ਨਿਊਯਾਰਕ/ ਲੁਧਿਆਣਾ (ਰਾਜ ਗੋਗਨਾ )—ਪੰਜਾਬ ਰਾਜ ਇੰਡਸਟ੍ਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਲੁਧਿਆਣਾ ਦੇ ਸਿੱਧਵਾਂ ਨਹਿਰ ਵਾਟਰਫਰੰਟ ਪ੍ਰੋਜੈਕਟ ਦੀ ਨਿਰਪੱਖ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ।
ਮੁੱਖ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਉਨ੍ਹਾਂ ਨੇ ਲੁਧਿਆਣਾ ਚ ਵਿਕਾਸ ਕਾਰਜਾਂ ਦੌਰਾਨ ਅਫਸਰਾਂ ਦੀ ਅਣਗਹਿਲੀ ਕਾਰਨ ਸਰਕਾਰੀ ਮਾਲੀਏ ਨੂੰ ਹੋਏ ਭਾਰੀ ਨੁਕਸਾਨ ਦਾ ਜਿਕਰ ਕੀਤਾ ਹੈ। ਜਿਨ੍ਹਾਂ ਵਿਚੋਂ ਇਕ ਲੁਧਿਆਣਾ ਵਿੱਚ ਸਿੱਧਵਾਂ ਨਹਿਰ ਨੇੜੇ ਬਣੇ ਵਾਟਰਫਰੰਟ ਨਾਲ ਜੁੜਿਆ ਹੈ, ਜਿਸ ਦਾ ਨਿਰਮਾਣ ਨਗਰ ਨਿਗਮ ਲੁਧਿਆਣਾ ਵੱਲੋਂ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਕੀਤਾ ਗਿਆ ਸੀ। ਇੱਥੇ ਕਈ ਦਰੱਖਤ ਵੀ ਲਗਾਏ ਗਏ, ਪਰ ਇਨ੍ਹਾਂ ਰੁੱਖਾਂ ਦੇ ਆਲੇ-ਦੁਆਲੇ ਟਾਇਲਾਂ ਅਤੇ ਕੰਕਰੀਟ ਲਗਾ ਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਨਿਯਮਾਂ ਦਾ ਵੀ ਉਲੰਘਣ ਕੀਤਾ ਗਿਆ। ਜਿਸ ਤੋਂ ਬਾਅਦ ਇਨ੍ਹਾਂ ਟਾਈਲਾਂ ਅਤੇ ਕੰਕਰੀਟ ਨੂੰ ਵਣ ਵਿਭਾਗ ਵੱਲੋਂ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਨਿਰਦੇਸ਼ਾਂ ਦਾ ਹਵਾਲਾ ਦੇ ਕੇ ਤੋੜ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਕਾਰਵਾਈ ਜਿਸ ਜਗ੍ਹਾ ਤੇ ਕੀਤੀ ਗਈ ਹੈ, ਇੱਥੇ ਵਾਟਰਫਰੰਟ ਦਾ ਨਿਰਮਾਣ ਨਗਰ ਨਿਗਮ ਵੱਲੋਂ ਕਰੀਬ 4.74 ਕਰੋੜ ਰੁਪਏ ਕੀਤਾ ਗਿਆ ਸੀ। ਇਸ ਤੋਂ ਇਕ ਵੱਡਾ ਸਵਾਲ ਖੜ੍ਹਾ ਹੁੰਦਾ ਹੈ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਇਸ ਪ੍ਰਾਜੈਕਟ ਚ ਹੁਣ ਲੋਕਾਂ ਦੇ ਪੈਸੇ ਦੀ ਬਰਬਾਦੀ ਲਈ ਆਖ਼ਰ ਕੌਣ ਜ਼ਿੰਮੇਵਾਰ ਹੋਵੇਗਾ। ਜ਼ਿਕਰਯੋਗ ਹੈ ਕਿ ਸਮਾਰਟ ਸਿਟੀ ਪ੍ਰਾਜੈਕਟ ਅਧੀਨ ਅਜਿਹੇ ਹੋਰ ਵੀ ਕਈ ਵਿਕਾਸ ਕਾਰਜ ਹਨ, ਜਿਨ੍ਹਾਂ ਉੱਪਰ ਸਮੇਂ-ਸਮੇਂ ਤੇ ਸਵਾਲ ਉੱਠਦੇ ਰਹੇ ਹਨ। ਅਜਿਹੇ ਵਿੱਚ ਉਹ ਆਪ ਜੀ ਨੂੰ ਇਸ ਪੂਰੇ ਘਟਨਾਕ੍ਰਮ ਦੀ ਨਿਰਪੱਖਤਾ ਨਾਲ ਜਾਂਚ ਕਰਵਾ ਕੇ ਦੋਸ਼ੀ ਅਫ਼ਸਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੇ ਜਾਣ ਅਤੇ ਇਸ ਨੁਕਸਾਨ ਦੀ ਭਰਪਾਈ ਕਰਵਾਏ ਜਾਣ ਦੀ ਅਪੀਲ ਕਰਦੇ ਹਨ।