ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਇੰਤਕਾਲਾਂ ਸਬੰਧੀ ਸਮੁੱਚੀ ਪ੍ਰਕਿਰਿਆ ’ਚ ਤੇਜ਼ੀ ਲਿਆਉਣ ਦੇ ਨਿਰਦੇਸ਼

ਕਿਹਾ 45 ਦਿਨਾਂ ਦੀ ਸਮਾਂ ਸੀਮਾ ਤੋਂ ਬਾਅਦ ਕੋਈ ਵੀ ਇੰਤਕਾਲ ਪੈਂਡਿੰਗ ਨਹੀਂ ਰਹਿਣਾ ਚਾਹੀਦਾ

ਪਟਵਾਰੀ ਤੋਂ ਐਸ.ਡੀ.ਐਮ. ਪੱਧਰ ਤੱਕ ਪੈਂਡਿੰਗ ਇੰਤਕਾਲਾਂ ਦੀ ਕੀਤੀ ਸਮੀਖਿਆ, ਬਕਾਇਆ ਕੇਸਾਂ ਨੂੰ ਇੱਕ ਹਫ਼ਤੇ ਦੇ ਅੰਦਰ ਨਿਪਟਾਉਣ ਦੇ ਨਿਰਦੇਸ਼

ਜਲੰਧਰ- ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸਮੂਹ ਪਟਵਾਰੀਆਂ, ਕਾਨੂੰਨਗੋਆਂ, ਸਰਕਲ ਮਾਲ ਅਫ਼ਸਰਾਂ (ਸੀ.ਆਰ.ਓਜ਼) ਅਤੇ ਉਪ ਮੰਡਲ ਅਫ਼ਸਰਾਂ ਨੂੰ ਇਹ ਯਕੀਨੀ ਬਣਾਉਣ ਦੀ ਹਦਾਇਤ ਦਿੱਤੀ ਕਿ 45 ਦਿਨਾਂ ਦੀ ਸਮਾਂ ਸੀਮਾ ਤੋਂ ਬਾਅਦ ਉਨ੍ਹਾਂ ਪਾਸ ਕੋਈ ਵੀ ਇੰਤਕਾਲ ਪੈਂਡਿੰਗ ਨਾ ਰਹੇ।

                ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਇੰਤਕਾਲਾਂ ਸਬੰਧੀ ਸਮੁੱਚੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਤਾਂ ਜੋ ਲੋਕਾਂ ਨੂੰ ਆਪਣੀਆਂ ਜਾਇਦਾਦਾਂ ਦੇ ਇੰਤਕਾਲ ਰਜਿਸਟਰ ਕਰਵਾਉਣ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਸਪੱਸ਼ਟ ਕਿਹਾ ਕਿ ਜੇਕਰ ਇਸ ਕੰਮ ਵਿੱਚ ਕਿਸੇ ਕਿਸਮ ਦੀ ਬੇਲੋੜੀ ਦੇਰੀ ਸਾਹਮਣੇ ਆਉੰਦੀ ਹੈ ਤਾਂ ਸਬੰਧਤ ਅਧਿਕਾਰੀਆਂ ਨੂੰ ਦੇਰੀ ਲਈ ਸਖ਼ਤ ਵਿਭਾਗੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਹਾਲਾਂਕਿ, ਡਿਪਟੀ ਕਮਿਸ਼ਨਰ ਨੇ ਉਨ੍ਹਾਂ ਅਧਿਕਾਰੀ/ਕਰਮਚਾਰੀਆਂ ਦੀ ਵੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਆਪੋ-ਆਪਣੇ ਅਧਿਕਾਰ ਖੇਤਰ ਵਿੱਚ ਸਮੇਂ ਸਿਰ ਇੰਤਕਾਲਾਂ ਦੇ ਕਾਰਜ ਨੂੰ ਨੇਪਰੇ ਚਾੜ੍ਹ ਕੇ ਜ਼ੀਰੋ ਪੈਂਡੈਂਸੀ ਨੂੰ ਕਾਇਮ ਰੱਖਿਆ। ਉਨ੍ਹਾਂ ਹੋਰਨਾਂ ਨੂੰ ਵੀ ਆਪਣੀ ਪੈਂਡੈਂਸੀ ਨੂੰ ਖਤਮ ਕਰਨ ਲਈ ਇਸੇ ਤਰ੍ਹਾਂ ਕੰਮ ਕਰਨ ਲਈ ਕਿਹਾ।

                ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਵਿੱਚ ਵੱਖ-ਵੱਖ ਪੱਧਰਾਂ ‘ਤੇ 2928 ਇੰਤਕਾਲ ਦੇ ਕੇਸ ਪੈਂਡਿੰਗ ਹਨ, ਜਿਨ੍ਹਾਂ ਵਿੱਚੋਂ ਸਿਰਫ਼ 553 ਹੀ ਸਮਾਂ ਸੀਮਾ ਤੋਂ ਬਾਅਦ ਪੈਂਡਿੰਗ ਹਨ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਪੈਂਡੈਂਸੀ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਨਿਪਟਾਇਆ ਜਾਵੇ ਤਾਂ ਜੋ ਜ਼ਿਲ੍ਹੇ ਵਿੱਚ ਜ਼ੀਰੋ ਪੈਂਡੈਂਸੀ ਦਾ ਟੀਚਾ ਪ੍ਰਾਪਤ ਕੀਤਾ ਜਾ ਸਕੇ। ਘਨਸ਼ਿਆਮ ਥੋਰੀ ਨੇ ਦੱਸਿਆ ਕਿ ਐਨ.ਡੀ.ਜੀ.ਆਰ.ਐਸ. ਪ੍ਰਣਾਲੀ ਦੇ ਏਕੀਕ੍ਰਿਤ ਹੋਣ ਉਪਰੰਤ ਹੁਣ ਜਾਇਦਾਦ ਦੀ ਰਜਿਸਟਰੀ ਹੋਣ ਤੋਂ ਬਾਅਦ 45 ਦਿਨਾਂ ਦੇ ਅੰਦਰ ਇੰਤਕਾਲ ਦੀ ਰਜਿਸਟ੍ਰੇਸ਼ਨ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਇਸ ਨਵੀਂ ਪ੍ਰਣਾਲੀ ਦੇ ਸ਼ੁਰੂ ਹੋਣ ਤੋਂ ਬਾਅਦ ਮਾਲ ਅਧਿਕਾਰੀਆਂ ਵੱਲੋਂ ਇਸ ਸਮਾਂ ਸੀਮਾ ਦੇ ਅੰਦਰ ਇੱਕ ਲੱਖ ਤੋਂ ਵੱਧ ਇੰਤਕਾਲ ਪਹਿਲਾਂ ਹੀ ਦਰਜ ਕੀਤੇ ਜਾ ਚੁੱਕੇ ਹਨ।

                ਘਨਸ਼ਿਆਮ ਥੋਰੀ ਨੇ ਅੱਗੇ ਕਿਹਾ ਕਿ ਲੋਕਾਂ ਤੱਕ ਸਰਕਾਰੀ ਸੇਵਾਵਾਂ ਨਿਰਵਿਘਨ ਅਤੇ ਸਮਾਂਬੱਧ ਤਰੀਕੇ ਨਾਲ ਪਹੁੰਚਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਬਹੁਤੇ ਬਕਾਇਆ ਇੰਤਕਾਲ ਸਮਾਂ ਸੀਮਾ ਦੇ ਅੰਦਰ ਹਨ ਅਤੇ 45 ਦਿਨਾਂ ਦੇ ਨਿਸ਼ਚਿਤ ਸਮੇਂ ਵਿੱਚ ਇਨ੍ਹਾਂ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ।

                ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਤਹਿਸੀਲ ਪੱਧਰ ‘ਤੇ ਜਮ੍ਹਾਬੰਦੀਆਂ ਦੀ ਤਿਆਰੀ ਅਤੇ ਮਸਾਵੀ (ਖਸਰਾ ਪਲਾਨ ਦੀ ਮਾਸਟਰ ਕਾਪੀ) ਨੂੰ ਅੱਪਡੇਟ ਕਰਨ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਅਤੇ ਮਾਲ ਅਧਿਕਾਰੀਆਂ ਨੂੰ ਇਸ ਕੰਮ ਨੂੰ ਜਲਦੀ ਤੋਂ ਜਲਦੀ ਨੇਪਰੇ ਚਾੜ੍ਹਨ ਲਈ ਆਦੇਸ਼ ਦਿੱਤੇ। ਇਸ ਮੌਕੇ ਜ਼ਿਲ੍ਹੇ ਦੇ ਸਮੂਹ ਐਸ.ਡੀ.ਐਮਜ਼, ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਮੌਜੂਦ ਸਨ।

Loading

Scroll to Top
Latest news
ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी डिप्टी कमिश्नर ने सरकारी कन्या  सीनियर सेकंडरी स्कूल आदर्श नगर का दौरा किया भारतीय तटरक्षक बल ने ओलिव रिडले कछुए को एक घातक जाल से बचाया केंद्र सरकार द्वारा जान-बूझ कर गोदाम खाली न करवा कर पंजाब के किसानों को किया जा रहा है परेशान: मोहिं... शहरवासियों तक पहुंचाया जाए साफ पानी, सीवरेज की सफ़ाई और स्ट्रीट लाइट का काम शीघ्र निपटाया जाए: मोहिं...