ਤਲਵੰਡੀ ਸਾਬੋ ਸਥਿਤ ਸ੍ਰੀ ਦਮਦਮਾ ਸਾਹਿਬ ਵਿਚ ਵਿਸਾਖੀ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਪੁਲਿਸ ਦੇ ਸਖਤ ਪਹਿਰੇ ਤੇ ਨਿਗਰਾਨੀ ਦੇ ਬਾਵਜੂਦ ਲੱਖਾਂ ਦੀ ਗਿਣਤੀ ਵਿਚ ਸੰਗਤ ਸ੍ਰੀ ਦਮਦਮਾ ਸਾਹਿਬ ਪਹੁੰਚ ਰਹੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਦਾ ਸ੍ਰੀ ਦਮਦਮਾ ਸਾਹਿਬ ਪਹੁੰਚਣ ‘ਤੇ ਧੰਨਵਾਦ ਕੀਤਾ।
ਸੰਗਤ ਨੂੰ ਸੰਦੇਸ਼ ਸੁਣਾਉਂਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਠੀਕ ਹਨ। ਸੂਬੇ ਵਿਚ ਕੋਈ ਟਕਰਾਅ ਨਹੀਂ ਹੈ। ਇਸ ਲਈ ਪੰਜਾਬ ਨੂੰ ਟਕਰਾਅ ਵਾਲਾ ਸੂਬਾ ਕਹਿਣਾ ਗਲਤ ਹੈ। ਪੰਜਾਬ ਸ਼ਾਂਤ ਹੈ ਤੇ ਸੂਬੇ ਵਿਚ ਅਮਨ-ਸ਼ਾਂਤੀ ਲਈ ਅਰਦਾਸ ਕਰਦੇ ਹਾਂ। ਕਈ ਵਾਰ ਸ਼ਰਾਰਤੀ ਤੱਤ ਸ਼ਾਂਤ ਪਾਣੀ ਵਿਚ ਪਹਿਲਾਂ ਪੱਥਰ ਮਾਰਦੇ ਹਨ। ਬਾਅਦ ਵਿਚ ਕਿਹਾ ਜਾਂਦਾ ਹੈ ਕਿ ਦੇਖੋ ਪਾਣੀ ਹਿਲ ਰਿਹਾ ਹੈ, ਅਸ਼ਾਂਤ ਹੈ।
ਜਥੇਦਾਰ ਹਰਪ੍ਰੀਤ ਸਿੰਘ ਨੇ ਲੋਕਾਂ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ ਤੇ ਕਿਹਾ ਕਿ ਬੇਖੌਫ਼ ਹੋ ਕੇ ਸੂਬੇ ਵਿਚ ਆਓ। ਲਾਪ੍ਰਵਾਹੀ ਕਦੇ ਨਹੀਂ ਵਰਤੀ, ਬੇਪ੍ਰਵਾਹੀ ਸਾਡੇ ਅੰਦਰ ਜ਼ਰੂਰੀ ਰਹਿਣੀ ਚਾਹੀਦੀ।
ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਿਖ ਪ੍ਰੰਪਰਾ ਵਿਚ ਇਹ ਤਿਓਹਾਰ ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਹੀ ਮਨਾਇਆ ਜਾ ਰਿਹਾ ਹੈ। ਸਿੱਖ ਭਾਈ ਤਾਰੋ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੇ ਸਾਹਮਣੇ ਆਪਣੇ ਵਿਚਾਰ ਰੱਖੇ ਸਨ ਕਿ ਇਕ ਸਾਂਝਾ ਦਿਨ ਮਨਾਇਆ ਜਾਵੇ ਜਿਸ ਦਿਨ ਪੂਰੀ ਦੁਨੀਆ ਵਿਚ ਸਿੱਖ ਇਕੱਠੇ ਹੋਣ ਤਾਂ ਕਿ ਉਹ ਇਕ-ਦੂਜੇ ਨੂੰ ਜਾਣ ਸਕਣ।
ਗੁਰੂਆਂ ਨੇ ਦੋ ਦਿਨਾਂ ਦਾ ਐਲਾਨ ਕੀਤਾ ਜਿਸ ਵਿਚ ਵਿਸਾਖੀ ਦੀ ਸੰਗਰਾਂਦ ਵਾਲੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਦੀਵਾਲੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਸੰਗਤਾਂ ਨੂੰ ਪਹੁੰਚਣ ਲਈ ਕਿਹਾ। ਇਸ ਦੇ ਬਾਅਦ 1706 ਵਿਚ ਸ੍ਰੀ ਦਮਦਮਾ ਸਾਹਿਬ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਸਥਾਪਨਾ ਦਿਵਸ ਮਨਾਇਆ ਗਿਆ ਸੀ।
ਸ੍ਰੀ ਦਮਦਮਾ ਸਾਹਿਬ ਵਿਚ ਜਥੇਦਾਰ ਨੇ ਸਭ ਤੋਂ ਪਹਿਲਾਂ ਗੁਰੂਆਂ ਨਾਲ ਜੁੜੇ ਸ਼ਸਤਰ ਦਿਖਾਏ ਜਿਨ੍ਹਾਂ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ੍ਰੀ ਸਾਹਿਬ, ਉਨ੍ਹਾਂ ਵੱਲੋਂ ਚਲਾਈ ਗਈ ਬੰਦੂਕ ਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਵੀ ਸ੍ਰੀ ਸਾਹਿਬ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ।