ਦਿੱਲੀ ਤੋਂ ਬੈਂਗਲੁਰੂ ਜਾ ਰਹੀ ਇੰਡੀਗੋ ਦੀ ਫਲਾਈਟ ‘ਚ ਉਡਾਣ ਦੌਰਾਨ ਇੱਕ ਯਾਤਰੀ ਨੇ ਐਮਰਜੈਂਸੀ ਗੇਟ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਯਾਤਰੀ ਨਸ਼ੇ ‘ਚ ਧੁੱਤ ਸੀ ਅਤੇ ਚਾਲਕ ਦਲ ਦੇ ਨਾਲ ਦੁਰਵਿਵਹਾਰ ਵੀ ਕਰ ਰਿਹਾ ਸੀ। ਚਾਲਕ ਦਲ ਦੇ ਮੈਂਬਰਾਂ ਨੇ ਫਲਾਈਟ ਦੇ ਕਪਤਾਨ ਨੂੰ ਸੂਚਿਤ ਕੀਤਾ। ਜਦੋਂ ਫਲਾਈਟ ਬੈਂਗਲੁਰੂ ਪਹੁੰਚੀ ਤਾਂ ਯਾਤਰੀ ਨੂੰ CISF ਦੇ ਹਵਾਲੇ ਕਰ ਦਿੱਤਾ ਗਿਆ। ਦੋਸ਼ੀ ਯਾਤਰੀ ਖ਼ਿਲਾਫ਼ 3 ਧਾਰਾਵਾਂ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਇੰਡੀਗੋ ਦੀ ਫਲਾਈਟ 6E308 ਸ਼ੁੱਕਰਵਾਰ ਨੂੰ ਦਿੱਲੀ ਤੋਂ ਬੈਂਗਲੁਰੂ ਜਾ ਰਹੀ ਸੀ। ਇਸ ਵਿਚ ਇੱਕ 40 ਸਾਲਾ ਯਾਤਰੀ ਵੀ ਸੀ। ਉਹ ਸੀਟ ਨੰਬਰ 18 ਐੱਫ ‘ਤੇ ਬੈਠਾ ਸੀ। ਦੱਸਿਆ ਜਾ ਰਿਹਾ ਹੈ ਯਾਤਰੀ ਨਸ਼ੇ ਵਿੱਚ ਸੀ। ਘਟਨਾ ਸਵੇਰੇ 7.56 ਵਜੇ ਵਾਪਰੀ। ਯਾਤਰੀ ਨੇ ਅਚਾਨਕ ਸਫ਼ਰ ਦੌਰਾਨ ਫਲਾਈਟ ਦੇ ਐਮਰਜੈਂਸੀ ਫਲੈਪ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਚਾਲਕ ਦਲ ਨੇ ਜਦੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ‘ਤਾਂ ਉਸ ਨੇ ਚਾਲਕ ਦਲ ਨਾਲ ਹਮਲਾਵਰ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ।