ਫਿਲੌਰ- ਜਲੰਧਰ ਲੋਕ ਸਭਾ ਹਲਕੇ ਦੇ ਵੋਟਰਾਂ ਨੂੰ ਆਮ ਆਦਮੀ ਪਾਰਟੀ ਦੇ ਇੱਕ ਸਾਲ ਦੇ ਕਾਰਜਕਾਲ ਦੀਆਂ ਨਾਕਾਮੀਆਂ ਲਈ ਸਬਕ ਸਿਖਾਉਣ ਦਾ ਸੱਦਾ ਦਿੰਦਿਆਂ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਮੰਗਲਵਾਰ ਨੂੰ ਕਿਹਾ ਕਿ ਮਾਲਵੇ ਦੇ ਸੰਗਰੂਰ ਲੋਕ ਸਭਾ ਹਲਕੇ ਵਿੱਚ ਹਾਰ ਤੋਂ ਬਾਅਦ ਹੁਣ ਦੁਆਬੇ ਦੇ ਵੋਟਰਾਂ ਦੀ ‘ਆਪ’ ਨੂੰ ਹਰਾਉਣ ਦੀ ਵਾਰੀ ਹੈ।
ਉਹ ਫਿਲੌਰ ਵਿਧਾਨ ਸਭਾ ਹਲਕੇ ਦੇ ਬੀੜ ਬੰਸੀਆਂ, ਰੁੜਕਾ ਕਲਾਂ, ਰਾਜਗੋਮਾਲ ਅਤੇ ਬੁੰਡਾਲਾ ਪਿੰਡਾਂ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਿਛਲੇ ਸਾਲ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਨੂੰ ਇਤਿਹਾਸਕ ਫਤਵਾ ਦਿੱਤਾ ਸੀ ਪਰ ਤਿੰਨ ਮਹੀਨਿਆਂ ਵਿੱਚ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖਾਲੀ ਕੀਤੀ ਗਈ ਲੋਕ ਸਭਾ ਸੀਟ ਹਾਰ ਕੇ ‘ਆਪ’ ਨੇ ਮੁੜ ਇਤਿਹਾਸ ਰਚਿਆ।
ਉਹਨਾਂ ਆਖਿਆ, “ਮੈਨੂੰ ਨਹੀਂ ਲੱਗਦਾ ਕਿ ਅੱਜ ਤੱਕ ਕਿਸੇ ਵੀ ਰਾਜਨੀਤਿਕ ਪਾਰਟੀ ਨੇ, ਖਾਸ ਕਰਕੇ ਅਜਿਹਾ ਇਤਿਹਾਸਕ ਫਤਵਾ ਮਿਲਣ ਤੋਂ ਬਾਅਦ, ਲੋਕਾਂ ਦਾ ਭਰੋਸਾ ਇੰਨੀ ਜਲਦੀ ਗੁਆਇਆ ਹੈ। ਇਹ ਸੰਗਰੂਰ ਦੇ ਵੋਟਰਾਂ ਦੀ ਸਿਆਣਪ ਦਾ ਹੀ ਪ੍ਰਮਾਣ ਹੈ ਕਿ ਉਨ੍ਹਾਂ ਨੂੰ ਆਪਣੀ ਗਲਤੀ ਦਾ ਤੁਰੰਤ ਅਹਿਸਾਸ ਹੋ ਗਿਆ ਅਤੇ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਇਸ ਨੂੰ ਸੁਧਾਰ ਲਿਆ। ਸਵਰਗਵਾਸੀ ਚੌਧਰੀ ਸੰਤੋਖ ਸਿੰਘ ਜੀ ਦੀ ਮੰਦਭਾਗੀ ਮੌਤ ਕਾਰਨ ਹੁਣ ਜਲੰਧਰ ਦੇ ਲੋਕਾਂ ‘ਤੇ ਵੀ ਇਹੀ ਜ਼ਿੰਮੇਵਾਰੀ ਆ ਗਈ ਹੈ।”
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਲੋਕ ਸਮਝ ਚੁੱਕੇ ਹਨ ਕਿ ‘ਆਪ’ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਵਾਈ ਕਿਲੇ ਉਸਾਰੇ ਸਨ ਅਤੇ ਉਹ ਆਪਣੀਆਂ ਅਖੌਤੀ ਗਾਰੰਟੀਆਂ ਨੂੰ ਪੂਰਾ ਕਰਨ ‘ਚ ਅਸਫਲ ਰਹੀ ਹੈ ਉਨ੍ਹਾਂ ਕਿਹਾ ਕਿ 10 ਮਈ ਨੂੰ ਜਲੰਧਰ ਹਲਕੇ ਦੇ ਲੋਕ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਜੀ ਨੂੰ ਵੋਟ ਪਾਉਣਗੇ ਅਤੇ ਆਪਣੇ ਪਿਆਰੇ ਆਗੂ ਸਵਰਗਵਾਸੀ ਸੰਤੋਖ ਸਿੰਘ ਚੌਧਰੀ ਜੀ ਨੂੰ ਸ਼ਰਧਾਂਜਲੀ ਭੇਂਟ ਕਰਨਗੇ।