ਪਿੰਡ ਪੰਜ ਢੇਰਾ ਤਲਵੰਡੀ ਕਲਾਂ ਵਿੱਚ ਨਵੀਂ ਸਰਕਾਰ ਆਉਣ ਤੇ ਚਿੱਟੇ ਦੀ ਵਿਕਰੀ ਵਧੀ।
ਇਸ ਪਿੰਡ ਤੋਂ ਹੁੰਦੀ ਹੈ ਚਿੱਟੇ ਦੀ ਚਾਰ ਜ਼ਿਲ੍ਹਿਆਂ ਦੇ ਪਿੰਡਾਂ ਨੂੰ ਸਪਲਾਈ ।
(ਰਛਪਾਲ ਸਹੋਤਾ)-ਚਿੱਟੇ ਵਰਗੇ ਖਤਰਨਾਕ ਨਸ਼ੇ ਨੂੰ ਲੈ ਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਤੋਂ ਬਹੁਤ ਉਮੀਦਾਂ ਸਨ,ਪਰ ਅੱਜ ਜ਼ਮੀਨੀ ਹਾਲਾਤ ਕੁਝ ਹੋਰ ਹਨ। ਪੁਲਸ ਥਾਣਾ ਲਾਡੋਵਾਲ ਤਹਿਤ ਆਉਂਦੇ ਪਿੰਡ ਪੰਜ ਢੇਰਾ ਤਲਵੰਡੀ ਕਲਾਂ ਦੇ ਨਸ਼ੇ ਤੋਂ ਦੁਖੀ 30 ਫ਼ੀਸਦੀ ਲੋਕਾਂ ਨੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਆਪ ਨੂੰ ਵੋਟਾਂ ਪਾਈਆਂ ਸਨ।ਕਿਉਂਕਿ ਆਪ ਦੇ ਸੁਪਰੀਮੋ ਕੇਜਰੀਵਾਲ ਤੇ ਭਗਵੰਤ ਮਾਨ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਸੀ ਕਿ ਆਪ ਦੀ ਸਰਕਾਰ ਬਣਦਿਆਂ ਹੀ ਚਿੱਟੇ ਨੂੰ ਜਲਦੀ ਖ਼ਤਮ ਕਰ ਦਿੱਤਾ ਜਾਵੇਗਾ,ਪਰ ਨਸ਼ੇ ਦੇ ਮਾਮਲੇ ਨੂੰ ਲੈ ਕੇ ਲੋਕਾਂ ਦੀਆਂ ਉਮੀਦਾਂ ਟੁੱਟਦੀਆਂ ਨਜ਼ਰ ਆ ਰਹੀਆਂ ਹਨ।ਆਮ ਦੇਖਣ ਵਿੱਚ ਆਇਆ ਹੈ ਕਿ ਇਹ ਪਿੰਡ ਚਿੱਟੇ ਦੇ ਨਸ਼ੇ ਵਜੋਂ ਮੀਡੀਆ ਵਿੱਚ ਚਰਚਾ ਵਿੱਚ ਰਹਿੰਦਾ ਹੈ,ਪਰ ਫਿਰ ਵੀ ਪੁਲਸ ਪ੍ਰਸ਼ਾਸਨ ਦੀ ਇਸ ਪਿੰਡ ਵੱਲ ਨਜ਼ਰ ਕਿਉਂ ਨਹੀਂ ਜਾਂਦੀ।ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਸ ਪਿੰਡ ਤੋਂ ਰੋਜ਼ਾਨਾ ਕਰੋੜਾਂ ਰੁਪਏ ਦੇ ਚਿੱਟੇ ਦੀ ਚਾਰ ਜ਼ਿਲ੍ਹਿਆਂ ਦੇ ਪਿੰਡਾਂ ਨੂੰ ਸਪਲਾਈ ਹੁੰਦੀ ਹੈ,
