ਨਵੀਂ ਦਿੱਲੀ- ਕਾਂਗਰਸ ਨੇ ਮੰਗਲਵਾਰ ਨੂੰ ਲੋਕ ਸਭਾ ਚੋਣਾਂ ਲਈ 17 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ, ਜਿਸ ਵਿੱਚ ਸਾਬਕਾ ਕੇਂਦਰੀ ਮੰਤਰੀ ਤਾਰਿਕ ਅਨਵਰ ਅਤੇ ਐਮਐਮ ਪੱਲਮ ਰਾਜੂ ਅਤੇ ਪਾਰਟੀ ਦੀ ਆਂਧਰਾ ਪ੍ਰਦੇਸ਼ ਇਕਾਈ ਦੀ ਪ੍ਰਧਾਨ ਵਾਈਐਸ ਸ਼ਰਮੀਲਾ ਰੈੱਡੀ ਦੇ ਨਾਮ ਸ਼ਾਮਲ ਹਨ। ਪਾਰਟੀ ਵੱਲੋਂ ਜਾਰੀ ਉਮੀਦਵਾਰਾਂ ਦੀ 11ਵੀਂ ਸੂਚੀ ਵਿੱਚ ਆਂਧਰਾ ਪ੍ਰਦੇਸ਼ ਤੋਂ ਪੰਜ, ਬਿਹਾਰ ਤੋਂ ਤਿੰਨ, ਓਡੀਸ਼ਾ ਤੋਂ ਅੱਠ ਅਤੇ ਪੱਛਮੀ ਬੰਗਾਲ ਤੋਂ ਇੱਕ ਉਮੀਦਵਾਰ ਦੇ ਨਾਂ ਸ਼ਾਮਲ ਹਨ। ਪਾਰਟੀ ਨੇ ਇਕ ਵਾਰ ਫਿਰ ਅਨਵਰ ਨੂੰ ਬਿਹਾਰ ਦੇ ਕਟਿਹਾਰ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਉਹ ਜਨਤਾ ਦਲ (ਯੂਨਾਈਟਿਡ) ਦੇ ਉਮੀਦਵਾਰ ਦੁਲਾਲਚੰਦ ਗੋਸਵਾਮੀ ਤੋਂ ਹਾਰ ਗਏ ਸਨ।
ਇੱਕ ਵਾਰ ਫਿਰ ਉਹ ਗੋਸਵਾਮੀ ਦਾ ਸਾਹਮਣਾ ਕਰਨਗੇ। ਕਾਂਗਰਸ ਨੇ ਬਿਹਾਰ ਦੀ ਕਿਸ਼ਨਗੰਜ ਲੋਕ ਸਭਾ ਸੀਟ ਤੋਂ ਆਪਣੇ ਮੌਜੂਦਾ ਸੰਸਦ ਮੈਂਬਰ ਮੁਹੰਮਦ ਜਾਵੇਦ ਨੂੰ ਟਿਕਟ ਦਿੱਤੀ ਹੈ। ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਜੀਤ ਸ਼ਰਮਾ ਨੂੰ ਭਾਗਲਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਹੈ। ਕਾਂਗਰਸ ਬਿਹਾਰ ਦੀਆਂ ਕੁੱਲ 40 ਲੋਕ ਸਭਾ ਸੀਟਾਂ ‘ਚੋਂ 9 ‘ਤੇ ਚੋਣ ਲੜ ਰਹੀ ਹੈ। ਇਸ ਦੇ ਨਾਲ ਹੀ ਇਸ ਦਾ ਸਹਿਯੋਗੀ ਰਾਸ਼ਟਰੀ ਜਨਤਾ ਦਲ (ਆਰਜੇਡੀ) 26 ਸੀਟਾਂ ‘ਤੇ ਚੋਣ ਲੜ ਰਿਹਾ ਹੈ ਅਤੇ ਖੱਬੀਆਂ ਪਾਰਟੀਆਂ ਪੰਜ ਸੀਟਾਂ ‘ਤੇ ਚੋਣ ਲੜ ਰਹੀਆਂ ਹਨ।