ਰਈਆ (ਕਮਲਜੀਤ ਸੋਨੂੰ)— ਰਈਆ ਕਸਬੇ ਵਿੱਚ ਲੁਟੇਰਿਆਂ ਦਾ ਤਾਂਡਵ ਬੇਰੋਕ ਜਾਰੀ ਹੈ ਤੇ ਹੁਣ ਲੁਟੇਰੇ ਇੰਨੇ ਬੇਖੌਫ ਹੋ ਗਏ ਹਨ ਕਿ ਉਹ ਹਨੇਰਾ ਹੋਣ ਦਾ ਵੀ ਇੰਤਜਾਰ ਨਹੀਂ ਕਰ ਰਹੇ ਸਗੋਂ ਦਿਨ ਦਿਹਾੜੇ ਆਪਣੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਤੇ ਸਥਾਨਕ ਪੁਲੀਸ ਹੱਥ ਤੇ ਹੱਥ ਧਰ ਕੇ ਨਵੀਂ ਵਾਰਦਾਤ ਦੇ ਇੰਤਜ਼ਾਰ ਵਿੱਚ ਹੈ। ਅੱਜ ਦਿਨੇ ਦੋ ਕੁ ਵਜੇ ਦੋ ਮੋਟਰ ਸਾਈਕਲ ਸਵਾਰ ਲੁਟੇਰਿਆਂ ਦੁਆਰਾ ਇੱਕ ਦੰਦਾਂ ਦੇ ਡਾਕਟਰ ਦੀ ਕਲੀਨਿਕ ਵਿੱਚ ਦਾਖਲ ਹੋ ਕੇ ਉਸ ਕੋਲੋਂ ਗੰਨ ਪੁਆਇੰਟ ਤੇ ਦਸ ਹਜਾਰ ਖੋਹ ਕੇ ਫਰਾਰ ਹੋ ਜਾਣ ਦਾ ਸਮਾਚਾਰ ਹੈ।ਪੀੜਤ ਡਾਕਟਰ ਸਚਿਨ ਅਰੋੜਾ ਨੇ ਪੁਲੀਸ ਨੂੰ ਦਿਤੀ ਦਰਖਾਸਤ ਵਿੱਚ ਦੱਸਿਆ ਹੈ ਕਿ ਉਹ ਦਿਨੇ ਸ਼ਰਮੇ ਦੇ ਪੁਰਾਣੇ ਹਸਪਤਾਲ ਵਾਲੀ ਵਾਲੀ ਗਲੀ ਵਿੱਚ
ਆਪਣੇ ਕਲੀਨਿਕ ਤੇ ਬੈਠਾ ਹੋਇਆ ਸੀ ਤੇ ਇਸੇ ਦੋਰਾਨ ਦੋ ਨੌਜਵਾਨ ਜਿੰਨ੍ਹਾਂ ਨੇ
ਮੂੰਹ ਢੱਕੇ ਹੋਏ ਸਨ ਬਿਨਾਂ ਨੰਬਰੀ ਮੋਟਰਸਾਈਕਲ ਤੇ ਆਏ ਤੇ ਉਨ੍ਹਾਂ ਆਉਂਦੇ
ਹੀ ਮੇਰੇ ਕੰਨ ਤੇ ਪਿਸਤੌਲ ਰੱਖ ਕੇ ਨਕਦੀ ਦੀ ਮੰਗ ਕੀਤੀ ਜਿਸ ਤੇ ਮੈਂ ਡਰਦੇ ਹੋਏ ਆਪਣੇ ਕੋਲੋਂ ਦਸ ਹਜਾਰ ਰੁਪਏ ਕੱਢ ਕੇ ਉਨ੍ਹਾਂ ਦੇ ਹਵਾਲੇ ਕਰ ਦਿਤੇ ਤੇ ਉਹ ਕਿਸੇ ਨੂੰ ਨਾ ਦੱਸਣ ਦੀ ਧਮਕੀ ਦਿੰਦੇ ਹੋਏ ਨਿੱਕੇ ਰਈਆ ਵੱਲ ਫਰਾਰ ਹੋ ਗਏ।
