ਬਰੇਟਾ (ਰੀਤਵਾਲ) ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਬਰੇਟਾ ‘ਚ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਦੁਕਾਨਾਂ ਉੱਤੇ ਛਾਪੇਮਾਰੀ ਕੀਤੀ ਗਈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫੂਡ ਸਫੇਟੀ ਅਫਸਰ ਮੈਡਮ ਊਸ਼ਾ ਗੋਇਲ ਬਠਿੰਡਾ ਨੇ ਦੱਸਿਆ ਕਿ ਅੱਜ ਸਾਡੀ ਟੀਮ ਵੱਲੋਂ ਬਰੇਟਾ ‘ਚ 3 ਖਾਣ ਪੀਣ ਦੀਆਂ ਦੁਕਾਨਾਂ ਤੋਂ ਸੈਂਪਲ ਲਏ ਗਏ ਹਨ । ਜਿਨ੍ਹਾਂ ਵਿੱਚੋ ਬਰੇਟਾ ਦੀ ਇੱਕ ਡੇਅਰੀ ਤੋਂ ਦੱਧ ਦਾ ਤੇ ਇੱਕ ਮਿਠਾਈ ਦੀ ਦੁਕਾਨ ਤੋਂ ਬਰਫੀ ਦਾ ਅਤੇ ਇੱਕ ਪਿੰਡ ਕੁਲਰੀਆਂ ਦੀ ਦੁਕਾਨ ਤੋਂ ਮੱਖਣ ਦੇ ਸੈਂਪਲ ਲਏ ਗਏ ਹਨ । ਉਨ੍ਹਾਂ ਕਿਹਾ ਕਿ ਇਨ੍ਹਾਂ ਸੈਪਲਾਂ ਨੂੰ ਜਾਂਚ ਦੇ ਲਈ ਅੱਗੇ ਖਰੜ ਲੈਬ ‘ਚ ਭੇਜਿਆ ਗਿਆ ਹੈ ਤੇ ਜਾਂਚ ਰਿਪੋਰਟ ਆਉਣ ਮਗਰੋਂ ਅਗਲੇਰੀ ਕਾਰਵਾਈ ਕਰਨ ਦੀ ਗੱਲ ਆਖ਼ੀ ਗਈ ਹੈ । ਦੂਜੇ ਪਾਸੇ ਦੇਖਣ ‘ਚ ਆਇਆ ਕਿ ਅੱਜ ਸੈਂਪਲ ਵਾਲੀ ਟੀਮ ਨੂੰ ਦੇਖਦੇ ਹੋਏ ਸ਼ਹਿਰ ਦੀਆਂ ਜਿਆਦਾਤਰ ਕਰਿਆਨੇ ਤੇ ਮਿਠਾਈ ਦੀਆਂ ਦੁਕਾਨਾਂ ਬੰਦ ਰਹੀਆਂ ਤੇ ਟੀਮ ਦੇ ਚਲੇ ਜਾਣ ਦੀ ਭਿਣਕ ਲੱਗਣ ਤੋਂ ਬਾਅਦ ਬੰਦ ਦੁਕਾਨਾਂ ਦੇ ਸ਼ਟਰ ਖੁੱਲੇ ਦਿਖਾਈ ਦਿੱਤੇ । ਬਾਹਰਲੇ ਜਿਲੇ੍ਹ ਦੀ ਸੈਂਪਲ ਲੈਣ ਪੁੱਜੀ ਟੀਮ ਨੂੰ ਲੈ ਕੇ ਸ਼ਹਿਰ ‘ਚ ਇਸ ਗੱਲ ਦੀ ਚਰਚਾ ਪਾਈ ਜਾ ਰਹੀ ਸੀ ਕਿ ਪੰਜਾਬ ‘ਚ ਆਪ ਦੀ ਬਣੀ ਸਰਕਾਰ ਦਾ ਐਕਸ਼ਨ ਹੁੰਦਾ ਨਜ਼ਰ ਆਉਣ ਲੱਗਾ ਹੈ । ਜਿਸਦੇ ਕਾਰਨ ਹੀ ਬਰੇਟਾ ‘ਚ ਪਹਿਲੀ ਵਾਰ ਬਿਨ੍ਹਾਂ ਤਿਉਹਾਰ ਦੇ ਮੌਕੇ ਅੱਜ ਕਿਸੇ ਬਾਹਰਲੇ ਜਿਲੇ੍ਹ ਦੀ ਟੀਮ ਨੇ ਛਾਪੇਮਾਰੀ ਕੀਤੀ ਹੈ । ਇਹ ਦੇਖਦੇ ਹੋਏ ਲੋਕਾਂ ਨੂੰ ਇੱਕ ਆਸ ਦੀ ਕਿਰਨ ਦਿੱਸਣ ਲੱਗੀ ਹੈ ਕਿ ਹੁਣ ਮਿਲਾਵਟ ਦਾ ਧੰਦਾ ਕਰਨ ਵਾਲੇ ਲੋਕਾਂ ਖਿਲਾਫ ਜਲਦ ਕੋਈ ਸਖਤ ਕਾਰਵਾਈ ਹੋਵੇਗੀ । ਉਹ ਇਹ ਵੀ ਕਹਿੰਦੇ ਸੁਣੇ ਜਾ ਰਹੇ ਹਨ ਕਿ ਬਰੇਟਾ ‘ਚ ਨਕਲੀ ਅਤੇ ਮਿਲਾਵਟੀ ਮਿਠਾਈ ਦਾ ਧੰਦਾ ਪਿਛਲੇ ਲੰਮੇ ਸਮੇਂ ਤੋਂ ਧੱੜਲੇ ਨਾਲ ਚੱਲ ਰਿਹਾ ਹੈ ।