਵਿਰਕ, ਰੋਜ਼ ਕੌਰ, ਸਤਵੰਤ ਕੌਰ, ਸਰਦਾਰ ਸੋਹੀ, ਮਲਕੀਤ ਰੌਣੀ, ਮਿੰਟੂ ਕਾਪਾ, ਸ਼ਵਿੰਦਰ ਮਾਹਲ, ਮਨਿੰਦਰ ਕੈਲੀ, ਯੁਵਰਾਜ਼ ਔਲਖ, ਪਾਲੀ ਮਾਂਗਟ ਸਮੇਤ ਕਈ ਹੋਰ ਕਲਾਕਾਰ ਵੀ ਮਹੱਤਵਪੂਰਨ ਭੂਮਿਕਾਵਾਂ ’ਚ ਨਜ਼ਰ ਆਉਣਗੇ। ਫ਼ਿਲਮ ਦਾ ਸਟੋਰੀ-ਸਕਰੀਨ ਪਲੇ ਮਾਰੂਖ਼ ਮਿਰਜ਼ਾ ਬੇਗ ਨੇ ਲਿਿਖਆ ਹੈ, ਜਦਕਿ ਸੰਵਾਦ ਲੇਖਕ ਸੁਰਮੀਤ ਮਾਵੀ ਨੇ ਲਿਖੇ ਹਨ ਬਾਲੀਵੁੱਡ ਵਿਚ ਪ੍ਰਭਾਵਸ਼ਾਲੀ ਦਿੱਖ ਰੱਖਦੇ ਐਕਟਰ ਵਜੋਂ ਮਾਣਮੱਤੀ ਪਹਿਚਾਣ ਬਣਾ ਚੁੱਕੇ ਅਦਾਕਾਰ ਮੁਕੇਸ਼ ਰਿਸ਼ੀ ਦੱਸਦੇ ਹਨ ਕਿ ਪੰਜਾਬ ਪ੍ਰਤੀ ਉਨ੍ਹਾਂ ਦੀਆਂ ਭਾਵਨਾਵਾਂ ਹਮੇਸ਼ਾ ਕੋਮਲ ਰਹੀਆਂ ਹਨ, ਇਸੇ ਮੱਦੇਨਜ਼ਰ ਉਨ੍ਹਾਂ ਦੀ ਖ਼ਵਾਹਿਸ਼ ਸੀ ਕਿ ਉਨ੍ਹਾਂ ਦਾ ਬੇਟਾ ਇਸੇ ਸਿਨੇਮਾ ਨਾਲ ਜੁੜੀ ਫ਼ਿਲਮ ਦੁਆਰਾ ਆਪਣੇ ਫ਼ਿਲਮ ਕਰੀਅਰ ਦਾ ਆਗਾਜ਼ ਕਰੇ।ਉਨ੍ਹਾਂ ਦੱਸਿਆ ਕਿ ਬਾਪ ਅਤੇ ਬੇਟੇ ਦੀ ਭਾਵਨਾਤਮਕ ਸਾਂਝ ਆਧਾਰਿਤ ਇਹ ਫ਼ਿਲਮ ਰਿਸ਼ਤਿਆਂ ਦੀ ਕਦਰ ਕਰਨਾ ਵੀ ਸਿਖਾਵੇਗੀ। ਉਕਤ ਫ਼ਿਲਮ ਵਿਚ ਰਾਘਵ ਰਿਸ਼ੀ ਇਕ ਅਜਿਹੇ ਸਧਾਰਨ ਪਰ ਨਿਡਰ ਨੌਜਵਾਨ ਦਾ ਕਿਰਦਾਰ ਪਲੇ ਕਰ ਰਹੇ ਹਨ, ਜਿਸ ਨੂੰ ਇਕ ਅਜਿਹੇ ਮਿਸ਼ਨ ਲਈ ਸਮਰਪਿਤ ਹੋਣਾ ਪੈਂਦਾ ਹੈ, ਜੋ ਉਸ ਲਈ ਬਹੁਤ ਸਾਰੀਆਂ ਚੁਣੌਤੀਆਂ ਭਰਿਆ ਸਾਬਿਤ ਹੁੰਦਾ ਹੈ। ਪਰ ਇਸ ਦੌਰਾਨ ਸਾਹਮਣੇ ਆਉਣ ਵਾਲੇ ਹਰ ਖ਼ਤਰਨਾਕ ਪੜ੍ਹਾਅ ਦਾ ਇਹ ਨੌਜਵਾਨ ਬਹੁਤ ਹੀ ਸੂਝਬੂਝ ਅਤੇ ਦਲੇਰੀ ਨਾਲ ਆਪਣੇ ਜ਼ਜ਼ਬਿਆਂ ਨੂੰ ਅੰਜ਼ਾਮ ਦਿੰਦਾ ਹੈ। ਨਿਰਦੇਸ਼ਕ ਮਨਦੀਪ ਸਿੰਘ ਚਾਹਲ ਮੁਤਾਬਕ ਇਹ ਫ਼ਿਲਮ ਪੰਜਾਬੀ ਦੀਆਂ ਉਨ੍ਹਾਂ ਫਿਲਮਾਂ ਵਿੱਚੋਂ ਹੋਵੇਗੀ ਜਿੰਨਾ ਰੁਝਾਨ ਤੋਂ ਵੱਖ ਹੋ ਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਹੈ। ਇਸ ਫ਼ਿਲਮ ਦੀ ਕਹਾਣੀ ਦੇ ਨਾਲ ਨਾਲ ਦਰਸ਼ਕਾਂ ਨੂੰ ਇਸਦਾ ਸੰਗੀਤ ਵੀ ਬੇਹੱਦ ਪਸੰਦ ਆਵੇਗਾ। ਇਸ ਦਾ ਸੰਗੀਤ ਗੁਰਮੀਤ ਸਿੰਘ ਤੇ ਸਨੀ ਇੰਦਰ ਨੇ ਤਿਆਰ ਕੀਤਾ ਹੈ। ਦਲੇਰ ਮਹਿੰਦੀ , ਫਿਰੋਜ ਖਾਨ, ਨਵਰਾਜ ਹੰਸ, ਅਸੀਸ ਕੌਰ ਸਮੇਤ ਕਈ ਨਾਮੀਂ ਗਾਇਕਾਂ ਨੇ ਫ਼ਿਲਮ ਲਈ ਗੀਤ ਗਾਏ ਹਨ। 12 ਮਈ ਨੂੰ ਦੁਨੀਆਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਤੋਂ ਫ਼ਿਲਮ ਦੀ ਟੀਮ ਦੇ ਨਾਲ ਨਾਲ ਪੰਜਾਬੀ ਇੰਡਸਟਰੀ ਨੂੰ ਵੱਡੀਆਂ ਆਸਾਂ ਹਨ।
ਹਰਜਿੰਦਰ ਸਿੰਘ ਜਵੰਦਾ 96438 28000