ਰਈਆ (ਕਮਲਜੀਤ ਸੋਨੂੰ) —ਇਸ ਸਾਲ ਦਾ ਮਰਹੂਮ ਕੁਲਦੀਪ ਸਿੰਘ ਅਰਸ਼ੀ (ਰਾਹ ਦਸੇਰਾ) ਲਾਈਫ ਟਾਈਮ ਅਚੀਵਮੈਂਟ ਪੁਰਸਕਾਰ ਮਰਹੂਮ ਸਾਹਿਤਕਾਰ ਅਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਬਾਨੀ ਸੰਸਥਾਪਕ ਸ: ਪ੍ਰਿਥੀਪਾਲ ਸਿੰਘ ਅਠੌਲਾ (ਬਾਨੀ ਸੰਪਾਦਕ ਕੌਮੀ ਸਵਤੰਤਰ) ਨੂੰ ਦਿੱਤਾ ਜਾਵੇਗਾ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬੀ ਸਾਹਿਤ ਸਭਾ (ਰਜਿ) ਜੰਡਿਆਲਾ ਗੁਰੂ ਦੇ ਪ੍ਰਧਾਨ ਐਡਵੋਕੇਟ ਸ਼ੁਕਰਗੁਜਾਰ ਸਿੰਘ ਨੇ ਦੱਸਿਆ ਹੈ ਕਿ ਇਹ ਪੁਰਸਕਾਰ ਸਭਾ ਵੱਲੋਂ 17 ਅਪ੍ਰੈਲ, ਦਿਨ ਐਤਵਾਰ ਨੂੰ ਸਵੇਰੇ 10 ਤੋਂ 12 ਵਜੇ ਤੱਕ ਮੇਨ ਆਡੀਟੋਰੀਅਮ, ਦਿੱਲੀ ਪਬਲਿਕ ਸਕੂਲ ਮਾਨਾਂਵਾਲਾ ਵਿਖੇ ਕਰਵਾਏ ਜਾ ਰਹੇ ਸਾਲਾਨਾ ਸਮਾਗਮ ਮੌਕੇ ਦਿੱਤਾ ਜਾਵੇਗਾ ਅਤੇ ਇਸਨੂੰ ਸਵਰਗੀ ਸ਼੍ਰੀ ਅਠੌਲਾ ਜੀ ਦੇ ਸਪੁੱਤਰ, ਸਾਹਿਤਕਾਰ ਸ੍ਰੀ ਸ਼ੇਲਿੰਦਰਜੀਤ ਸਿੰਘ ਰਾਜਨ ਪ੍ਰਾਪਤ ਕਰਨਗੇ । ਉਨ੍ਹਾਂ ਦੱਸਿਆ ਕਿ ਇਸਤੋਂ ਇਲਾਵਾ ਸਭਾ ਵੱਲੋਂ ਸ. ਤਰਲੋਕ ਸਿੰਘ ਦੀਵਾਨਾ ਤੀਜੇ ਪੰਥਕ ਕਵੀ ਪੁਰਸਕਾਰ ਨਾਲ ਪੰਥਕ ਕਵੀ ਸ. ਰਛਪਾਲ ਸਿੰਘ ਪਾਲ ਅਤੇ ਸੁਖਵੰਤ ਆਰਟਿਸਟ ਤੀਜੇ ਯਾਦਗਾਰੀ ਪੁਰਸਕਾਰ ਨਾਲ ਸਵਰਗੀ ਚਿੱਤਰਕਾਰ ਸ਼੍ਰੀ ਅਮਿਤ ਜ਼ਰਫ਼ ਨੂੰ ਕੀਤਾ ਜਾਵੇਗਾ । ਇਸ ਸਾਲ ਪਹਿਲਾ ਵਿਸ਼ੇਸ਼ ਪੱਤਰਕਾਰੀ ਨਾਲ ਸੰਬੰਧਤ ਅਵਾਰਡ ਮਾਨਾਂਵਾਲਾ ਤੋਂ ਗੁਰਦੀਪ ਸਿੰਘ ਨਾਗੀ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਅਤੇ ਪਹਿਲਾ ਨੌਜਵਾਨ ਸਾਹਿਤਕਾਰ ਦਾ ਅਵਾਰਡ ਜੋਬਨਰੂਪ ਕੌਰ ਛੀਨਾ (ਅੰਮ੍ਰਿਤਸਰ) ਨੂੰ ਦੇਣ ਦਾ ਫੈਸਲਾ ਕੀਤਾ ਗਿਆ । ਮਰਹੂਮ ਸਮਾਜ ਸੇਵੀ ਰਿਟਾਇਰਡ ਡੀ.ਡੀ.ਪੀ.ਓ. ਸ: ਅਵਤਾਰ ਸਿੰਘ ਹੁੰਦਲ ਦੀ ਯਾਦ ਚ ਪਹਿਲਾ ਅਵਾਰਡ ਵਾਤਾਵਰਣ ਪ੍ਰੇਮੀ ਸ: ਅਵਤਾਰ ਸਿੰਘ ਘੁੱਲਾ ਜੀ (ਅੰਮ੍ਰਿਤਸਰ) ਨੂੰ ਦਿੱਤਾ ਜਾਵੇਗਾ। ਸਭਾ ਵਲੋਂ ਗੁਰੂ ਬਿਸ਼ਨ ਦਾਸ ਵਿਸ਼ੇਸ਼ ਅਵਾਰਡ ਸਾਹਿਤਕਾਰ ਸ. ਦਲੇਰ ਸਿੰਘ ਦਲੇਰ (ਅੰਮ੍ਰਿਤਸਰ) ਨੂੰ ਦਿੱਤਾ ਜਾਵੇਗਾ । ਜੰਡਿਆਲਾ ਗੁਰੂ ਨਾਲ ਸੰਬੰਧ ਰੱਖਣ ਵਾਲੇ ਸ਼੍ਰੀ ਰਵੀ ਕਾਂਤ ਜੀ ਰਿਟਾਇਰਡ ਸੰਗੀਤ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵੀ ਸਭਾ ਵੱਲੋਂ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ ।