• ਬਾਹਰਲੇ ਸੂਬਿਆਂ ਤੋਂ ਕਣਕ ਦੀ ਆਮਦ ਨੂੰ ਰੋਕਣ ਲਈ ਕੀਤੀ ਜਾਵੇਗੀ ਵਿਸ਼ੇਸ਼ ਨਾਕਾਬੰਦੀ
ਭੁਲੱਥ (ਅਜੈ ਗੋਗਨਾ )—ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵਲੋਂ ਅੱਜ ਨਡਾਲਾ ਅਤੇ ਭੁਲੱਥ ਦੀਆਂ ਦਾਣਾ ਮੰਡੀਆਂ ਦਾ ਦੌਰਾ ਕਰਕੇ ਕਣਕ ਦੀ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਮੰਡੀ ਅਫ਼ਸਰ ਸ੍ਰੀ ਅਰਵਿੰਦਰ ਸਿੰਘ ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਚਾਰਾਂ ਵਿਧਾਨ ਸਭਾ ਹਲਕਿਆਂ ਵਿਚ ਐਸ.ਡੀ.ਐਮਜ਼ ਵਲੋਂ ਆਪਣੇ ਪੱਧਰ ਤੇ ਦਾਣਾ ਮੰਡੀਆਂ ਵਿੱਚ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕਣਕ ਦੀ ਸਰਕਾਰੀ ਖਰੀਦ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ ਪਰ ਅਜੇ ਤੱਕ ਮੰਡੀਆਂ ਵਿਚ ਕਣਕ ਦੀ ਆਮਦ ਘੱਟ ਹੈ,ਪਰ ਆਉਣ ਵਾਲੇ ਕੁਝ ਦਿਨਾਂ ਵਿੱਚ ਭਾਰੀ ਮਾਤਰਾ ਵਿਚ ਕਿਸਾਨਾਂ ਵਲੋਂ ਆਪਣੀ ਜਿਣਸ ਲੈ ਕੇ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 42 ਸਥਾਈ ਅਤੇ 20 ਅਸਥਾਈ ਮੰਡੀਆਂ ਸਥਾਪਿਤ ਕੀਤੀਆਂ ਗਈਆ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਸਰਕਾਰੀ ਖਰੀਦ ਲਈ ਲਗਭਗ 4 ਲੱਖ ਮੀਟਰਿਕ ਟਨ ਦੇ ਕਰੀਬ ਕਣਕ ਆਉਣ ਦੀ ਸੰਭਾਵਾਨਾ ਹੈ। ਉਨ੍ਹਾਂ ਦੱਸਿਆ ਕਿ ਮਾਰਕਫੈਡ , ਪਨਸਪ, ਵੇਅਰ ਹਾਊਸ, ਐਫ਼. ਸੀ.ਆਈ ਅਤੇ ਪਨਗਰੇਨ ਸਰਕਾਰੀ ਏਜੰਸੀਆਂ ਵਲੋਂ ਕਿਸਾਨਾਂ ਦੀ ਫ਼ਸਲ ਇਕ-ਇਕ ਦਾਣਾ ਚੁੱਕਿਆ ਜਾਵੇਗਾ ਅਤੇ ਨਾਲ ਦੀ ਨਾਲ ਅਦਾਇਗੀ ਯਕੀਨੀ ਬਣਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਬਾਹਰਲੇ ਸੂਬਿਆਂ ਤੋਂ ਕਣਕ ਲਿਆ ਕੇ ਜ਼ਿਲ੍ਹੇ ਵਿਚ ਵੇਚਣ ਤੇ ਨਿਗਰਾਨੀ ਰੱਖਣ ਦੇ ਲਈ ਵਿਸ਼ੇਸ਼ ਨਾਕੇ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਦੇ ਨਾਲ ਫ਼ੂਡ ਸਪਲਾਈ ਅਤੇ ਮੰਡੀ ਬੋਰਡ ਦੇ ਅਧਿਕਾਰੀ ਵੀ ਇਨ੍ਹਾਂ ਵਿਸ਼ੇਸ਼ ਨਾਕਿਆਂ ਵਿਚ ਮੁੱਖ ਤੌਰ ਤੇ ਸ਼ਾਮਲ ਰਹਿਣਗੇ। ਜ਼ਿਲ੍ਹਾ ਮੰਡੀ ਅਫ਼ਸਰ ਸ੍ਰੀ ਅਰਵਿੰਦਰ ਸਿੰਘ ਨੇ ਦੱਸਿਆ ਕਿ ਮੰਡੀਆਂ ਵਿਚ ਕਿਸਾਨਾਂ ਦੀ ਆਮਦ ਨੂੰ ਧਿਆਨ ਵਿੱਚ ਰੱਖਦਿਆਂ ਮੰਡੀਆਂ ਦੀ ਸਾਫ਼-ਸਫਾਈ, ਪੀਣ ਵਾਲੇ ਪਾਣੀ,ਕਿਸਾਨਾਂ ਦੇ ਬੈਠਣ ਲਈ ਥਾਂ ਅਤੇ ਢੋਆ-ਢੁਆਈ ਦੇ ਪੁਖਤਾ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।