ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)”””21 ਮਾਰਚ 2022 ਤੋਂ ਇੰਗਲੈਂਡ ਤੋਂ ਭਾਰਤ ਦੀ ਮੋਟਰ ਸਾਇਕਲ ਯਾਤਰਾ ਲਈ ਨਿਕਲੇ ਭਾਰਤ ਦੇ ਮਹਾਨ ਅਧਿਆਤਮਕਵਾਦ ਤੇ ਯੋਗਾ ਦੇ ਗੁਰੂ ਸਦਗੁਰੂ ਜੱਗੀ ਵਾਸਦੇਵ ਪਦਮ ਵਿਭੂਸ਼ਣ ਦਾ ਯੂਰਪੀਅਨ ਦੇਸ਼ ਇਟਲੀ ਵਿੱਚ ਪਹੁੰਚਣ ਮੌਕੇ ਭਾਰਤੀ ਅੰਬੈਂਸੀ ਰੋਮ ਦੇ ਸਮੂਹ ਸਟਾਫ਼ ਤੇ ਭਾਰਤੀ ਭਾਈਚਾਰੇ ਵੱਲੋਂ ਸੀ ਡੀ ਏ ਮੈਡਮ ਨਿਹਾਰੀਕਾ ਸਿੰਘ ਦੀ ਯੋਗ ਅਗਵਾਈ ਵਿੱਚ ਨਿੱਘਾ ਸਵਾਗਤ ਕੀਤਾ ਗਿਆ।ਸਦਗੁਰੂ ਜੱਗੀ ਵਾਸਦੇਵ ਜੀ ਵੱਲੋਂ ਆਪਣੀ ਇਹ ਯਾਤਰੀ ਮਿੱਟੀ ਦੀ,ਵਾਤਾਵਰਣ ਦੀ ਤੇ ਪਾਣੀ ਦੀ ਖਤਮ ਹੁੰਦੀ ਗੁਣਵੰਤਾ ਨੂੰ ਬਚਾਉਣ ਲਈ ਉਚੇਚਾ ਤੌਰ ਤੇ ਇੰਗਲੈਂਡ ਤੋਂ ਭਾਰਤ ਲਈ ਸੁਰੂ ਕੀਤੀ ਹੈ ਜਿਹੜੀਕਿ 27 ਦੇਸ਼ਾਂ ਤੋਂ ਹੁੰਦੀ ਹੋਈ 30,000 ਕਿਲੋਮੀਟਰ ਦਾ ਪੈਂਡਾ ਤਹਿ ਕਰੇਗੀ।ਰੋਮ ਪਹੁੰਚਣ ਉਪੰਰਤ ਉਹਨਾਂ ਦੇ ਸਵਾਗਤ ਵਿੱਚ ਹੋਏ ਵਿਸੇ਼ਸ ਸਮਾਰੋਹ ਨੂੰ ਸੀ ਡੀ ਏ ਮੈਡਮ ਨਿਹਾਰੀਕਾ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਦਗੁਰੂ ਜੀ ਵੱਲੋਂ ਸੁਰੂ ਕੀਤੀ ਇਹ ਵਿਸੇ਼ਸ ਯਾਤਰਾ ਮਨੁੱਖਤਾ ਦੇ ਭਲੇ ਹਿੱਤ ਹੈ ਤੇ ਅਸੀਂ ਉਹਨਾਂ ਦੇ ਬੱਚੇ ਹਾਂ ਜੋ ਕਿ ਉਹਨਾਂ ਨੂੰ ਬੇਹੱਦ ਪਿਆਰ ਕਰਦੇ ਹਾਂ।ਅਸੀਂ ਆਪਣੇ ਵੱਲੋਂ ਸੁੱਭ ਇਛਾਵਾਂ ਦਿੰਦੇ ਹਾਂ ਕਿ ਸਦਗੁਰੂ ਜੀ ਵੱਲੋਂ ਨਿੱਜੀ ਤੌਰ ਤੇ ਮਨੁੱਖਤਾ ਦੇ ਭਲੇ ਲਈ ਸੁਰੂ ਕੀਤੀ ਮੋਟਰ ਸਾਇਕਲ ਯਾਤਰਾ ਸਿਰਫ਼ ਯਾਤਰਾ ਹੀ ਨਹੀਂ ਹੈ ਸਗੋ ਸਾਨੂੰ ਸਭ ਨੂੰ ਪ੍ਰਾਕਿਰਤੀ ਨਾਲ ਜੋੜਨ ਦਾ ਉਪਰਾਲਾ ਵੀ ਹੈ ਜਿਸ ਨੂੰ ਸਮਝਣ ਲਈ ਸਾਨੂੰ ਸੰਜੀਦਾ ਹੋਣ ਦੀ ਲੋੜ ਹੈ।ਸਮਾਰੋਹ ਵਿੱਚ ਹਾਜ਼ਰੀਨ ਸੰਗਤ ਨਾਲ ਸਦਗੁਰੂ ਜੱਗੀ ਵਾਸਦੇਵ ਜੀ ਨੇ ਬਹੁਤ ਹੀ ਪਿਆਰ ਭਾਵਨਾ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਭ ਨੂੰ ਕੁਦਰਤ ਦੀਆਂ ਸੌਗਾਤਾਂ ਤੇ ਨਿਯਮਾਂ ਪ੍ਰਤੀ ਜਾਗਰੂਕ ਹੋਣ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਕੀ ਜੇਕਰ ਅਸੀਂ ਹੁਣ ਵੀ ਵਾਤਾਵਰਣ,ਪਾਣੀ ਤੇ ਧਰਤੀ ਨੂੰ ਬਚਾਉਣ ਲਈ ਅੱਗੇ ਨਾ ਆਏ ਤਾਂ ਇਸ ਦੇ ਨਤੀਜੇ ਵਿਨਾਸ਼ਕਾਰੀ ਹੋ ਸਕਦੇ ਹਨ।ਸਾਡਾ ਕੁਦਰਤ ਵੱਲੋਂ ਦਿੱਤੀਆਂ ਗਈਆਂ ਸੌਗਾਤਾਂ ਨੂੰ ਸਾਂਭਣਾ ਨਿੱਜੀ ਫਰਜ਼ ਬਣਦਾ ਹੈ।ਇਸ ਸਮਾਰੋਹ ਵਿੱਚ ਕਈ ਸਰਧਾਲੂਆਂ ਨੇ ਸਦਗੁਰੂ ਤੋਂ ਆਪਣੇ ਮਨ ਦੇ ਸੰਕੇ ਦੂਰ ਕਰਨ ਲਈ ਸਵਾਲ ਵੀ ਕੀਤੇ ਜਿਹਨਾਂ ਦਾ ਬਹੁਤ ਹੀ ਸਰਲਤਾ ਨਾਲ ਸਦਗੁਰੂ ਨੇ ਜਵਾਬ ਦਿੱਤਾ।ਇਸ ਮੌਕੇ ਆਈ ਸਭ ਸੰਗਤ ਨੂੰ ਅੰਬੈਂਸੀ ਵੱਲੋਂ ਲੰਗਰ ਵੀ ਛਕਾਇਆ ਗਿਆ