ਜਿਨ੍ਹਾਂ ਵਿਚ ਲੁਧਿਆਣਾ,ਜਲੰਧਰ,
ਨਵਾਂਸ਼ਹਿਰ,ਹੁਸ਼ਿਆਰਪੁਰ ਆਦਿ ਸ਼ਹਿਰਾਂ ਨੂੰ ਸ਼ਰ੍ਹੇਆਮ ਸਪਲਾਈ ਦਿੱਤੀ ਜਾਂਦੀ ਹੈ। ਇਸ ਪਿੰਡ ਵਿਚ ਨਸ਼ਾ ਕਰਨ ਵਾਲੇ ਇਸ ਤਰ੍ਹਾਂ ਸਕੂਟਰ, ਮੋਟਰਸਾਈਕਲਾਂ ਤੇ ਆਉਂਦੇ ਹਨ,ਜਿਵੇਂ ਇਸ ਪਿੰਡ ਵਿੱਚ ਕੋਈ ਮੇਲਾ ਲੱਗਾ ਹੋਵੇ।ਆਮ ਦੇਖਿਆ ਜਾ ਸਕਦਾ ਹੈ ਕਿ ਨਸ਼ੇ ਵਿੱਚ ਗ਼ਲਤਾਨ ਹੋਈ ਸਾਡੀ ਨਵੀਂ ਨਸਲ ਦਾ ਬੁਰਾ ਹਾਲ ਹੈ,ਜੋ ਜ਼ਿਆਦਾ ਨਸ਼ਾ ਕਰਕੇ ਕਈ ਵਾਰ ਰਸਤੇ ਵਿੱਚ ਡਿੱਗੇ ਪਏ ਦੇਖੇ ਜਾ ਸਕਦੇ ਹਨ,ਜਿਸ ਪਾਸੇ ਵੱਲ ਲੁਧਿਆਣਾ ਪੁਲਸ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ। ਇਸ ਛੋਟੇ ਜਿਹੇ ਪਿੰਡ ਵਿਚ ਨਸ਼ੇ ਦੀ ਬਹੁਤ ਵੱਡੀ ਗੇਮ ਚੱਲ ਰਹੀ ਹੈ,ਜਿਸ ਤੋਂ ਇਹ ਜ਼ਾਹਰ ਹੈ ਕਿ ਇਹ ਕੰਮ ਬਿਨਾਂ ਕਿਸੇ ਪਾਵਰ ਦੇ ਨਹੀਂ ਕੀਤਾ ਜਾ ਸਕਦਾ।ਦੇਖਿਆ ਜਾ ਸਕਦਾ ਹੈ ਕਿ ਇਸ ਧੰਦੇ ਵਿਚ 80ਫ਼ੀਸਦੀ ਔਰਤਾਂ ਕੰਮ ਕਰਦੀਆਂ ਹਨ,ਜੋ ਆਪਣੇ ਘਰਾਂ ਮੂਹਰੇ ਮੰਜੇ ਡਾਹ ਕੇ ਨਸ਼ਾ ਵੇਚਦੀਆਂ ਦੇਖੀਆਂ ਜਾ ਸਕਦੀਆਂ ਹਨ, ਜਿਨ੍ਹਾਂ ਨੇ ਆਪਣੇ ਆਲੀਸ਼ਾਨ ਘਰ,ਮਹਿੰਗੇ ਮੋਬਾਈਲ,ਮਹਿੰਗੀਆਂ ਗੱਡੀਆਂ ਤੋਂ ਇਲਾਵਾ ਬਹੁਤ ਸਾਰੀ ਬੇਨਾਮੀ ਜਾਇਦਾਦ ਵੀ ਬਣਾ ਰੱਖੀ ਹੈ।ਚਿੱਟੇ ਦੇ ਮਾਮਲੇ ਨੂੰ ਲੈ ਕੇ ਇਸ ਪਿੰਡ ਵਿੱਚ ਨਵੀਂ ਬਣੀ ਪੰਚਾਇਤ ਦੀ ਪਹਿਲਾਂ ਤਾਂ ਕਾਫ਼ੀ ਚਰਚਾ ਛਿੜੀ ਸੀ,ਪਰ ਹੁਣ ਪਤਾ ਨਹੀਂ ਕਿਉਂ ਚੁੱਪ ਧਾਰ ਲਈ ਹੈ?