ਕਾਬੁਲ, ਅਫਗਾਨਿਸਤਾਨ ਦੇ ਤਾਲਿਬਾਨੀ ਸ਼ਾਸਕਾਂ ਨੇ ਆਪਣੇ ਹੀ ਵਾਅਦੇ ਤੋਂ ਮੁਕਰਦਿਆਂ ਲੜਕੀਆਂ ਨੂੰ ਮਿਲਦੀ ਉਚੇਰੀ ਸਿੱਖਿਆ ਉੱਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ।
ਦੇਸ਼ ਦੇ ਹਾਕਮਾਂ ਵੱਲੋਂ ਜਾਰੀ ਕੀਤੇ ਨਵੇਂ ਫੈਸਲੇ ਦੇ ਮੁਤਾਬਕ ਛੇਵੀਂ ਤੋਂ ਉਪਰਲੀਆਂ ਜਮਾਤਾਂ ਵਾਲੇ ਸਕੂਲਾਂ ਵਿੱਚ ਲੜਕੀਆਂ ਨੂੰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਤਾਲਿਬਾਨ ਨੇ ਇਹ ਫੈਸਲਾ ਓਦੋਂ ਲਿਆ ਹੈ, ਜਦੋਂ ਅਫਗਾਨਿਸਤਾਨ ਦੇ ਸਕੂਲਾਂ ਵਿੱਚ ਨਵਾਂ ਅਕਾਦਮਿਕ ਸਾਲ ਸ਼ੁਰੂ ਹੋਇਆ ਹੈ। ਅਫਗਾਨ ਹਾਕਮਾਂ ਦਾ ਇਹ ਫੈਸਲਾ ਪਹਿਲਾਂ ਹੀ ਮਨੁੱਖੀ ਸੰਕਟ ਨਾਲ ਜੂਝ ਰਹੇ ਮੁਲਕ ਵਿੱਚ ਕੌਮਾਂਤਰੀ ਮਦਦ ਲਈ ਅੜਿੱਕਾ ਬਣ ਸਕਦਾ ਹੈ।
ਇਸ ਸੰਬੰਧ ਵਿੱਚ ਤਾਲਿਬਾਨ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਵਹੀਦੁੱਲ੍ਹਾ ਹਾਸ਼ਮੀ ਨੇ ਦੱਸਿਆ ਕਿ ਲੜਕੀਆਂ ਲਈ ਸਕੂਲ ਬੰਦ ਕਰਨ ਦਾ ਫੈਸਲਾ ਮੰਗਲਵਾਰ ਰਾਤ ਆਇਆ ਸੀ। ਉਨ੍ਹਾਂ ਕਿਹਾ ਕਿ ‘ਕੱਲ੍ਹ ਰਾਤ ਸਾਡੀ ਲੀਡਰਸ਼ਿਪ ਦਾ ਸੁਨੇਹਾ ਮਿਲਿਆ ਹੈ ਕਿ ਲੜਕੀਆਂ ਲਈ ਸਕੂਲ ਬੰਦ ਰਹਿਣਗੇ।’ ਹਾਸ਼ਮੀ ਨੇ ਇਸ਼ਾਰਾ ਕੀਤਾ ਕਿ ਸਕੂਲ ਹਮੇਸ਼ਾ ਲਈ ਬੰਦ ਨਹੀਂ ਰਹਿਣਗੇ।ਲੀਡਰਸ਼ਿਪ ਨੇ ਅਜੇ ਇਹ ਫੈਸਲਾ ਨਹੀਂ ਕੀਤਾ ਕਿ ਉਹ ਕਦੋਂ ਜਾਂ ਕਿਵੇਂ ਲੜਕੀਆਂ ਨੂੰ ਸਕੂਲ ਵਿੱਚ ਵਾਪਸੀ ਲਈ ਖੁੱਲ੍ਹ ਦੇਣਗੇ।ਹਾਸ਼ਮੀ ਨੇ ਮੰਨਿਆ ਕਿ ਸ਼ਹਿਰੀ ਇਲਾਕੇ ਜਿੱਥੇ ਲੜਕੀਆਂ ਨੂੰ ਪੜ੍ਹਾਉਣ ਦੇ ਹਾਮੀ ਹਨ, ਉਥੇ ਮੁਲਕ ਦੀ ਪੇਂਡੂ ਵਸੋਂ (ਖਾਸ ਕਰ ਕੇ ਕਬਾਇਲੀ ਪਸ਼ਤੂਨ ਖੇਤਰ) ਇਸ ਦੇ ਵਿਰੁੱਧ ਹੈ। ਤਾਲਿਬਾਨ ਨੇ ਇਹ ਹੈਰਾਨਕੁੰਨ ਫੈਸਲਾ ਉਸ ਮੌਕੇ ਲਿਆ ਹੈ ਜਦੋਂ ਤਾਲਿਬਾਨੀ ਆਗੂ ਹੈਬਤੁੱਲਾ ਅਖੁੰਦਜ਼ਾਦਾ ਨੇ ਕੈਬਨਿਟ ਵਿੱਚ ਫੇਰਬਦਲ ਲਈ ਦੱਖਣੀ ਕੰਧਾਰ ਦੀ ਲੀਡਰਸ਼ਿਪ ਨੂੰ ਸੱਦਿਆ ਹੋਇਆ ਹੈ। ਪਿਛਲੇ ਸਾਲ ਅਗਸਤ ਵਿੱਚ ਤਾਲਿਬਾਨ ਦੇ ਮੁੜ ਕਾਬਜ਼ ਹੋਣ ਦੇ ਬਾਅਦ ਮੁਲਕ ਦੇ ਬਹੁਤੇ ਹਿੱਸਿਆਂ ਵਿੱਚ ਲੜਕੀਆਂ ਦੇ 6ਵੀਂ ਜਮਾਤ ਤੋਂ ਬਾਅਦ ਸਕੂਲ ਜਾਣ ਉੱਤੇ ਪਾਬੰਦੀ ਹੈ। ਇਸ ਸਾਲ ਦੀ ਸ਼ੁਰੂਆਤ ਵਿੱਚ ਭਾਵੇਂ ਯੂਨੀਵਰਸਿਟੀਆਂ ਵੀ ਖੁੱਲ੍ਹ ਗਈਆਂ, ਪਰ ਕੁਝ ਗਿਣੇ ਚੁਣੇ ਸੂਬਿਆਂ ਵਿੱਚ ਹੀ ਸਿੱਖਿਆ ਦਿੱਤੀ ਜਾ ਰਹੀ ਹੈ। ਬਹੁਗਿਣਤੀ ਰਾਜਾਂ ਨੇ ਲੜਕੀਆਂ ਤੇ ਔਰਤਾਂ ਲਈ ਸਿੱਖਿਆ ਸੰਸਥਾਵਾਂ ਬੰਦ ਕਰ ਦਿੱਤੀਆਂ ਹਨ।