ਡਾ. ਹਮਦਰਦ ਵਲੋਂ ‘ਜੰਗ-ਏ-ਆਜ਼ਾਦੀ’ ਦੇ ਅਹੁਦਿਆਂ ਤੋਂ ਅਸਤੀਫਾ

ਜੰਗ-ਏ-ਆਜ਼ਾਦੀ ਯਾਦਗਾਰ ਫਾਊਂਡੇਸ਼ਨ ਦੇ ਮੈਂਬਰ-ਸਕੱਤਰ ਅਤੇ ਯਾਦਗਾਰ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡਾ. ਬਰਜਿੰਦਰ ਸਿੰਘ ਹਮਦਰਦ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਜੰਗ-ਏ-ਆਜ਼ਾਦੀ ਯਾਦਗਾਰ ਪ੍ਰਤੀ ਮਾੜੇ ਵਿਹਾਰ ਅਤੇ ਅਖੌਤੀ ਜਾਂਚ ਦੇ ਨਾਂਅ ‘ਤੇ ਵਾਰ-ਵਾਰ ਪੁਲਿਸ ਭੇਜ  ਕੇ ਪੰਜਾਬ ਦੇ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਜਿਨ੍ਹਾਂ ਦੀ ਯਾਦ ਵਿਚ ਇਹ ਯਾਦਗਾਰ ਉਸਾਰੀ ਗਈ ਹੈ, ਦਾ ਅਪਮਾਨ ਕਰਨ ਵਿਰੁੱਧ ਸਖ਼ਤ ਰੋਸ ਪ੍ਰਗਟ ਕਰਦਿਆਂ ਆਪਣੇ ਉਪਰੋਕਤ ਦੋਵਾਂ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਇਥੇ ਵਰਣਨ ਯੋਗ ਹੈ ਕਿ 2012 ਵਿਚ ਉਸ ਸਮੇਂ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਡਾ. ਬਰਜਿੰਦਰ ਸਿੰਘ ਹਮਦਰਦ ‘ਤੇ ਜ਼ੋਰ ਦੇ ਕੇ ਇਸ ਯਾਦਗਾਰ ਦੀ ਉਸਾਰੀ ਦੀ ਜ਼ਿੰਮੇਵਾਰੀ ਸੰਭਾਲਣ ਲਈ ਕਿਹਾ ਸੀ। ਇਸ ਤੋਂ ਬਾਅਦ ਡਾ. ਬਰਜਿੰਦਰ ਸਿੰਘ ਹਮਦਰਦ ਨੇ ਆਪਣੇ ਰੁਝੇਵਿਆਂ ਭਰੀ ਜ਼ਿੰਦਗੀ ਵਿਚੋਂ ਲਗਭਗ 10 ਸਾਲ ਦਾ ਸਮਾਂ ਇਸ ਯਾਦਗਾਰ ਦੀ ਉਸਾਰੀ ਲਈ ਲਗਾਇਆ। ਇਸ ਮਕਸਦ ਲਈ ਪਹਿਲਾਂ ਪੰਜਾਬ ਦੇ ਉੱਘੇ ਇਤਿਹਾਸਕਾਰਾਂ ਦੀ ਇਕ ਸੰਕਲਪ ਕਮੇਟੀ ਬਣਾਈ ਗਈ ਸੀ ਤੇ ਇਸ ਤੋਂ ਬਾਅਦ ਇਸ ਸੰਕਲਪ ਪੇਪਰ ਦੇ ਆਧਾਰ ‘ਤੇ ਜੰਗ-ਏ-ਆਜ਼ਾਦੀ ਯਾਦਗਾਰ ਵਿਚ ਪੰਜਾਬ ਵਿਚ ਆਜ਼ਾਦੀ ਸੰਘਰਸ਼ ਦੇ ਦੌਰਾਨ ਚੱਲੀਆਂ ਵੱਖ-ਵੱਖ ਲਹਿਰਾਂ ਨੂੰ ਸਮਰਪਿਤ ਗੈਲਰੀਆਂ ਉਸਾਰੀਆਂ ਗਈਆਂ ਸਨ। ਇਸ ਦੀ ਉਸਾਰੀ ਦਾ ਨੀਂਹ ਪੱਥਰ ਉਸ ਸਮੇਂ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ 19 ਅਕਤੂਬਰ, 2014 ਨੂੰ ਰੱਖਿਆ ਗਿਆ ਸੀ ਅਤੇ ਇਸ ਦੇ ਪਹਿਲੇ ਪੜਾਅ ਦੀ ਉਸਾਰੀ 6 ਨਵੰਬਰ 2016 ਨੂੰ ਮੁਕੰਮਲ ਹੋਈ ਸੀ। ਇਸ ਮਕਸਦ ਲਈ ਫਾਊਂਡੇਸ਼ਨ ਦੇ ਮੈਂਬਰਾਂ ਅਤੇ ਸਰਕਾਰੀ ਅਧਿਕਾਰੀਆਂ ਨੇ ਬੇਹੱਦ ਦਿਲਚਸਪੀ ਲੈ ਕੇ ਬੜੀ ਲਗਨ ਨਾਲ ਦਿਨ-ਰਾਤ ਕੰਮ ਕੀਤਾ। ਜੰਗ-ਏ-ਆਜ਼ਾਦੀ ਯਾਦਗਾਰ ਦੇ ਦੂਜੇ ਪੜਾਅ ਦਾ ਉਦਘਾਟਨ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 6 ਮਾਰਚ, 2018 ਨੂੰ ਕੀਤਾ ਗਿਆ ਸੀ। ਇਸ ਦੇ ਤੀਜੇ ਪੜਾਅ ਦਾ ਉਦਘਾਟਨ ਵੀ ਕੈਪਟਨ ਅਮਰਿੰਦਰ ਸਿੰਘ ਵਲੋਂ ਹੀ ਕੀਤਾ ਗਿਆ ਸੀ। ਸਮੇਂ ਦੀਆਂ ਸਾਰੀਆਂ ਸਰਕਾਰਾਂ ਨੇ ਅਤੇ ਸਾਰੇ ਮੁੱਖ ਮੰਤਰੀਆਂ ਨੇ ਇਸ ਯਾਦਗਾਰ ਦੀ ਉਸਾਰੀ ਲਈ ਵਧ ਚੜ੍ਹ ਕੇ ਸਹਿਯੋਗ ਦਿੱਤਾ ਸੀ।
ਯਾਦਗਾਰ ਦੇ ਲਗਭਗ ਪੂਰੀ ਹੋ ਜਾਣ ਤੋਂ ਬਾਅਦ ਡਾ. ਹਮਦਰਦ ਨੇ ਰੁਝੇਵਿਆਂ ਕਾਰਨ ਆਪਣੇ ਅਹੁਦਿਆਂ ਤੋਂ ਅਸਤੀਫਾ ਵੀ ਦੇ ਦਿੱਤਾ ਸੀ ਪਰ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1 ਜੁਲਾਈ, 2020 ਦੇ ਆਪਣੇ ਪੱਤਰ ਰਾਹੀਂ ਉਨ੍ਹਾਂ ਦਾ ਅਸਤੀਫ਼ਾ ਰੱਦ ਕਰ ਕੇ ਉਨ੍ਹਾਂ ਨੂੰ ਜੰਗ-ਏ-ਆਜ਼ਾਦੀ ਯਾਦਗਾਰ ਦਾ ਕੰਮਕਾਜ ਸੰਭਾਲੀ ਰੱਖਣ ਅਤੇ ਇਸ ਨੂੰ ਹੋਰ ਬਿਹਤਰ ਬਣਾਉਣ ਲਈ ਯਤਨ ਜਾਰੀ ਰੱਖਣ ਲਈ ਆਖਿਆ ਸੀ। ਇਸ ਦੇ ਨਾਲ ਹੀ ਕੈਪਟਨ ਸਾਹਿਬ ਨੇ ਡਾ. ਬਰਜਿੰਦਰ ਸਿੰਘ ਹਮਦਰਦ ਦੀ ਜੰਗ-ਏ-ਆਜ਼ਾਦੀ ਯਾਦਗਾਰ ਦੀ ਉਸਾਰੀ ਵਿਚ ਪਾਏ ਗਏ ਯੋਗਦਾਨ ਦੀ ਪ੍ਰਸ਼ੰਸਾ ਵੀ ਕੀਤੀ ਸੀ।
ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਇਸ ਯਾਦਗਾਰ ਦੀ ਵਿਸ਼ੇਸ਼ ਤੌਰ ‘ਤੇ ਚਰਚਾ ਹੋਈ ਹੈ। 26 ਜਨਵਰੀ, 2022 ਨੂੰ ਪੰਜਾਬ ਦੀ ਗਣਤੰਤਰ ਦਿਵਸ ‘ਤੇ ਦਿਖਾਈ ਜਾਣ ਵਾਲੀ ਝਾਕੀ ਵੀ ਇਸ ਯਾਦਗਾਰ ਦੇ ਆਧਾਰ ‘ਤੇ ਬਣਾਈ ਗਈ ਸੀ।
ਪਰ ਜਦੋਂ ਤੋਂ ਰਾਜ ਵਿਚ ਭਗਵੰਤ ਮਾਨ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤਾਂ ਉਸ ਨੇ ਪਹਿਲਾਂ ‘ਅਜੀਤ’ ਪ੍ਰਤੀ ਘੋਰ ਵਿਤਕਰੇ ਵਾਲਾ ਵਤੀਰਾ ਦਿਖਾਉਂਦਿਆਂ ‘ਅਜੀਤ’ ਦੇ ਸਭ ਤਰ੍ਹਾਂ ਦੇ ਇਸ਼ਤਿਹਾਰ ਬੰਦ ਕਰ ਦਿੱਤੇ ਅਤੇ ਫਿਰ ‘ਅਜੀਤ’ ‘ਤੇ ਦਬਾਅ ਪਾ ਕੇ ਇਸ ਦੀ ਐਡੀਟੋਰੀਅਲ ਪਾਲਸੀ ਤਬਦੀਲ ਕਰਵਾਉਣ ਲਈ ਅਤੇ ਡਾ. ਬਰਜਿੰਦਰ ਸਿੰਘ ਦੀ ਨਿਜੀ ਤੌਰ ‘ਤੇ ਸਾਖ਼ ਖ਼ਰਾਬ ਕਰਨ ਲਈ ਜੰਗ-ਏ-ਆਜ਼ਾਦੀ ਯਾਦਗਾਰ ਦੀ ਉਸਾਰੀ ਦੀ ਅਖ਼ੌਤੀ ਜਾਂਚ ਕਰਵਾਉਣ ਲਈ ਜੰਗ-ਏ-ਆਜ਼ਾਦੀ ਯਾਦਗਾਰ ਵਿਚ ਪੁਲਿਸ ਤੇ ਵਿਜੀਲੈਂਸ ਵਿਭਾਗ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਵਾਰ-ਵਾਰ ਭੇਜ ਕੇ ਸ਼ਹੀਦਾਂ ਦਾ ਅਪਮਾਨ ਕਰਨ ਅਤੇ ਡਾ. ਬਰਜਿੰਦਰ ਸਿੰਘ ਹਮਦਰਦ ਦੀ ਸ਼ਖ਼ਸੀਅਤ ਨੂੰ ਵਿਗਾੜਨ ਦੇ ਹੋਛੇ ਹਥਕੰਡੇ ਅਪਣਾਏ ਜਦੋਂ ਕਿ ਪੰਜਾਬ ਦੇ ਸਭਿਆਚਾਰਕ ਵਿਭਾਗ ਨਾਲ ਸੰਬੰਧਿਤ ਇਸ ਯਾਦਗਾਰ ਸੰਬੰਧੀ ਹਰ ਸਾਲ ਆਡਿਟ ਹੁੰਦਾ ਹੈ।
