ਨੌਜਵਾਨ ਪੀੜ੍ਹੀ ਸ਼ਹੀਦਾਂ ਦੀਆਂ ਜੀਵਨੀਆਂ ਪੜ੍ਹਕੇ ਸ਼ਹੀਦਾਂ ਦੇ ਦਰਸਾਏ ਮਾਰਗ ਤੇ ਚੱਲਣ – ਲਾਇਨ ਸੋਮਿਨਾਂ ਸੰਧੂ
ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਵੱਲੋਂ ਦੇਸ਼ ਦੇ ਮਹਾਨ ਸ਼ਹੀਦਾਂ ਭਗਤ ਸਿੰਘ, ਰਾਜਗੁਰੂ, ਸੁਖਦੇਵ ਜੀ ਨੂੰ ਸ਼ਹੀਦੀ ਦਿਵਸ ਮੌਕੇ ਸ਼ਰਧਾਂਜਲੀ ਭੇਂਟ ਕਰਨ ਲਈ ਕਲੱਬ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਵੱਲੋਂ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਐਨ.ਆਰ.ਆਈ ਸ਼੍ਰੀਮਤੀ ਗੁਰਜੀਤ ਘੁੰਮਣ ਯੂ.ਐਸ.ਏ ਨੇ ਵਿਸ਼ੇਸ਼ ਸ਼ਿਰਕਤ ਕਰਦਿਆਂ ਜੋਤ ਜਗਾ ਕੇ ਅਤੇ ਫੁੱਲ ਭੇਂਟ ਕਰਕੇ ਸ਼ਹੀਦਾਂ ਪ੍ਰਤੀ ਆਪਣਾ ਫਰਜ਼ ਅਦਾ ਕੀਤਾ। ਉਹਨਾਂ ਕਿਹਾ ਕਿ ਭਾਵੇਂ ਮੈਂ ਅਮਰੀਕਨ ਸਿਟੀਜਨ ਹਾਂ ਪਰ ਮੇਰੀਆਂ ਰਗਾਂ ਵਿੱਚ ਮੇਰੇ ਵਤਨ ਦਾ ਖ਼ੂਨ ਹੈ, ਮੇਰਾ ਖ਼ੂਨ ਉਸ ਵਕਤ ਖੌਲਦਾ ਹੈ ਜਦੋਂ ਮੇਰੇ ਵਤਨ ਦੇ ਬਹੁਤਾਤ ਨੌਜਵਾਨ ਲੜਕੇ-ਲੜਕੀਆਂ ਮਜ਼ਬੂਰੀ ਵੱਸ ਆਪਣਾ ਵਤਨ ਛੱਡਕੇ ਵਿਦੇਸ਼ ਦੌੜ ਰਹੇ ਹਨ। ਅਸੀਂ ਆਜ਼ਾਦ ਹੋ ਕੇ ਵੀ ਕਾਲੇ ਅੰਗਰੇਜਾਂ ਕਾਰਣ ਪਛੜੀ ਜਾ ਰਹੇ ਹਾਂ।
ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਲਾਇਨ ਸੋਮਿਨਾਂ ਸੰਧੂ ਨੇ ਕਿਹਾ ਕਿ ਜੇਕਰ ਦੇਸ਼ ਨੂੰ ਬਚਾਉਣਾ ਹੈ ਤਾਂ ਨੌਜਵਾਨ ਵਰਗ ਨੂੰ ਸ਼ਹੀਦਾਂ ਦੀਆਂ ਜੀਵਨੀਆਂ ਪੜ੍ਹਨੀਆਂ ਜ਼ਰੂਰੀ ਹਨ ਤਾਂ ਹੀ ਅਸੀਂ ਆਪਣੇ ਸ਼ਹੀਦਾਂ ਦੇ ਸੁਪਨਿਆਂ ਨੂੰ ਜਾਣ ਸਕਦੇ ਹਾਂ ਅਤੇ ਆਪਣੇ ਪਿਆਰੇ ਵਤਨ ‘ਚੋਂ ਭ੍ਰਿਸ਼ਟਾਚਾਰ, ਰਿਸ਼ਵਤਖ਼ੋਰੀ, ਅਨਿਆਂ ਵਰਗੀਆਂ ਭੈੜੀਆਂ ਅਲਾਮਤਾਂ ਨੂੰ ਜੜ੍ਹੋਂ ਪੁੱਟ ਸਕਦੇ ਹਾਂ। ਇਸ ਮੌਕੇ ਕਲੱਬ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੇ ਕਿਹਾ ਕਿ ਜੇਕਰ ਪੰਜਾਬ ਨੂੰ ਖੁਸ਼ਹਾਲ ਦੇਖਣਾ ਹੈ, ਨਸ਼ਿਆਂ ਅਤੇ ਅਰਾਜਕਤਾ ਤੋਂ ਬਚਾਉਣਾ ਹੈ ਤਾਂ ਸਰਕਾਰੀ ਕੁਰਸੀਆਂ ਉਪਰ ਇਮਾਨਦਾਰ ਅਫ਼ਸਰ ਬਿਠਾਉਣੇ ਲਾਜ਼ਮੀ ਹਨ।
ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵੇਲੇ ਲਾਇਨ ਬਬਿਤਾ ਸੰਧੂ, ਲਾਇਨ ਦਿਨਕਰ ਸੰਧੂ, ਲਾਇਨ ਜਸਪ੍ਰੀਤ ਸੰਧੂ ਅਤੇ ਹੋਰ ਮੈਂਬਰਾਂ ਨੇ ਮਿਲਕੇ ਇਨਕਲਾਬ ਜ਼ਿੰਦਾਬਾਦ, ਭਾਰਤ ਮਾਤਾ ਦੀ ਜੈ ਅਤੇ ਵੰਦੇ ਮਾਤਰਮ ਦੇ ਨਾਅਰੇ ਜੋਸ਼-ਓ-ਖਰੋਸ਼ ਨਾਲ ਲਗਾਏ। ਅਸ਼ੋਕ ਬਬਿਤਾ ਸੰਧੂ ਪੈਟਰੋਲੀਅਮ ਵੱਲੋਂ ਪ੍ਰਸ਼ਾਦ ਵਰਤਾਇਆ ਗਿਆ।
ਫੋਟੋ : ਕਲੱਬ ਪ੍ਰਧਾਨ ਅਸ਼ੋਕ ਸੰਧੂ ਨੰਬਰਦਾਰ, ਐਨ.ਆਰ.ਆਈ ਗੁਰਜੀਤ ਘੁੰਮਣ, ਸੋਮਿਨਾਂ ਸੰਧੂ ਅਤੇ ਹੋਰ ਲਾਇਨ ਮੈਂਬਰ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਕੇ ਦੇਸ਼ ਭਗਤੀ ਦੀ ਅਲਖ ਜਗਾਉਂਦੇ ਹੋਏ।