ਜਲੰਧਰ (ਜਤਿੰਦਰ ਰਾਵਤ)- ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਚੇਅਰਮੈਨ ਰਜਿੰਦਰ ਸਿੰਘ ਪੁਰੇਵਾਲ, ਪ੍ਰਧਾਨ ਜਥੇਦਾਰ ਪਰਮਿੰਦਰਪਾਲ ਸਿੰਘ ਖਾਲਸਾ, ਪੰਥਕ ਆਗੂ ਤੇ ਵਿਦਵਾਨ ਪਾਲ ਸਿੰਘ ਫਰਾਂਸ ਨੇ ਆਖਿਆ ਕਿ ਕੇਂਦਰ ਸਰਕਾਰ ਸ਼੍ਰੋਮਣੀ ਕਮੇਟੀ ਦੇ ਐਕਟ ਦਾ ਸਮੁੱਚਾ ਪ੍ਰਬੰਧ ਪੰਜਾਬ ਸਰਕਾਰ ਦੇ ਹਵਾਲੇ ਕਰੇ। ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਕੇਂਦਰ ਸਰਕਾਰ ਅੱਗੇ ਇਹ ਮਸਲਾ ਚੁੱਕਣ। ਉਨ੍ਹਾਂ ਕਿਹਾ ਕਿ ਇਹ ਪ੍ਰਬੰਧ ਕੇਂਦਰ ਕੋਲ ਹੋਣ ਕਾਰਨ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਦੇਰੀ ਹੋ ਰਹੀ ਹੈ। ਚੋਣਾਂ ਸਮੇਂ ਅਨੁਸਾਰ ਨਾ ਹੋਣ ਕਾਰਨ ਪ੍ਰਬੰਧਾਂ ਵਿਚ ਵਿਗਾੜ ਆ ਰਿਹਾ ਹੈ। ਸੰਵਿਧਾਨ ਦੀ ਉਲੰਘਣਾ ਹੋ ਰਹੀ ਹੈ। ਚੋਣਾਂ ਸੰਵਿਧਾਨ ਅਨੁਸਾਰ ਪੰਜ ਸਾਲਾਂ ਦੇ ਵਕਫੇ ਅਨੁਸਾਰ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਹਿੱਸਾ ਨਾ ਲੈਣ ਤੋਂ ਨਾ ਹੀ ਦਖਲਅੰਦਾਜ਼ੀ ਕਰਨ। ਉਨ੍ਹਾਂ ਕਿਹਾ ਕਿ ਰਾਜਨੀਤਿਕ ਸਿੱਖ ਆਗੂ ਗੁਰੂ ਡੰਮੀ ਡੇਰਿਆਂ ਅੱਗੇ ਝੁਕੇ ਹਨ ਤਾਂ ਸਮੂਹ ਖਾਲਸਾ ਪੰਥ ਨੂੰ ਠੇਸ ਪਹੁੰਚਦੀ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਸਿੱਖ ਜਥੇਬੰਦੀਆਂ, ਪੰਥਕ ਬੁੱਧੀਜੀਵੀ ਹੀ ਇਨ੍ਹਾਂ ਚੋਣਾਂ ਦੇ ਉਮੀਦਵਾਰ ਹੋਣੇ ਚਾਹੀਦੇ ਹਨ। ਸ਼੍ਰੋਮਣੀ ਕਮੇਟੀ ਰਾਜਨੀਤਿਕ ਪਾਰਟੀਆਂ ਅਨੁਸਾਰ ਚੱਲਣ ਦੀ ਥਾਂ ਪੰਥ ਦੀ ਚੜ੍ਹਦੀ ਕਲਾ ਲਈ ਪ੍ਰਚਾਰ ਕਰਨ ਤੇ ਗੁਰੂ ਡੰਮ, ਧਰਮ ਬਦਲੀ, ਨਸ਼ਿਆਂ ਨੂੰ ਰੋਕਣ ਲਈ ਸਿੱਖ ਜਾਗਿ੍ਰਤੀ ਲਹਿਰ ਚਲਾਉਣ। ਇਸ ਮੌਕੇ ਸੰਤੋਖ ਸਿੰਘ ਦਿੱਲੀ ਪੇਂਟ, ਸਰਪ੍ਰਸਤ ਸੁਰਿੰਦਰ ਸਿੰਘ ਗੋਲਡੀ ਸੀਨੀਅਰ ਮੀਤ ਪ੍ਰਧਾਨ, ਪ੍ਰੋ. ਬਲਵਿੰਦਰਪਾਲ ਸਿੰਘ ਸਕੱਤਰ ਜਨਰਲ, ਸੰਦੀਪ ਸਿੰਘ ਚਾਵਲਾ ਜਨਰਲ ਸਕੱਤਰ, ਦਵਿੰਦਰ ਸਿੰਘ ਆਨੰਦ ਸਰਪੰਚ ਗੁਰਮੁੱਖ ਸਿੰਘ, ਕਮਲ ਚਰਨਜੀਤ ਸਿੰਘ ਹੈਪੀ ਜਨਰਲ ਸਕੱਤਰ, ਹਰਭਜਨ ਸਿੰਘ ਬੈਂਸ, ਅਰਿੰਦਰ ਜੀਤ ਸਿੰਘ ਚੱਢਾ ਮੀਤ ਪ੍ਰਧਾਨ, ਸਾਹਿਬ ਸਿੰਘ ਆਰਟਿਸਟ ਮੀਡੀਆ ਸਕੱਤਰ, ਹਰਦੇਵ ਸਿੰਘ ਗਰਚਾ ਮੀਤ ਪ੍ਰਧਾਨ, ਨਵਤੇਜ ਸਿੰਘ ਟਿੰਮੀ ਅਤੇ ਪ੍ਰਧਾਨ ਬਾਵਾ ਸਿੰਘ ਖਰਬੰਦਾ ਮੌਜੂਦ ਸਨ।