* ਵਧ ਰਹੀਆਂ ਕੀਮਤਾਂ ਨੂੰ ਠਲ ਪਾਉਣ ਲਈ ਚੁੱਕਿਆ ਕੱਦਮ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਰੂਸ ਦੇ ਯੁਕਰੇਨ ਉਪਰ ਹਮਲੇ ਉਪਰੰਤ ਵਧ ਰਹੀਆਂ ਕੀਮਤਾਂ ਨੂੰ ਠਲ ਪਾਉਣ ਲਈ ਦੇਸ਼ ਦੇ ਹੰਗਾਮੀ ਸਥਿੱਤੀ ਲਈ ਰਖੇ ਰਾਖਵੇਂ ਭੰਡਾਰ ਵਿਚੋਂ ਅਗਲੇ 6 ਮਹੀਨਿਆਂ ਦੌਰਾਨ 18 ਕਰੋੜ ਬੈਰਲ ਤੇਲ ਜਾਰੀ ਕਰਨ ਦਾ ਆਦੇਸ਼ ਦਿੱਤਾ ਹੈ। ਰਾਸ਼ਟਰਪਤੀ ਨੇ ਅਗਲੇ 6 ਮਹੀਨਿਆਂ ਦੌਰਾਨ ਰੋਜਾਨਾ 10 ਲੱਖ ਬੈਰਲ ਤੇਲ ਜਾਰੀ ਕਰਨ ਲਈ ਕਿਹਾ ਹੈ ਤਾਂ ਜੋ ਅਮਰੀਕੀਆਂ ਨੂੰ ਵਧ ਰਹੀਆਂ ਤੇਲ ਦੀਆਂ ਕੀਮਤਾਂ ਤੋਂ ਰਾਹਤ ਪਹੁੰਚਾਈ ਜਾ ਸਕੇ। ਅਮਰੀਕਾ ਦੇ ਪਿਛਲੇ 50 ਸਾਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਰਾਖਵੇਂ ਭੰਡਾਰ ਵਿਚੋਂ ਏਨੀ ਵੱਡੀ ਪੱਧਰ ‘ਤੇ ਤੇਲ ਜਾਰੀ ਕੀਤਾ ਗਿਆ ਹੈ। ਰੂਸ ਦੇ ਯਕਰੇਨ ਉਪਰ ਹਮਲੇ ਉਪਰੰਤ ਇਕ ਮਹੀਨੇ ਵਿਚ ਤਕਰੀਬਨ 1 ਡਾਲਰ ਪ੍ਰਤੀ ਗੈਲਨ ਗੈਸ ਦੀ ਕੀਮਤ ਵਿਚ ਵਾਧਾ ਹੋਇਆ ਹੈ ਤੇ ਇਸ ਸਮੇ ਪ੍ਰਤੀ ਗੈਲਨ ਔਸਤ ਕੀਮਤ 4.20 ਡਾਲਰ ਪ੍ਰਤੀ ਗੈਲਨ ਹੈ। ਕਈ ਖੇਤਰਾਂ ਵਿਚ ਤਾਂ ਇਸ ਤੋਂ ਵੀ ਵਧ ਕੀਮਤ ਹੈ। ਰੂਸ ਤੋਂ ਤੇਲ ਦੀ ਸਪਲਾਈ ਘਟਣ ਕਾਰਨ ਤੇਲ ਪੰਪਾਂ ਨੂੰ ਸਪਲਾਈ ਘੱਟ ਗਈ ਹੈ ਜਿਸ ਕਾਰਨ ਕੀਮਤ ਵਧ ਰਹੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਇਹ ਸਮਾਂ ਅਮਰੀਕੀ ਪਰਿਵਾਰਾਂ ਨੂੰ ਰਾਹਤ ਦੇਣ ਦਾ ਹੈ। ਉਨਾਂ ਨੇ ਭਵਿੱਖਬਾਣੀ ਕੀਤੀ ਕਿ ਰਾਖਵੇਂ ਭੰਡਾਰ ਵਿਚੋਂ ਤੇਲ ਜਾਰੀ ਕਰਨ ਨਾਲ ਕੀਮਤ ਘਟੇਗੀ ਹਾਲਾਂ ਕਿ ਰਾਸ਼ਟਰਪਤੀ ਨੇ ਕਿਹਾ ਕਿ ਮੈ ਨਹੀਂ ਦਸ ਸਕਦਾ ਕਿ ਕਿੰਨੀ ਕੀਮਤ ਘਟੇਗੀ। ਰਾਸ਼ਟਰਪਤੀ ਨੇ ਤੇਲ ਦੇ ਮਾਮਲੇ ਵਿਚ ਹੋਰ ਦੇਸ਼ਾਂ ਨਾਲ ਵੀ ਗੱਲ ਕੀਤੀ ਹੈ ਤੇ ਉਹ ਇਨਾਂ ਦੇਸ਼ਾਂ ਨਾਲ ਤਾਲਮੇਲ ਕਰਕੇ ਤੇਲ ਦੀ ਪੂਰਤੀ ਕਰਨ ਦੇ ਯਤਨ ਵਿਚ ਹਨ। ਇਥੇ ਜਿਕਰਯੋਗ ਹੈ ਕਿ ਰਾਸ਼ਟਰਪਤੀ ਰੂਸ ਤੋਂ ਹਰ ਤਰਾਂ ਦੀ ਊਰਜਾ ਦੀ ਦਰਾਮਦ ਉਪਰ ਰੋਕ ਲਾਉਣ ਦਾ ਐਲਾਨ ਕਰ ਚੁੱਕੇ ਹਨ। ਪਹਿਲਾਂ ਵੀ ਰਾਸ਼ਟਰਪਤੀ ਨੇ ਪਿਛਲੇ ਸਾਲ ਨਵੰਬਰ ਵਿਚ ਕੀਮਤਾਂ ਘਟਾਉਣ ਦੇ ਮਕਸਦ ਨਾਲ ਰਾਖਵੇਂ ਭੰਡਾਰ ਵਿਚੋਂ 5 ਲੱਖ ਬੈਰਲ ਤੇਲ ਜਾਰੀ ਕਰਨ ਦਾ ਆਦੇਸ਼ ਦਿੱਤਾ ਸੀ। ਪਿਛਲੇ ਮਹੀਨੇ ਦੇ ਸ਼ੁਰੂ ਵਿਚ ਵੀ ਰਾਖਵੇਂ ਭੰਡਾਰ ਵਿਚੋਂ 3 ਲੱਖ ਬੈਰਲ ਤੇਲ ਜਾਰੀ ਕੀਤਾ ਸੀ।