ਲੋਕਾਂ ਦਾ ਕਹਿਣਾ ਹੈ ਕਿ ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਇਸ ਵਾਰ ਆਪ ਨੂੰ ਇਕ ਮੌਕਾ ਦੇ ਕੇ ਦੇਖਿਆ ਹੈ,ਜੋ ਬਾਰ ਬਾਰ ਨਸ਼ੇ ਨੂੰ ਖਤਮ ਕਰਨ ਦੀ ਗੱਲ ਕਰਦੇ ਸਨ, ਪਰ ਅੱਜ ਇੱਕ ਮਹੀਨੇ ਤੋਂ ਉਪਰ ਬੀਤ ਜਾਣ ਤੇ ਅਜੇ ਤੱਕ ਨਸ਼ੇ ਸੰਬੰਧੀ ਪੁਲਸ ਦੀ ਕੋਈ ਵੱਡੀ ਕਾਰਵਾਈ ਦੇਖਣ ਨੂੰ ਨਹੀਂ ਮਿਲੀ ਹੈ।ਗੁਪਤ ਕੀਤੀ ਜਾਣਕਾਰੀ ਅਨੁਸਾਰ ਇਸ ਧੰਦੇ ਵਿੱਚ ਕੁਝ ਪੁਲਸ ਮੁਲਾਜ਼ਮ ਵੀ ਇਨਵਾਲਵ ਹਨ,ਜੋ ਇਸ ਪਿੰਡ ਦੇ ਤਸਕਰਾਂ ਨੂੰ ਨਸ਼ਾ ਸਪਲਾਈ ਕਰਦੇ ਹਨ ਜੋ ਬਹੁਤ ਹੀ ਮੰਦਭਾਗੀ ਗੱਲ ਹੈ।ਪਿੰਡ ਦੇ ਜੋ ਲੋਕ ਨਸ਼ੇ ਦੇ ਖ਼ਿਲਾਫ਼ ਹਨ ਜੋ ਸਭ ਕੁਝ ਜਾਣਦੇ ਹੋਏ ਵੀ ਡਰਦੇ ਮਾਰੇ ਪੁਲਸ ਨਾਲ ਗੱਲ ਨਹੀਂ ਕਰਦੇ ਕਿਉਂਕਿ ਇਨ੍ਹਾਂ ਲੋਕਾਂ ਦਾ ਪੁਲਸ ਤੋਂ ਭਰੋਸਾ ਹੀ ਉੱਠ ਗਿਆ ਹੈ।ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਪਿੰਡ ਵਿਚ ਜੰਗਲ ਰਾਜ ਹੈ ਅਤੇ ਲੋਕ ਜਾਣ ਬੁੱਝ ਕੇ ਅੰਨ੍ਹੇ,ਬੋਲੇ ਤੇ ਗੂੰਗੇ ਹੋ ਕੇ ਬੈਠੇ ਇਹ ਸਭ ਤਮਾਸ਼ਾ ਦੇਖ ਰਹੇ ਹਨ।ਇਹ ਵੀ ਦੇਖਣ ਵਿੱਚ ਆਇਆ ਹੈ ਕਿ ਪੁਲਸ ਨਸ਼ਾ ਕਰਨ ਵਾਲਿਆਂ ਨੂੰ ਫੜਦੀ ਹੈ,ਜੇਕਰ ਨਸ਼ਾ ਤਸਕਰ ਫੜਿਆ ਜਾਂਦਾ ਹੈ ਤਾਂ ਉਸ ਉੱਪਰ ਸਿਰਫ਼ ਢਾਈ ਤਿੰਨ ਗਰਾਮ ਹੀ ਚਿੱਟਾ ਦਿਖਾਇਆ ਜਾਂਦਾ ਹੈ ਤਾਂ ਜੋ ਉਸ ਤਸਕਰ ਨੂੰ ਇੱਕ ਹਫ਼ਤੇ ਦੇ ਅੰਦਰ ਹੀ ਜ਼ਮਾਨਤ ਮਿਲ ਜਾਵੇ।ਇਕ ਕਹਾਵਤ ਹੈ ਕਿ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਉਥੇ ਫਿਰ ਕੀ ਕੀਤਾ ਜਾ ਸਕਦਾ ਹੈ।
