ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦੇ ਵਿਧਾਇਕ ਮੰਗ ਕਰ ਰਹੇ ਹਨ ਕਿ ‘ਦਿ ਕਸ਼ਮੀਰ ਫਾਈਲਜ਼’ ਦਿੱਲੀ ’ਚ ਟੈਕਸ ਮੁਕਤ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇਸ ਫਿਲਮ ਨੂੰ ਯੂਟਿਊਬ ’ਤੇ ਅਪਲੋਡ ਕਰ ਦੇਵੇ ਅਤੇ ਤਾਂ ਜੋ ਇਹ ਸਾਰਿਆਂ ਲਈ ਮੁਫ਼ਤ ਹੋ ਸਕੇ। ਵਿਧਾਨ ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਫਿਲਮ ਦੀ ਵਰਤੋਂ ਆਪਣੇ ਸਿਆਸੀ ਹਿੱਤਾਂ ਲਈ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕਸ਼ਮੀਰ ’ਚੋਂ ਕਸ਼ਮੀਰੀ ਪੰਡਿਤਾਂ ਦੀ ਹਿਜਰਤ ਬਾਰੇ ਬਣੀ ਫਿਲਮ ‘ਦਿ ਕਸ਼ਮੀਰ ਫਾਈਲਜ਼’ ਵਿਵਾਦਾਂ ’ਚ ਘਿਰੀ ਹੋਈ ਹੈ। ਭਾਜਪਾ ਦੀ ਹਕੂਮਤ ਵਾਲੇ ਰਾਜਾਂ ਇਸ ਨੂੰ ਟੈਕਸ ਮੁਕਤ ਕਰਕੇ ਸਰਕਾਰੀ ਮੁਲਾਜ਼ਮਾਂ ਨੂੰ ਫਿਲਮ ਦੇਖਣ ਲਈ ਵਿਸ਼ੇਸ਼ ਛੁੱਟੀ ਦਿੱਤੀ ਜਾ ਰਹੀ ਹੈ ਜਦਕਿ ਦੂਜੇ ਪਾਸੇ ਵਿਰੋਧੀ ਧਿਰਾਂ ਇਸ ਫਿਲਮ ਨੂੰ ਇੱਕ ਪਾਸੜ ਤੇ ਬਹੁਤ ਹਿੰਸਕ ਦੱਸ ਰਹੀਆਂ ਹਨ। ਕੇਜਰੀਵਾਲ ਨੇ ਕਿਹਾ ਕਿ ਬੀਤੇ ਦਿਨ ਜਦੋਂ ਲੈਫਟੀਨੈਂਟ ਗਵਰਨਰ ਅਨਿਲ ਬੈਜਲ ਸਦਨ ਨੂੰ ਸੰਬੋਧਨ ਕਰ ਰਹੇ ਸਨ ਤਾਂ ਭਾਜਪਾ ਆਗੂ ‘ਦਿ ਕਸ਼ਮੀਰ ਫਾਈਲਜ਼’ ਨੂੰ ਦਿੱਲੀ ’ਚ ਟੈਕਸ ਮੁਕਤ ਕਰਨ ਦੀ ਮੰਗ ਕਰ ਰਹੇ ਸਨ। ਕੇਜਰੀਵਾਲ ਨੇ ਮੋਦੀ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਉਹ ਸਿਆਸੀ ਲਾਹੇ ਲਈ ਫਿਲਮ ਦਾ ਸਹਾਰਾ ਲੈ ਰਹੇ ਹਨ।