ਜਲੰਧਰ, (ਪ੍ਰਿਤਪਾਲ ਸਿੰਘ): ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ, ਜਿਸ ਦਾ 14 ਮਾਰਚ ਨੂੰ ਪਿੰਡ ਮੱਲ੍ਹੀਆਂ ਖੁਰਦ ਤਹਿਸੀਲ ਨਕੋਦਰ ਵਿਖੇ ਕਬੱਡੀ ਟੂਰਨਾਮੈਂਟ ਦੌਰਾਨ ਕਤਲ ਹੋਇਆ ਸੀ, ਦਾ ਮਾਮਲਾ ਦੇਸ਼ ਦੀ ਸੰਸਦ ਤੱਕ ਪਹੁੰਚ ਗਿਆ ਹੈ।
ਮੰਗਲਵਾਰ ਨੂੰ ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਵੱਲੋਂ ਲੋਕ ਸਭਾ ਵਿਚ ਸੰਦੀਪ ਨੰਗਲ ਅੰਬੀਆਂ ਦੇ ਕਤਲ ਦਾ ਮਾਮਲਾ ਚੁੱਕਿਆ ਗਿਆ। ਸੰਸਦ ‘ਚ ਬੋਲਦਿਆਂ ਸੰਤੋਖ ਸਿੰਘ ਚੌਧਰੀ ਨੇ ਕਿਹਾ ਕਿ ਸੰਦੀਪ ਨੰਗਲ ਅੰਬੀਆਂ ਨੇ ਕਬੱਡੀ ਦੀ ਖੇਡ ਰਾਹੀਂ ਪੰਜਾਬ ਤੇ ਦੇਸ਼ ਦਾ ਨਾਮ ਦੁਨੀਆਂ ਭਰ ‘ਚ ਰੋਸ਼ਨ ਕੀਤਾ ਅਤੇ ਕਬੱਡੀ ਦੀ ਪ੍ਰਫੁੱਲਤਾ ਲਈ ਨਿਰੰਤਰ ਯਤਨਸ਼ੀਲ ਸੀ। ਉਸ ਨੂੰ ਜਿਸ ਢੰਗ ਨਾਲ ਜਲੰਧਰ ਨੇੜਲੇ ਪਿੰਡ ਮੱਲ੍ਹੀਆਂ ਖੁਰਦ ‘ਚ ਚੱਲਦੇ ਟੂਰਨਾਮੈਂਟ ਦੌਰਾਨ ਹਮਲਾਵਰਾਂ ਵੱਲੋਂ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ, ਇਹ ਬੇਹੱਦ ਗੰਭੀਰ ਤੇ ਨਿੰਦਣਯੋਗ ਮਾਮਲਾ ਹੈ। ਸੰਸਦ ਮੈਂਬਰ ਨੇ ਕਿਹਾ ਕਿ ਪੁਲਿਸ ਜਾਂਚ ਵਿਚ ਸਾਹਮਣ ਆਇਆ ਹੈ ਕਿ ਸੰਦੀਪ ਦੇ ਕਤਲ ਦੀ ਸਾਜਿਸ਼ ਕੈਨੇਡਾ ਬੈਠੇ ਕੁਝ ਵਿਅਕਤੀਆਂ ਵੱਲੋਂ ਰਚੀ ਗਈ। ਉਨ੍ਹਾਂ ਕਿਹਾ ਕਿ ਇਹ ਅੰਤਰਰਾਸ਼ਟਰੀ ਮਾਮਲਾ ਹੈ। ਉਨ੍ਹਾਂ ਭਾਰਤ ਸਰਕਾਰ ਪਾਸੋਂ ਮੰਗ ਕੀਤੀ ਕਿ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਵਿਦੇਸ਼ ਬੈਠੇ ਦੋਸ਼ੀਆਂ ਨੂੰ ਭਾਰਤ ਲਿਆ ਕੇ ਕਟਹਿਰੇ ‘ਚ ਖੜ੍ਹਾ ਕੀਤਾ ਜਾਵੇ ਤੇ ਇਸ ਹੋਣਹਾਰ ਨੌਜਵਾਨ ਕਬੱਡੀ ਖਿਡਾਰੀ ਦੇ ਕਾਤਲਾਂ ਨੂੰ ਕਾਨੂੰਨ ਅਨੁਸਾਰ ਸਖਤ ਸਜ਼ਾ ਦਿੱਤੀ ਜਾਵੇ।