ਇਥੇ ਵਰਨਣਯੋਗ ਹੈ ਕਿ ਸਥਾਨਕ ਪੁਲੀਸ ਪਿਛਲੇ ਦਿਨੀਂ ਇੱਕ 16 ਮੈਂਬਰੀ ਗੈਂਗਸਟਰਾਂ ਦੇ ਗ੍ਰੋਹ ਨੂੰ ਫੜ ਕੇ ਆਪਣੀ ਪਿੱਠ ਥਪਥਪਾ ਰਹੀ ਹੈ ਪਰ ਰੋਜ਼ਾਨਾ ਲੁਟ ਖੋਹ ਦੀਆਂ ਵਾਪਰ ਰਹੀਆਂ ਘਟਨਾਵਾਂ ਨੇ ਪੁਲੀਸ ਦੀ ਕਾਰਗੁਜਾਰੀ ਤੇ ਪ੍ਰਸ਼ਨ ਚਿੰਨ ਲਾ ਦਿੱਤਾ ਹੈ ਜੋ ਕੇ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਵੀ ਚਿੰਤਾ ਦਾ ਵਿਸ਼ਾ ਹੈ।ਇਸੇ ਮਹੀਨੇ ਹੀ ਲੁਟੇਰੇ ਮੋੜ ਬਾਬਾ ਬਕਾਲਾ ਤੇ ਵਿੱਕੀ ਕਰਿਆਨਾ ਸਟੋਰ ਤੋਂ ਪਿਸਤੌਲ ਦੀ ਨੋਕ ਤੇ ਸਵਾ ਲੱਖ, ਫੇਰੂਮਾਨ ਚੌਂਕ ਵਿੱਚ ਇੱਕ ਕਨਫੈਕਸ਼ਨਰੀ ਤੋਂ ਮੋਬਾਇਲ, ਮਾਨ ਫਿਲਿੰਗ ਸਟੇਸ਼ਨ ਦੇ ਸਾਹਮਣੇ ਮੱਕੜ ਕਢਾਈ ਸ਼ਾਪ ਤੋਂ ਮੋਬਾਇਲ, ਫੇਰੂਮਾਨ ਰੋਡ ਤੋਂ ਇੱਕ ਡੇਅਰੀ ਤੇ ਮੋਬਾਇਲ ਸ਼ਾਪ ਦੇ ਤਾਲੇ ਤੋੜ ਕੇ ਸਮਾਨ ਚੋਰੀ ਕਰਕੇ ਲੈ ਗਏ ਸਨ ਜਿੰਨ੍ਹਾਂ ਦਾ ਅਜੇ ਤੱਕ ਕੋਈ ਖੋਜ ਖੁਰਾ ਨਹੀਂ ਮਿਲਿਆ ਤੇ ਨਵੀਆਂ ਵਾਰਦਾਤਾਂ ਫਿਰ ਰੁਕਣ ਦਾ ਨਾਮ ਨਹੀ ਲੈ ਰਹੀਆਂ ਹਨ।ਇੰਨ੍ਹਾਂ ਵਾਰਦਾਤਾਂ ਕਰਕੇ ਦੁਕਾਨਦਾਰਾਂ ਵਿੱਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ।ਇੰਨ੍ਹਾਂ ਨੇ ਪੁਲੀਸ ਨੂੰ ਚੇਤਾਵਨੀ ਦਿਤੀ ਹੈ ਕਿ ਜੇ ਅਜਿਹੀਆਂ ਵਾਰਦਾਤਾਂ ਤੇ ਕਾਬੂ ਨਾ ਪਾਇਆ ਗਿਆ ਤਾਂ ਉਹ ਆਪਣੇ ਕਾਰੋਬਾਰ ਬੰਦ ਕਰਕੇ ਪੁਲੀਸ ਅਧਿਕਾਰੀਆਂ ਦਾ ਘੇਰਾਉ ਕਰਨ ਲਈ ਮਜਬੂਰ ਹੋਣਗੇ।