ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਨੀਵਾਰ ਨੂੰ ਬਠਿੰਡਾ ਵਿਖੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿੱਚ ਕਨਵੋਕੇਸ਼ਨ ਸਮਾਰੋਹ ਵਿੱਚ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਨਾਲ ਰਾਜਪਾਲ ਬਨਵਾਰੀ ਲਾਲ ਪਰੋਹਿਤ ਵੀ ਮੌਜੂਦ ਰਹੇ । ਇਸ ਦੌਰਾਨ ਉਨ੍ਹਾਂ ਕਿਹਾ ਕਿ ਸੂਬੇ ਤੋਂ ਵਿਦਿਆਰਥੀਆਂ ਦਾ ਵਿਦੇਸ਼ ਜਾਣ ਦਾ ਸਿਲਸਿਲਾ ਠੀਕ ਨਹੀਂ ਹੈ, ਜਿਸ ਕਾਰਨ ਇਸਨੂੰ ਰੋਕਿਆ ਜਾਵੇਗਾ। ਅਜਿਹਾ ਸਿਸਟਮ ਬਣਾਇਆ ਜਾਵੇਗਾ ਜਿਸ ਨਾਲ ਹੁਣ ਵਿਦਿਆਰਥੀਆਂ ਨੂੰ ਵਿਦੇਸ਼ ਨਹੀਂ ਜਾਣਾ ਪਵੇਗਾ, ਬਲਕਿ ਅੰਗਰੇਜ਼ ਨੌਕਰੀਆਂ ਮੰਗਣ ਲਈ ਪੰਜਾਬ ਆਉਣਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਕੁੜੀਆਂ ਵਿੱਚ ਟੈਲੇਂਟ ਦੀ ਕੋਈ ਕਮੀ ਨਹੀਂ ਹੈ।
ਮਾਨ ਨੇ ਕਿਹਾ ਕਿ ਅੱਜ ਰੁਜ਼ਗਾਰ ਨਾ ਮਿਲਣ ਨਾਲ ਨੌਜਵਾਨ ਬਹੁਤ ਪਰੇਸ਼ਾਨ ਹਨ। ਅਜਿਹੀ ਹਾਲਤ ਹੋ ਗਈ ਹੈ ਕਿ MBA ਵਰਗੀਆਂ ਡਿਗਰੀਆਂ ਹਾਸਿਲ ਕਰਨ ਵਾਲੇ ਵਿਦਿਆਰਥੀ ਕੋਈ ਛੋਟੀ ਜਿਹੀ ਨੌਕਰੀ ਕਰਨ ਲਈ ਵੀ ਤਿਆਰ ਹਨ। ਇਹ ਸਥਿਤੀ ਬੇਹੱਦ ਗੰਭੀਰ ਹੈ। ਪੰਜਾਬ ਦੇ ਜ਼ਿਆਦਾਤਰ ਵਿਦਿਆਰਥੀ ਵਿਦੇਸ਼ ਜਾ ਰਹੇ ਹਨ ਤੇ ਹੁਣ ਤਾਂ ਪੰਜਾਬ ਵਿੱਚ ਵਿਦਿਆਰਥੀ ਆਈਲੈਟਸ ਨੂੰ ਹੀ ਵੱਡੀ ਡਿਗਰੀ ਮੰਨਣ ਲੱਗ ਗਏ ਹਨ। ਉਨ੍ਹਾਂ ਕਿਹਾ ਕਿ ਉਹ ਸੂਬੇ ਵਿੱਚੋਂ ਇਹ ਟ੍ਰੇਂਡ ਖਤਮ ਕਰਨਗੇ।