ਲੰਡਨ- ਬੁੱਧਵਾਰ ਨੂੰ ਰਾਸ਼ਟਰਪਤੀ ਪੁਤਿਨ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਗੈਰਦੋਸਤਾਨਾਂ ਮੁਲਕਾਂ, ਜਿਨ੍ਹਾਂ ਵਿੱਚ ਕੈਨੇਡਾ ਵੀ ਸ਼ਾਮਲ ਹੈ, ਨੂੰ ਉਨ੍ਹਾਂ ਤੋਂ ਗੈਸ ਖਰੀਦਣ ਬਦਲੇ ਰੂਸ ਦੀ ਕਰੰਸੀ ਰੂਬਲਜ਼ ਵਿੱਚ ਅਦਾਇਗੀ ਕਰਨੀ ਹੋਵੇਗੀ। ਇਸ ਸੁਨੇਹੇ ਤੋਂ ਬਾਅਦ ਯੂਰਪੀਅਨ ਗੈਸ ਦੀਆਂ ਕੀਮਤਾਂ ਵਿੱਚ ਉਛਾਲ ਆ ਗਿਆ ਹੈ।
ਆਪਣੇ ਘਰਾਂ ਨੂੰ ਨਿੱਘਾ ਰੱਖਣ ਤੇ ਆਪਣੇ ਅਰਥਚਾਰਿਆਂ ਨੂੰ ਚੱਲਦਾ ਰੱਖਣ ਲਈ ਰੂਸੀ ਗੈਸ ਉੱਤੇ ਯੂਰਪੀਅਨ ਦੇਸ਼ਾਂ ਦੀ ਨਿਰਭਰਤਾ ਉਸ ਸਮੇਂ ਤੋਂ ਹੀ ਚਰਚਾ ਵਿੱਚ ਬਣੀ ਹੋਈ ਹੈ ਜਦੋਂ ਤੋਂ, 24 ਫਰਵਰੀ ਤੋਂ, ਮਾਸਕੋ ਵੱਲੋਂ ਆਪਣੀਆਂ ਫੌਜਾਂ ਯੂਕਰੇਨ ਭੇਜੀਆਂ ਗਈਆਂ ਹਨ।ਇਸ ਦੇ ਨਾਲ ਹੀ ਰੂਸ ਨੂੰ ਆਰਥਿਕ ਪੱਖੋਂ ਅਲੱਗ ਥਲੱਗ ਕਰਨ ਲਈ ਪੱਛਮੀ ਦੇਸ਼ਾਂ ਵੱਲੋਂ ਉਸ ਉੱਤੇ ਪਾਬੰਦੀਆਂ ਦਾ ਸਿ਼ਕੰਜਾ ਕੱਸਿਆ ਜਾ ਰਿਹਾ ਹੈ।
ਯੂਰਪੀਅਨ ਯੂਨੀਅਨ ਇਸ ਗੱਲ ਨੂੰ ਲੈ ਕੇ ਦੋਫਾੜ ਹੋ ਚੁੱਕਿਆ ਹੈ ਕਿ ਰੂਸ ਦੇ ਐਨਰਜੀ ਸੈਕਟਰ ਉੱਤੇ ਪਾਬੰਦੀਆਂ ਲਾਈਆਂ ਜਾਣ ਜਾਂ ਨਾ ਪਰ ਇਸ ਕਸ਼ਮਕਸ਼ ਦਰਮਿਆਨ ਪੁਤਿਨ ਨੇ ਸਪਸ਼ਟ ਸੁਨੇਹਾ ਦੇ ਦਿੱਤਾ ਹੈ ਕਿ ਜੇ ਤੁਸੀਂ ਸਾਡੀ ਗੈਸ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਾਡੀ ਕਰੰਸੀ ਖਰੀਦਣੀ ਹੋਵੇਗੀ।ਉੱਘੇ ਸਰਕਾਰੀ ਮੰਤਰੀਆਂ ਨਾਲ ਮੀਟਿੰਗ ਤੋਂ ਬਾਅਦ ਪੁਤਿਨ ਨੇ ਆਖਿਆ ਕਿ ਰੂਸ ਪਹਿਲਾਂ ਤੋਂ ਕੀਤੇ ਗਏ ਕਾਂਟਰੈਕਟਸ ਦੇ ਆਧਾਰ ਉੱਤੇ ਅਤੇ ਤੈਅ ਕੀਤੀਆਂ ਗਈਆਂ ਕੀਮਤਾਂ ਦੇ ਹਿਸਾਬ ਨਾਲ ਨੈਚੂਰਲ ਗੈਸ ਦੀ ਸਪਲਾਈ ਜਾਰੀ ਰੱਖੇਗਾ। ਤਬਦੀਲੀ ਸਿਰਫ ਅਦਾਇਗੀ ਵਾਲੀ ਕਰੰਸੀ ਵਿੱਚ ਕੀਤੀ ਜਾਵੇਗੀ, ਜੋ ਕਿ ਹੁਣ ਰੂਸੀ ਰੂਬਲਜ਼ ਹੋਵੇਗੀ।