ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਲੰਘੇ ਸ਼ਨੀਵਾਰ ਤੇ ਐਤਵਾਰ ਜੈੱਟ ਬਲਿਊ ਏਅਰਵੇਅਜ਼ ਅਤੇ ਸਪਰਿਟ ਏਅਰਲਾਈਨਜ਼ ਵੱਲੋਂ ਸੈਂਕੜੇ ਉਡਾਣਾਂ ਰੱਦ ਕਰ ਦੇਣ ਕਾਰਨ ਯਾਤਰੀਆਂ ਨੂੰ ਆਪਣੇ ਟਿਕਾਣਿਆਂ ‘ਤੇ ਪਹੁੰਚਣ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਇਹ ਉਡਾਣਾਂ ਸਟਾਫ ਦੀ ਘਾਟ ਤੇ ਫਲੋਰਿਡਾ ਵਿਚ ਖਰਾਬ ਮੌਸਮ ਦੇ ਮੱਦੇਨਜਰ ਰੱਦ ਕੀਤੀਆਂ ਗਈਆਂ ਹਨ। ਦੋਨਾਂ ਏਅਰ ਲਾਈਨਾਂ ਦੇ ਰਲੇਵੇਂ ਦੀ ਚੱਲ ਰਹੀ ਗੱਲਬਾਤ ਦਰਮਿਆਨ ਉਡਾਣਾਂ ਰੱਦ ਹੋਣ ਦੀ ਸਮੱਸਿਆ ਸਾਹਮਣੇ ਆਈ ਹੈ। ਫਲਾਈਟ ਅਵੇਅਰ ਅਨੁਸਾਰ ਐਤਵਾਰ ਨੂੰ ਦੋਨਾਂ ਏਅਰ ਲਾਈਨਜ਼ ਦੀਆਂ 254 ਉਡਾਣਾਂ ਰੱਦ ਹੋਈਆਂ ਜਦ ਕਿ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ 300 ਤੋਂ ਵਧ ਉਡਾਣਾਂ ਰੱਦ ਹੋਈਆਂ। ਜੈੱਟ ਬਲਿਊ ਨੇ ਸ਼ਨੀਵਾਰ ਨੂੰ ਆਪਣੀਆਂ 18% ਉਡਾਣਾਂ ਰੱਦ ਕੀਤੀਆਂ ਜਦ ਕਿ ਐਤਵਾਰ ਨੂੰ ਦੁਪਹਿਰ ਬਾਅਦ 2.30 ਵਜੇ ਤੱਕ 13% ਉਡਾਣਾਂ ਰੱਦ ਕੀਤੀਆਂ। ਇਸੇ ਤਰਾਂ ਸਪਿਰਟ ਨੇ ਸ਼ਨੀਵਾਰ ਨੂੰ 14% ਤੇ ਐਤਵਾਰ ਨੂੰ 13% ਉਡਾਣਾਂ ਰੱਦ ਕੀਤੀਆਂ। ਉਡਾਣਾਂ ਰੱਦ ਹੋਣ ਕਾਰਨ ਯਾਤਰੀਆਂ ਨੂੰ ਹੋਰ ਏਅਰ ਲਾਈਨਜ਼ ਰਾਹੀਂ ਆਪਣੇ ਨਿਰਧਾਰਤ ਟਿਕਾਣਿਆਂ ‘ਤੇ ਪੁੁੱਜਣ ਲਈ ਜਦੋਜਹਿਦ ਕਰਨੀ ਪਈ। ਬਹੁਤ ਸਾਰੇ ਮਾਮਲਿਆਂ ਵਿਚ ਤਾਂ ਯਾਤਰੀਆਂ ਨੂੰ ਅਗਲੇ ਦਿਨ ਲਈ ਉਡੀਕ ਕਰਨੀ ਪੈ ਰਹੀ ਹੈ ਕਿਉਂਕਿ ਉਡਾਣਾਂ ਪਹਿਲਾਂ ਹੀ ਭਰੀਆਂ ਹੋਈਆਂ ਹਨ ਜਾਂ ਫਿਰ ਯਾਤਰੀਆਂ ਨੂੰ ਆਪਣਾ ਪ੍ਰੋਗਰਾਮ ਰੱਦ ਕਰਨਾ ਪੈ ਰਿਹਾ ਹੈ। ਕਈ ਯਾਤਰੀਆਂ ਨੇ ਬਿਨਾਂ ਕਾਰਨ ਅਚਾਨਕ ਉਡਾਣਾਂ ਰੱਦ ਕਰਨ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਉਨਾਂ ਨੂੰ ਹੋਟਲ ਦਾ ਵਾਧੂ ਖਰਚਾ ਸਹਿਣ ਕਰਨਾ ਪੈ ਰਿਹਾ ਹੈ ਤੇ ਇਸ ਤੋਂ ਇਲਾਵਾ ਮਿੱਥੇ ਸਮੇ ‘ਤੇ ਆਪਣੇ ਟਿਕਾਣੇ ‘ਤੇ ਨਾ ਪਹੁੰਚ ਸਕਣ ਦੀ ਪ੍ਰੇਸ਼ਾਨੀ ਵੱਖਰੀ ਹੈ।