ਪਿਛਲੇ ਸਾਢੇ ਚਾਰ ਮਹੀਨਿਆਂ ਤੋਂ ਸਰਕਾਰ ਵਲੋਂ ਬਣਾਏ ਗਏ ਨਕਾਰਾਤਮਕ ਵਤੀਰੇ ਨੂੰ ਮੁੱਖ ਰਖਦਿਆਂ ਅੱਜ ਡਾ. ਹਮਦਰਦ ਵਲੋਂ ਆਪਣੇ ਉਪਰੋਕਤ ਦੋਵਾਂ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਅਤੇ ਨਾਲ ਹੀ ਉਨ੍ਹਾਂ ਨੇ ਭਗਵੰਤ ਮਾਨ ਦੀ ਸਰਕਾਰ ਨੂੰ ਇਹ ਵੀ ਸਪੱਸ਼ਟ ਰੂਪ ਵਿਚ ਸੁਨੇਹਾ ਦਿੱਤਾ ਹੈ ਕਿ ‘ਅਜੀਤ’ ਜਿਸ ਨੂੰ ਪੰਜਾਬ ਦੀ ਆਵਾਜ਼ ਕਿਹਾ ਜਾਂਦਾ ਹੈ ਅਤੇ ਪੰਜਾਬੀ ਉਸ ਨਾਲ ਅਥਾਹ ਪਿਆਰ ਕਰਦੇ ਹਨ, ਨਾ ਕਦੇ ਝੁਕਿਆ ਹੈ, ਨਾ ਹੀ ਕਦੇ ਝੁਕੇਗਾ ਅਤੇ ਨਾ ਹੀ ਕਿਸੇ ਵੀ ਸਰਕਾਰ ਦੇ ਦਬਾਅ ਹੇਠ ਆਵੇਗਾ।

Loading

Scroll to Top
Latest news
बच्चों की भलाई के लिए काम कर रही संस्थाओं की जुवेनाईल जस्टिस एक्ट के अंतर्गत रजिस्ट्रेशन अनिर्वाय: ड... प्रोजैक्ट जीवन जोत के अंतर्गत बाल भिक्षा को रोकने के लिए चलाया अभियान, 2 लड़कियाँ को किया रैसक्यू ਕਾਮਰੇਡ ਲਹਿੰਬਰ ਸਿੰਘ ਤੱਗੜ ਅਤੇ ਬੀਬੀ ਗੁਰਪਰਮਜੀਤ ਕੌਰ ਤੱਗੜ ਵੱਲੋਂ ਸੀਪੀਆਈ ( ਐਮ )  ਨੂੰ 3 ਲੱਖ ਰੁਪਏ ਸਹਾਇਤਾ जालंधर ग्रामीण पुलिस ने 4 ड्रग तस्करों के खिलाफ चलाया बड़ा ऑपरेशन, 84.52 लाख रुपये की संपत्ति जब्त* वज्र आर्मी प्री-प्राइमरी स्कूल, जालंधर, कैंट ने "तारे ज़मीन पर" थीम के साथ एक भव्य वार्षिक समारोह का... ਜਲੰਧਰ ਵਿੱਚ ਬਣੇਗਾ ਆਮ ਆਦਮੀ ਪਾਰਟੀ ਦਾ ਮੇਅਰ, ਨਗਰ ਨਿਗਮ ਵਿਚ ਮਿਲਿਆ ਬਹੁਮਤ Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र