ਪਿੰਡ ਵਿੱਚ ਵਿਕ ਰਿਆਂ ਚਿੱਟੇ ਦਾ ਨਸ਼ਾ ਸਾਡੀ ਨਵੀਂ ਪੀੜ੍ਹੀ ਲਈ ਚਿੰਤਾ ਦੀ ਗੱਲ ਹੈ:ਤਲਵੰਡੀ
ਪਿੰਡ ਪੰਜ ਢੇਰਾ ਤਲਵੰਡੀ ਕਲਾਂ ਵਿੱਚ ਸ਼ਰ੍ਹੇਆਮ ਵਿਕ ਰਹੇ ਚਿੱਟੇ ਦੇ ਸੰਬੰਧ ਵਿਚ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੇ ਕੌਮੀ ਪ੍ਰਧਾਨ ਆਸਾ ਸਿੰਘ ਤਲਵੰਡੀ ਨੇ ਕਿਹਾ ਕਿ ਮੈਂ ਵੀ ਇਸ ਪਿੰਡ ਦਾ ਹੀ ਵਸਨੀਕ ਹਾਂ ਪਰ ਇਸ ਸਬੰਧ ਵਿਚ ਪਿੰਡ ਦੀਆਂ ਪੰਚਾਇਤਾਂ ਨਾਲ ਰਾਬਤਾ ਕਾਇਮ ਕਰ ਕੇ ਇਸ ਚਿੱਟੇ ਖ਼ਤਰਨਾਕ ਨਸ਼ੇ ਨੂੰ ਬੰਦ ਕਰਨ ਲਈ ਬਹੁਤ ਹੰਭਲਾ ਮਾਰਿਆ ਹੈ ਪਰ ਜਦੋਂ ਕੁੱਤੀ ਹੀ ਚੋਰਾਂ ਨਾਲ ਰਲੀ ਹੋਵੇ ਤਾਂ ਇਸ ਵਿੱਚ ਕੋਈ ਕੁਝ ਵੀ ਨਹੀਂ ਕਰ ਸਕਦਾ।
ਕੀ ਕਹਿਣਾ ਹੈ ਨਵੇਂ ਥਾਣਾ ਮੁਖੀ ਲਾਡੋਵਾਲ ਦਾ
ਥਾਣਾ ਲਾਡੋਵਾਲ ਦੇ ਨਵ ਨਿਯੁਕਤ ਥਾਣਾ ਮੁਖੀ ਜਸਵੀਰ ਸਿੰਘ ਨੇ ਕਿਹਾ ਕਿ ਮੈਂ ਅਜੇ ਥੋੜੇ ਦਿਨਾਂ ਤੋਂ ਇਸ ਥਾਣੇ ਦਾ ਚਾਰਜ ਸੰਭਾਲਿਆ ਹੈ ਅਤੇ ਪਿੰਡ ਪੰਜ ਢੇਰਾ ਤਲਵੰਡੀ ਕਲਾਂ ਮੇਰੇ ਧਿਆਨ ਵਿੱਚ ਹੈ।ਉਨ੍ਹਾਂ ਕਿਹਾ ਕਿ ਜਨਤਾ ਮੈਨੂੰ ਥੋਡ਼੍ਹਾ ਜਿਹਾ ਟਾਇਮ ਦਵੇ ਤਾਂ ਜੋ ਮੈਂ ਇਹ ਚਿੱਟੇ ਦੇ ਤਸਕਰਾਂ ਨੂੰ ਫੜਨ ਦਾ ਕੰਮ ਪਲਾਨਿੰਗ ਨਾਲ ਕਰ ਸਕਾਂ।ਉਨ੍ਹਾਂ ਕਿਹਾ ਕਿ ਮੈਂ ਚਿੱਟੇ ਦੇ ਬਿਲਕੁਲ ਖ਼ਿਲਾਫ਼ ਹਾਂ ਅਤੇ ਮੈਂ ਇਨ੍ਹਾਂ ਨੂੰ ਭਜਾਉਣਾ ਨਹੀਂ ਫੜਨਾ ਹੈ ਤਾਂ ਜੋ ਇਨ੍ਹਾਂ ਪਿੰਡਾਂ ਨੂੰ ਕਰਾਈਮ ਕਲੀਨ ਵਿਲਜ਼ ਬਣਾ ਸਕਾਂ।